ਇਤਿਹਾਸਕ ਪਹਿਲ: ਪੰਜਾਬੀ ਯੂਨੀਵਰਸਿਟੀ ’ਚ ਹੋਵੇਗੀ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ: ਜਗਤ ਪੰਜਾਬੀ ਸਭਾ

273

ਇਤਿਹਾਸਕ ਪਹਿਲ: ਪੰਜਾਬੀ ਯੂਨੀਵਰਸਿਟੀ ’ਚ ਹੋਵੇਗੀ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ: ਜਗਤ ਪੰਜਾਬੀ ਸਭਾ

ਪਟਿਆਲਾ, 5 ਦਸੰਬਰ,2025

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ 6 ਤੋਂ 8 ਫਰਵਰੀ 2026 ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਦੁਨੀਆਂ ਭਰ ਤੋਂ ਕੌਮਾਂਤਰੀ ਪੱਧਰ ਦੇ ਪੰਜਾਬੀ ਖਿਡਾਰੀ, ਲੇਖਕ ਤੇ ਹੋਰ ਵਿਦਵਾਨ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਆਯੋਜਨ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਖਰੋੜ ਅਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਲੂਮਨੀ ਡਾ. ਰਾਜਬੰਸ ਸਿੰਘ ਗਿੱਲ ਨੇ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਜੈਬ ਸਿੰਘ ਚੱਠਾ, ਇੰਦਰਜੀਤ ਸਿੰਘ ਖਰੋੜ ਤੇ ਡਾ. ਰਾਜਬੰਸ ਸਿੰਘ ਗਿੱਲ ਨੇ ਦੱਸਿਆ ਕਿ ਦੁਨੀਆਂ ਭਰ ਵਿਚ ਇਹ ਪਹਿਲਾ ਮੌਕਾ ਹੋ ਜਦੋਂ ਕਬੱਡੀ ਖੇਡ ਦੀ ਸ਼ੁਰੂਆਤ ਤੋਂ ਲੈ ਕੇ ਮੌਜੂਦਾ ਹਾਲਾਤਾਂ ਤੱਕ ਚਰਚਾ ਵਾਸਤੇ ਅਜਿਹੀ ਕਾਨਫਰੰਸ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਸੀਂ ਕਬੱਡੀ ਦੇ ਕੌਮਾਂਤਰੀ ਪੰਜਾਬੀ ਖਿਡਾਰੀਆਂ ਦੇ ਸੰਪਰਕ ਵਿਚ ਹਾਂ ਜਿਹਨਾਂ ਨੂੰ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਕਾਨਫਰੰਸ ਦਾ ਮੁੱਖ ਵਿਸ਼ਾ ਹੋਵੇਗਾ ਕਿ ਪੰਜਾਬੀ ਕਬੱਡੀ ਦਾ ਇਤਿਹਾਸ ਕੀ ਹੈ ? ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਕਬੱਡੀ ਦੇ ਵੱਡੇ-ਵੱਡੇ ਮੈਚ ਤਾਂ ਹੋਏ ਹਨ ਪਰ ਕਬੱਡੀ ਦੇ ਇਤਿਹਾਸ ’ਤੇ ਚਰਚਾ ਨਹੀਂ ਹੋਈ। ਉਹਨਾਂ ਕਿਹਾ ਕਿ ਕਬੱਡੀ ਦੀ ਸ਼ੁਰੂਆਤ ਕਿਵੇਂ ਹੋਈ ਇਸ ’ਤੇ ਅਸੀਂ ਚਰਚਾ ਕਰਾਂਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਕਬੱਡੀ ਖਿਡਾਰੀਆਂ ਬਾਰੇ ਚਰਚਾ ਕਰਾਂਗੇ। ਉਹਨਾਂ ਕਿਹਾ ਕਿ ਜਿਹੜੇ ਵੀ ਆਪਣੇ ਸਮੇਂ ਦੇ ਹੀਰੋ ਕਬੱਡੀ ਖਿਡਾਰੀ ਹਨ ਜਿਹੜੇ ਜਿਉਂਦੇ ਹਨ, ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਅਤੇ ਜਿਹੜੇ ਇਸ ਜਹਾਨ ਵਿਚ ਨਹੀਂ ਹਨ, ਉਹਨਾਂ ਦੀ ਤਸਵੀਰ ’ਤੇ ਫੁੱਲ ਚੜ੍ਹਾ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਸੀਂ ਕਬੱੜੀ ਦੇ ਭਵਿੱਖ ਅਤੇ ਕਬੱਡੀ ਦਾ ਕੌਮਾਂਤਰੀਕਰਨ ਕਿਵੇਂ ਹੋਇਆ, ਉਸ ’ਤੇ ਚਰਚਾ ਕਰਾਂਗੇ। ਉਹਨਾਂ ਕਿਹਾ ਕਿ 1954, 56 ਅਤੇ 57 ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਬੱਡੀ ਮੈਚ ਹੋਏ ਪਰ ਸੰਬੰਧ ਠੀਕ ਨਾ ਹੋਣ ਕਾਰਨ ਇਹ ਨਿਰੰਤਰ ਨਹੀਂ ਕਰਵਾਏ ਜਾ ਸਕੇ। ਉਹਨਾਂ ਕਿਹਾ ਕਿ ਇਸੇ ਤਰੀਕੇ ਕਬੱਡੀ ਦੇ ਪ੍ਰੋਮੋਟਰਾਂ ਦੀ ਵੀ ਗੱਲ ਕਰਾਂਗੇ ਜਿਵੇਂ ਕਿ ਦਲੀਪ ਸਿੰਘ ਗਰੇਵਾਲ ਸਭ ਤੋਂ ਪ੍ਰਮੁੱਖ ਰਹੇ ਹਨ। ਇਹਨਾਂ ਪ੍ਰੋਮੋਟਰਾਂ, ਕਮੈਂਟੇਟਰਾਂ ਬਾਰੇ ਵੀ ਗੱਲ ਕਰਾਂਗੇ।

ਉਹਨਾਂ ਦੱਸਿਆ ਕਿ ਕਾਨਫਰੰਸ ਦੌਰਾਨ ਅਸੀਂ ਕਬੱਡੀ ਬਾਰੇ ਲਿਖਣ ਵਾਲੇ ਲੇਖਕ ਬਲਬੀਰ ਸਿੰਘ ਕੰਵਲ ਦੇ ਸੰਪਰਕ ਵਿਚ ਹਾਂ ਜੋ ਇੰਗਲੈਂਡ ਰਹਿੰਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਉਮਰ ਜ਼ਿਆਦਾ ਹੋਣ ਕਾਰਨ ਉਹ ਖੁਦ ਤਾਂ ਨਹੀਂ ਆ ਸਕਣਗੇ ਪਰ ਉਹਨਾਂ ਦੇ ਨੁਮਾਇੰਦੇ ਜ਼ਰੂਰ ਆਉਣਗੇ। ਉਹਨਾਂ ਕਿਹਾ ਕਿ ਇਸੇ ਤਰੀਕੇ ਪ੍ਰਿੰਸੀਪਲ ਸਰਵਣ ਸਿੰਘ, ਰੋਸ਼ਨ ਖੈੜਾ, ਡਾ. ਸੁਖਦਰਸ਼ਨ ਚਹਿਲ ਤੇ ਹੋਰ ਬਹੁਤ ਸਾਰੇ ਲੇਖਕ ਹਨ ਜਿਹਨਾਂ ਨੇ ਇਸ ਬਾਰੇ ਪੀ ਐਚ ਡੀ ਵੀ ਕੀਤੀ ਹੈ।

ਇਤਿਹਾਸਕ ਪਹਿਲ: ਪੰਜਾਬੀ ਯੂਨੀਵਰਸਿਟੀ ’ਚ ਹੋਵੇਗੀ ਪਹਿਲੀ ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ: ਜਗਤ ਪੰਜਾਬੀ ਸਭਾ

ਉਹਨਾਂ ਦੱਸਿਆ ਕਿ ਅਸੀਂ ਇਸ ਬਾਰੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਵਾਂਗੇ।  ਉਹਨਾਂ ਦੱਸਿਆ ਕਿ ਸਾਡਾ ਯਤਨ ਹੈ ਕਿ ਪੰਜਾਬ ਦੇ ਰਾਜਪਾਲ ਇਸ ਕਬੱਡੀ ਕਾਨਫਰੰਸ ਦਾ ਉਦਘਾਟਨ ਕਰਨ। ਉਹਨਾਂ ਕਿਹਾ ਕਿ ਸਾਡਾ ਮਕਸਦ ਕਬੱਡੀ ਬਾਰੇ ਇਕ ਪੁਸਤਕ ਪ੍ਰਕਾਸ਼ਤ ਕਰਨਾ ਹੈ ਜਿਸ ਵਿਚ ਕਬੱਡੀ ਬਾਰੇ ਸਾਰੇ ਨਿਯਮ ਆਦਿ ਸਭ ਕੁਝ ਸ਼ਾਮਲ ਹੋਵੇ ਜੋ ਪੁਸਤਕ ਭਵਿੱਖ ਵਿਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਵੇ।

ਉਹਨਾਂ ਦੱਸਿਆ ਕਿ ਕਾਨਫਰੰਸ ਵਿਚ 35 ਦੇ ਕਰੀਬ ਪੁਰਾਣੇ ਪੰਜਾਬੀ ਕਬੱਡੀ ਖਿਡਾਰੀ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਵੱਖ-ਵੱਖ ਮੁਲਕਾਂ ਤੋਂ ਪਹੁੰਚਣਗੇ। ਉਹਨਾਂ ਕਿਹਾ ਕਿ ਇਸ ਕਾਨਫਰੰਸ ਵਾਸਤੇ ਪੂਰੀ ਤਿਆਰ ਵਿਚ ਹਾਂ ਤੇ ਕੌਮਾਂਤਰੀ ਪੱਧਰ ਦੀ ਇਹ ਕਾਨਫਰੰਸ ਕਰਵਾਈ ਜਾਵੇਗੀ ਜਿਸ ਵਿਚ ਸ਼ਾਮਲ ਹੋਣ ਵਾਲਿਆਂ ਵਾਸਤੇ ਲੋੜੀਂਦਾ ਹਰ ਪ੍ਰਬੰਧ ਕੀਤਾ ਜਾਵੇਗਾ।

ਉਹਨਾਂ ਇਹ ਵੀ ਦੱਸਿਆ ਕਿ ਇਹ ਕਾਨਫਰੰਸ ਸਵੇਰੇ 10.00 ਤੋਂ ਸ਼ਾਮ 5.00 ਵਜੇ ਤੱਕ ਚੱਲੇਗੀ ਜਿਸ ਵਿਚ ਵੱਖ-ਵੱਖ ਸੈਸ਼ਨ ਹੋਣਗੇ।