ਜਿਲ੍ਹਾ ਕਾਂਗਰਸ ਵੱਲੋਂ ਰੂਪਨਗਰ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,21 ਦਸੰਬਰ,2025
ਰੂਪਨਗਰ ਦੀ ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਰਤ ਸਰਕਾਰ ਵੱਲੋਂ ਅੱਧੀ ਰਾਤ ਨੂੰ ਚੁੱਪ ਚੁਪੀਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਮੂਲ ਆਤਮਾ ਨੂੰ ਕੱਢ ਕੇ ਉਸਦੀ ਥਾਂ ਵਿਕਾਸ ਭਾਰਤ–ਰੋਜ਼ਗਾਰ ਅਤੇ ਅਜੀਵਿਕਾ ਮਿਸ਼ਨ (ਵੀ.ਬੀ.-ਜੀ. ਰਾਮ. ਜੀ.) ਬਿੱਲ ਲਿਆਂਦੇ ਜਾਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਿੲਸੇ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਨਵੀਂ ਯੋਜਨਾ ਪੇਂਡੂ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਘਿਨਾਉਣੀ ਧੋਖਾਧੜੀ ਹੈ। ਵੀ.ਬੀ.-ਜੀ. ਰੈਮ. ਜੀ. ਬਿੱਲ ਦੇ ਜ਼ਰੀਏ 100 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੇ ਗਰੀਬ ਮਜ਼ਦੂਰ ਹੋਰ ਕਮਜ਼ੋਰ ਹੋਣਗੇ ਅਤੇ ਰਾਜਾਂ ’ਤੇ ਵਿੱਤੀ ਬੋਝ ਵਧੇਗਾ। ਇਸ ਦੇ ਲਾਗੂ ਹੋਣ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਘਟੇਗੀ ਅਤੇ ਭ੍ਰਿਸ਼ਟਾਚਾਰ ਵਧੇਗਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਦੌਰਾਨ ਮਨਰੇਗਾ ਕਾਨੂੰਨ ਦੇਸ਼ ਦੇ ਆਖ਼ਰੀ ਆਦਮੀ ਲਈ ਇਜ਼ਤ ਨਾਲ ਰੋਜ਼ੀ ਕਮਾਉਣ ਦਾ ਇਕਮਾਤਰ ਸਹਾਰਾ ਸੀ, ਜਿਸਨੂੰ ਮੌਜੂਦਾ ਸਰਕਾਰ ਖੋਹ ਰਹੀ ਹੈ। ਮਨਰੇਗਾ ਨੂੰ ਰੱਦ ਕਰਨਾ ਪੇਂਡੂ ਭਾਰਤ ਦੇ ਵਿਕਾਸ ਨੂੰ ਰੋਕਣ ਦੇ ਬਰਾਬਰ ਹੈ, ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਬਿੱਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਬਦਨਾਮ ਕਰਦਾ ਹੈ, ਪੇਂਡੂ ਭਾਰਤ ਦੇ ਭਰੋਸੇ ਨਾਲ ਧੋਖਾ ਹੈ ਅਤੇ ਭੋਜਨ ਸੁਰੱਖਿਆ ਤੇ ਰੋਜ਼ੀ-ਰੋਟੀ ਨੂੰ ਖ਼ਤਰੇ ਵਿੱਚ ਪਾਂਦਾ ਹੈ। ਇਹ ਕ੍ਰੋਨੀ ਪੂੰਜੀਵਾਦ ਨੂੰ ਉਤਸ਼ਾਹਿਤ ਕਰਦਾ ਅਤੇ ਕਾਰਪੋਰੇਟਾਂ ਦਾ ਪੱਖ ਪੂਰਦਾ ਹੈ।
ਅੰਕੜਿਆਂ ਅਨੁਸਾਰ:
- ਮਨਰੇਗਾ (ਯੂ.ਪੀ.ਏ. ਸਰਕਾਰ): 100 ਦਿਨਾਂ ਦੀ ਰੁਜ਼ਗਾਰ ਗਾਰੰਟੀ, ₹1.43 ਲੱਖ ਕਰੋੜ ਖਰਚ (2013-14)
- ਵੀ.ਬੀ.-ਜੀ. ਰੈਮ. ਜੀ. (ਐਨ.ਡੀ.ਏ. ਸਰਕਾਰ): 125 ਦਿਨਾਂ ਦਾ ਰੁਜ਼ਗਾਰ, ₹60,000 ਕਰੋੜ ਪ੍ਰਸਤਾਵਿਤ (2024-25)
- ਪੇਂਡੂ ਬੇਰੁਜ਼ਗਾਰੀ: 2014 – 4.9%, 2024 – 9.1%
- ਕਿਸਾਨ ਖੁਦਕੁਸ਼ੀਆਂ: 2014 – 12,602, 2022 – 16,431
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਿੱਲ ਭਾਰਤੀ ਇਤਿਹਾਸ ਅਤੇ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਮਿਟਾਉਣ ਲਈ ਆਰ.ਐੱਸ.ਐੱਸ. ਦੀ ਵਿਚਾਰਧਾਰਾ ਦਾ ਹਿੱਸਾ ਹੈ। ਜਿਵੇਂ ਗੋਡਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ, ਉਸੇ ਤਰ੍ਹਾਂ ਇਹ ਸਰਕਾਰ ਆਮ ਆਦਮੀ ਦੀ ਰੋਜ਼ੀ-ਰੋਟੀ ਨੂੰ ਮਾਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਮਹਾਤਮਾ ਗਾਂਧੀ ਦਾ ਸਤਿਕਾਰ ਹੁੰਦਾ ਹੈ—ਦੱਖਣੀ ਅਫਰੀਕਾ, ਅਮਰੀਕਾ ਅਤੇ ਯੂਕੇ ਵਰਗੇ ਦੇਸ਼ਾਂ ਵਿੱਚ ਉਨ੍ਹਾਂ ਦੇ ਅਹਿੰਸਾ ਅਤੇ ਪੇਂਡੂ ਵਿਕਾਸ ਦੇ ਵਿਚਾਰ ਮੰਨੇ ਜਾਂਦੇ ਹਨ। ਪਰ ਇੱਥੇ ਉਨ੍ਹਾਂ ਦੀ ਵਿਰਾਸਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸਨ, ਉਸੇ ਤਰ੍ਹਾਂ ਕਾਂਗਰਸ ਪਾਰਟੀ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਮਿਲ ਕੇ ਇਸ ਬਿੱਲ ਦੇ ਵਿਰੋਧ ਵਿੱਚ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ ਅਤੇ ਕਾਂਗਰਸ ਵਰਕਰ ਪਿੰਡ ਪਿੰਡ ਜਾ ਨਰੇਗਾ ਮਜ਼ਦੂਰ ਨੂੰ ਇਸ ਕਾਨੂੰਨ ਨਾਲ ਉਹਨਾਂ ਤੇ ਪੈਣ ਵਾਲੇ ਪ੍ਰਭਾਵ ਵਾਰੇ ਜਾਣੂ ਕਰਵਾ ਕੇ ਉਹਨਾਂ ਨੂੰ ਲਾਮਬੰਦ ਕਰੇਗੀ ਅਤੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਵਿੰਡੇਗੀ ਅਤੇ ਸਰਕਾਰ ਨੂੰ ਮੁੜ ਇਹਨਾ ਕਾਨੂੰਨਾਂ ਉਤੇ ਵਿਚਾਰ ਕਰਨ ਲਈ ਮਜਬੂਰ ਕਰੇਗੀ ਇਸ ਮੌਕੇ ਰਮੇਸ਼ ਗੋਇਲ , ਲਖਵੰੰਤ ਹੀਰਦਾਪੁਰ, ਕੌਂਸਲਰ ਰਜੇਸ਼ ਕੁਮਾਰ, ਮਿੰਟੂ ਸਰਾਫ ਸਿਟੀ ਪ੍ਰਧਾਨ,ਜਗਮੋਹਨ ਸਰਪੰਚ, ਰਵਨੀਤ ਰਾਣਾ ਕੰਗ,ਅਵਨੀਸ਼ ਮੋਦਗਿਲ,ਹਿਮਾਂਸ਼ੂ ਟੰਡਨ,ਜਸਪਾਲ ਸਿੰਘ ਪਾਲੀ,ਰਾਜਿੰਦਰ ਭੰਵਰਾ, ਆਸਿਫ਼ ਖ਼ਾਨ, ਰਿਸ਼ ਬਾਬੂ,ਸੂਰਜ ਧੀਮਾਨ, ਕਾਲਾ ਪੁਰਖਾਲੀ,ਸੁਰਿੰਦਰ ਰਾਣਾ ਮਕਾਰੀ,ਸੋਨੂੰ ਵੋਹਰਾ, ਹਰਮੀਤ ਸਿੰਘ,ਅਸ਼ੋਕ ਸ਼ਰਮਾ, ਪਰਮਜੀਤ ਸਿੰਘ,ਰਮਨ, ਨਿਖਿਲ, ਨਿਤਿਨ,ਭੁਪਿੰਦਰ ਸਿੰਘ ਰੈਲੋਂ ਇੰਚਾਰਜ ਆਫਿਸ ਆਦਿ ਹਾਜਰ ਸਨ।












