ਮੰਡੀ ‘ਚ ਪਹੁੰਚੇ ਵਿਧਾਇਕ ਚੱਢਾ ਨੇ ਕੀਤੀ ਸਕੱਤਰ ਫੂਡ ਸਪਲਾਈ ਨਾਲ ਵਿਸ਼ੇਸ਼ ਗੱਲਬਾਤ

44

ਮੰਡੀ ‘ਚ ਪਹੁੰਚੇ ਵਿਧਾਇਕ ਚੱਢਾ ਨੇ ਕੀਤੀ ਸਕੱਤਰ ਫੂਡ ਸਪਲਾਈ ਨਾਲ ਵਿਸ਼ੇਸ਼ ਗੱਲਬਾਤ

ਬਹਾਦਰਜੀਤ ਸਿੰਘ /ਰੂਪਨਗਰ/ royalpatiala.in News/12 ਅਕਤੂਬਰ,2025

ਹਲਕੇ ਦੀਆਂ ਮੰਡੀਆਂ ਵਿੱਚ ਧਾਨ ਦੀ ਆਮਦ ਦੇ ਮੱਦੇਨਜ਼ਰ ਅੱਜ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਅਨਾਜ ਮੰਡੀ ਰੋਪੜ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੰਡੀ ਅੰਦਰ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਕਿਸਾਨਾਂ ਅਤੇ ਆੜਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿਧਾਇਕ ਚੱਢਾ ਦੇ ਨਾਲ ਮਾਰਕੀਟ ਕਮੇਟੀ ਰੋਪੜ ਦੇ ਚੇਅਰਮੈਨ ਭਾਗ ਸਿੰਘ ਮੈਦਾਨ, ਯੂਥ ਪ੍ਰਧਾਨ ਚੇਤਨ ਕਾਲੀਆ ਅਤੇ ਕਈ ਹੋਰ ਅਧਿਕਾਰੀ ਤੇ ਆੜਤੀ ਹਾਜ਼ਰ ਸਨ। ਵਿਧਾਇਕ ਚੱਢਾ ਵੱਲੋਂ ਮੌਕੇ ਤੇ ਹੀ ਕਈ ਸਮੱਸਿਆਵਾਂ ਦਾ ਹੱਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੀਤਾ ਗਿਆ। ਉਨ੍ਹਾਂ ਵੱਲੋਂ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬੈਠਣ ਲਈ ਬੈਂਚਾਂ ਤੇ ਸਾਫ-ਸੁਥਰੇ ਪਖਾਨੇ ਦੀ ਵਿਵਸਥਾ ਦਾ ਜਾਇਜ਼ਾ ਵੀ ਲਿਆ ਗਿਆ। ਆੜਤੀਆਂ ਵੱਲੋਂ ਲਿਫਟਿੰਗ ਦੀ ਸਮੱਸਿਆ ਬਾਰੇ ਜਾਣੂ ਕਰਵਾਏ ਜਾਣ ‘ਤੇ ਵਿਧਾਇਕ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਦਾ ਜਲਦ ਹੱਲ ਯਕੀਨੀ ਬਣਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਇਸ ਦੌਰਾਨ ਵਿਧਾਇਕ ਚੱਢਾ ਵੱਲੋਂ ਸਕੱਤਰ ਫੂਡ ਸਪਲਾਈ ਸ

ਰਾਹੁਲ ਤਿਵਾਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਨੇ ਮੰਡੀ ਵਿੱਚ ਆ ਰਹੀ ਲਿਫਟਿੰਗ ਦੀ ਸਮੱਸਿਆ, ਆੜਤੀਆਂ ਅਤੇ ਮੰਡੀ ਬੋਰਡ ਦੇ‌ ਵਿਚਕਾਰ ਪੇਸ਼ ਆ ਰਹੇ ਨਮੀ ਪੈਮਾਨਾ ਮੀਟਰ ਵਿੱਚ ਫਰਕ ਅਤੇ ਡਿਸਕਲਰ ਗ੍ਰੇਨ ਨਾਲ ਸੰਬੰਧਤ ਮਸਲਿਆਂ ‘ਤੇ ਚਰਚਾ ਕੀਤੀ। ਵਿਧਾਇਕ ਨੇ ਕਿਹਾ ਕਿ ਨਮੀ ਪੈਮਾਨਾ ਮੀਟਰ ਸਿਰਫ ਮੰਡੀ ਬੋਰਡ ਤਾਂ ਹੀ ਲਾਗੂ ਮੰਨਿਆ ਜਾਵੇਗਾ ਤਾਂ ਜੋ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਰਹੇ ਅਤੇ ਕਿਸੇ ਵੀ ਕਿਸਾਨ ਨੂੰ ਨੁਕਸਾਨ ਨਾ ਹੋਵੇ। ਮੰਡੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਡੀ ਵਿੱਚ ਹੁਣ ਤੱਕ ਲਗਭਗ ਡੇਢ ਲੱਖ ਬੋਰੀਆਂ ਧਾਨ ਦੀ ਆਮਦ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਇੱਕ ਲੱਖ 10 ਹਜ਼ਾਰ ਬੋਰੀਆਂ ਦੀ ਲਿਫਟਿੰਗ ਹੋ ਚੁੱਕੀ ਹੈ। ਵਿਧਾਇਕ ਨੇ ਜ਼ੋਰ ਦਿੰਦੇ ਕਿਹਾ ਕਿ “ਕਿਸਾਨਾਂ ਤੇ ਆੜਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਹਰ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇਗਾ ਤਾਂ ਜੋ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਸਕੇ।”

ਇਸ ਮੌਕੇ ਆੜਤੀ ਸੁਤੰਤਰ ਕੌਸ਼ਲ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਸਰਪੰਚ ਵਿਕਰਾਂਤ ਚੌਧਰੀ, ਬਲਾਕ ਪ੍ਰਧਾਨ ਪਰਮਿੰਦਰ ਬਾਲਾ, ਐਡਵੋਕੇਟ ਗੌਰਵ ਕਪੂਰ, ਮਹਿਲਾ ਵਿੰਗ ਪ੍ਰਧਾਨ ਮੈਡਮ ਨੀਲਮ ਰਾਣੀ, ਵਪਾਰੀ ਆਗੂ ਲਲਿਤ ਡਕਾਲਾ, ਸੰਦੀਪ ਜੋਸ਼ੀ, ਆੜਤੀ ਗੌਰਵ ਕੋਲੀ, ਹੀਰਾ ਤੰਬੜ, ਸੋਨਾ ਤੰਬੜ, ਆਸ਼ੀਸ਼ ਖੰਨਾ ਤੇ ਅੰਕੁਸ਼ ਬਤਰਾ ਸਮੇਤ ਕਈ ਹੋਰ ਹਾਜ਼ਰ ਸਨ।