ਸਰਕਾਰੀ ਕਾਲਜ ਰੂਪਨਗਰ ਵਿੱਚ ਮੇਰਾ ਯੁਵਾ ਭਾਰਤ ਵੱਲੋਂ ਆਯੋਜਿਤ ਏਕਤਾ ਮਾਰਚ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਿਵਖਾਈ ਹਰੀ ਝੰਡੀ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ, 14 ਨਵੰਬਰ,2025
ਮੇਰਾ ਯੁਵਾ ਭਾਰਤ ਦੇ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਸਰਕਾਰੀ ਕਾਲਜ ਰੂਪਨਗਰ ਵੱਲੋਂ “ਇਕ ਭਾਰਤ – ਆਤਮਨਿਰਭਰ ਭਾਰਤ” ਦੇ ਸੰਕਲਪ ’ਤੇ ਆਧਾਰਿਤ ਇੱਕ ਵਿਸ਼ਾਲ ਯੂਨਿਟੀ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।
ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕਾਲਜ ਦੇ ਬਾਹਰ ਹਰੀ ਝੰਡੀ ਦਿਖਾ ਕੇ Unity March ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਭਾਰਤ ਦਾ ਭਵਿੱਖ ਹਨ ਅਤੇ ਦੇਸ਼ ਦੀ ਤਾਕਤ ਉਸ ਦੀ ਏਕਤਾ ਅਤੇ ਆਤਮਨਿਰਭਰਤਾ ਵਿੱਚ ਨਿਹਿਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ “ਨੌਜਵਾਨਾਂ ਨੂੰ ਸਿਰਫ਼ ਸਿੱਖਿਆ ਹੀ ਨਹੀਂ, ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ, ਤਾਂ ਜੋ ‘ਆਤਮਨਿਰਭਰ ਭਾਰਤ’ ਦਾ ਸੁਪਨਾ ਸਾਕਾਰ ਹੋ ਸਕੇ।”
ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਇਕਤਾ ਅਤੇ ਸਦਭਾਵਨਾ ਹੀ ਭਾਰਤ ਦੀ ਸਭ ਤੋਂ ਵੱਡੀ ਤਾਕਤ ਹਨ। ਅੱਜ ਦਾ ਨੌਜਵਾਨ ਜੇ ਆਪਣੇ ਅੰਦਰ ਦੇਸ਼ਭਕਤੀ ਦੀ ਅੱਗ ਜਗਾਏ ਰੱਖੇ ਤਾਂ ਕੋਈ ਵੀ ਚੁਣੌਤੀ ਉਸ ਨੂੰ ਝੁਕਾ ਨਹੀਂ ਸਕਦੀ।” ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਥ ਦੇ ਮਹਾਨ ਸ਼ਹੀਦਾਂ ਅਤੇ ਆਗੂਆਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ।
ਵਿਜੇ ਸਾਂਪਲਾ ਦਾ ਸਵਾਗਤ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਕੀਤਾ ਗਿਆ, ਉਨ੍ਹਾਂ ਦੇ ਨਾਲ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਸਹਿਲ ਵਲੇਚਾ (ਪ੍ਰੋਗਰਾਮ ਅਤੇ ਅਕਾਉਂਟਸ ਅਫਸਰ), ਗੋਬਿੰਦ ਅਧਿਕਾਰੀ, ਅਤੇ ਮੰਡਲ ਰੂਪਨਗਰ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਵਿਸ਼ੇਸ਼ ਤੌਰ ’ਤੇ ਸਾਂਪਲਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਇਸ ਪ੍ਰੋਗਰਾਮ ਵਿੱਚ ਨਿਪੁਨ ਸੋਨੀ, ਗਗਨ ਗੁਪਤਾ, ਜੀਵਤ ਜੈਨ, ਸੰਜੈ ਪ੍ਰਤਾਪ ਜੈਨ, ਅਨਿਲ ਕੁਮਾਰ, ਹਿੰਮਤ ਸਿੰਘ ਗਿਰੀਨ, ਟੋਨੀ ਵਰਮਾ, ਆਦਿਤਿਆ ਤਿਵਾੜੀ, ਪ੍ਰਵੀਨ ਪਿੰਨਾ, ਕੇਹਰ ਸਿੰਘ, ਰਾਜੀਵ ਕ੍ਰਿਪਲਾਨੀ, ਅਭੀਸ਼ੇਕ ਭਾਰਦਵਾਜ, ਸਮੇਤ ਕਈ ਹੋਰ ਪ੍ਰਮੁੱਖ ਵਿਅਕਤੀਆਂ ਹਾਜ਼ਰ ਸਨ।
ਯੂਨਿਟੀ ਮਾਰਚ ਨੇ ਕਾਲਜ ਵਿੱਚ ਸੰਸਕ੍ਰਿਤੀ, ਭਾਸ਼ਾ ਅਤੇ ਪਹਿਚਾਣ ਦੀ ਸੁੰਦਰ ਝਲਕ ਪੇਸ਼ ਕਰਦਿਆਂ “ਇਕ ਭਾਰਤ – ਆਤਮਨਿਰਭਰ ਭਾਰਤ” ਦੇ ਸੱਦੇ ਨੂੰ ਬਖੂਬੀ ਉਭਾਰਿਆ।
ਆਖਿਰ ਵਿੱਚ ਅਜੈਵੀਰ ਸਿੰਘ ਲਾਲਪੁਰਾ ਨੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਬੰਧਕ ਤੰਤ੍ਰ, ਪ੍ਰਿੰਸਿਪਲ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਨਾਲ ਇਹ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ ਹੋਇਆ।









