ਗਵਰਨਮੈਂਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਗਾਜ਼
ਪਟਿਆਲਾ / royalpatiala.in News/ 21-02-2026
ਗਵਰਨਮੈਂਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਪ੍ਰੋਫੈਸਰ (ਡਾ.) ਵਨੀਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਰੰਭ ਕੀਤਾ ਗਿਆ। ਮਿਤੀ 20-02-2026 ਤੋਂ 26-02-2026 ਤੱਕ ਦੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਕੋਆਰਡੀਨੇਟਰ ਅਸੀ. ਪ੍ਰੋ. ਗੁਰਦੇਵ ਸਿੰਘ ਅਤੇ ਅਸੀ. ਪ੍ਰੋ. ਮੂਰਤੀ ਕੌਰ ਹਨ।
ਕੈਂਪ ਦੇ ਉਦਘਾਟਨੀ ਸਮਾਰੋਹ ਦਾ ਆਗਾਜ਼ ਕਾਲਜ ਧੁਨੀ ਨਾਲ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋਫੈਸਰ (ਡਾ.) ਵਨੀਤਾ ਰਾਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਵਧਾਈ ਦਿੰਦਿਆਂ ਹੋਏ ਇਸ ਕੈਂਪ ਵਿੱਚ ਲਗਨ ਅਤੇ ਮਿਹਨਤ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਦੇ ਅਧਿਆਪਕ ਹੋਣ ਦੇ ਨਾਤੇ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਧ ਚੜ੍ਹ ਕੇ ਸਮਾਜਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਈਏ।
ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਿੰਸੀਪਲ ਪ੍ਰੋ. (ਡਾ.) ਆਰ. ਕੇ. ਸ਼ਰਮਾ (ਰਿਟਾ.) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰਸੀਪਲ ਪ੍ਰੋ. (ਡਾ.) ਨੀਲਮਜੀਤ ਕੌਰ (ਰਿਟਾ.) ਪ੍ਰਿੰਸੀਪਲ ਗਵਰਨਮੈਂਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਆਰ. ਕੇ. ਸ਼ਰਮਾ ਵੱਲੋਂ ਵਲੰਟੀਅਰਾਂ ਨੂੰ ਐਨ.ਐਸ.ਐਸ. ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਸਿੱਖਿਆ ਦੇ ਵੱਖ-ਵੱਖ ਖੇਤਰਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਜ਼ਰੀਏ ਹੀ ਅਸੀਂ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।

ਡਾ. ਨੀਲਮਜੀਤ ਕੌਰ ਜੀ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਸਮਾਜ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੇ ਵਲੰਟੀਅਰਾਂ ਨੂੰ ਗੋਦ ਲਈਆਂ ਬਸਤੀਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ, ਪਾਣੀ ਦੇ ਸਾਧਨਾਂ ਦੀ ਉਚਿਤ ਵਰਤੋਂ, ਪਲਾਸਟਿਕ ਮੁਕਤੀ ਸੰਬੰਧੀ, ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਅਤੇ ਓਜ਼ੋਨ ਪਰਤ ਦੀ ਸੁਰੱਖਿਆ ਲਈ ਜਾਗਰੂਕ ਕਰਨ ਲਈ ਕਿਹਾ।
ਮੰਚ ਦਾ ਸੰਚਾਲਨ ਅਸੀ. ਪ੍ਰੋ. ਮੂਰਤੀ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਵਲੰਟੀਅਰਾਂ ਨੂੰ ਸੋਸ਼ਲ ਡਿਊਟੀ ਬਾਰੇ ਜਾਗਰੂਕ ਕੀਤਾ ਗਿਆ। ਸ੍ਰੀ ਰੁਪਿੰਦਰ ਸਿੰਘ (ਲਾਇਬ੍ਰੇਰੀਅਨ) ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਕੌਂਸਲ ਮੈਂਬਰਾਂ, ਸਟਾਫ ਅਤੇ ਐਨ.ਐਸ.ਐਸ. ਵਲੰਟੀਅਰਾਂ ਦੀ ਹਾਜ਼ਰੀ ਰਹੀ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।












