ਰਾਣਾ ਕੇਪੀ ਸਿੰਘ ਨੇ ਸੁੱਖੇਮਾਜਰਾ ਗਊਸ਼ਾਲਾ ‘ਚ ਭੁੱਖਮਰੀ ਕਾਰਨ ਗਊਆ ਦੀਆਂ ਮੌਤਾਂ ਦਾ ਮੁੱਦਾ ਚੁੱਕਿਆ, ਪ੍ਰਸ਼ਾਸਨ ਨੂੰ ਅਲਟੀਮੇਟਮ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ, 16 ਮਾਰਚ,2026
ਰੂਪਨਗਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਧੀਨ ਚਲ ਰਹੀ ਸੁੱਖੇਮਾਜਰਾ ਗਊਸ਼ਾਲਾ ‘ਚ ਭੁੱਖਮਰੀ ਕਾਰਨ ਗਊਆਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਪਿਛਲ਼ੇ ਛੇ ਮਹੀਨਿਆਂ ਦੌਰਾਨ ਲੱਗਭੱਗ 125 ਦੇ ਕਰੀਬ ਗਊਆਂ ਦੀ ਮੌਤ ਹੋ ਚੁੱਕੀ ਹੈ।
ਰੂਪਨਗਰ ਵਿੱਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਚਾਰੇ ਦੀ ਘਾਟ ਕਰਾਨ ਲਗਾਤਾਰ ਮਰ ਰਹੀਆਂ ਗਊਆਂ ਨੂੰ ਗਊਸ਼ਾਲਾ ਦੇ ਅੰਦਰ ਹੀ ਟੋਏ ਪੁੱਟ ਕੇ ਦਬਾ ਦਿੱਤਾ ਜਾਂਦਾ ਹੈ ਤਾਂ ਜੋ ਇਸ ਮਾਮਲੇ ‘ਤੇ ਪਰਦਾ ਪਿਆ ਰਹੇ।
ਉਨ੍ਹਾਂ ਦੋਸ਼ ਲਗਾਇਆ ਕਿ ਇਸ ਗਊਸ਼ਾਲਾ ਦਾ ਪ੍ਰਬੰਧਕ ਨੂਰਪੁਰ ਬੇਦੀ ਦਾ ਤਹਿਸੀਲਦਾਰ ਹੈ ਪਰ ਪ੍ਰਬੰਧਕਾਂ ਦੀ ਅਣਗਹਿਲੀ ਅਤੇ ਚਾਰੇ ਦੀ ਘਾਟ ਕਾਰਨ ਇਹ ਗਊਸ਼ਾਲਾ ਗਊਆਂ ਦਾ ਕਬਰਿਸਤਾਨ ਬਣ ਗਈ ਹੈ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ‘ਗਊ ਸੈੱਸ’ ਦੇ ਨਾਂ ‘ਤੇ ਹਰ ਸਾਲ ਕਰੋੜਾਂ ਰੁਪਏ ਫੰਡ ਇਕੱਠਾ ਕਰਦੀ ਹੈ ਪਰ ਇਹ ਫੰਡ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ 3 ਦਿਨਾਂ ‘ਚ ਕੋਈ ਕਾਰਵਾਈ ਨਾ ਕੀਤੀ ਤਾਂ ਡੀਸੀ ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਕਰਾਂਗੇ । ਉਨ੍ਹਾਂ ਕਿਹਾ ਕਿ ਗਊਆਂ ਦੀਆਂ ਮੌਤਾਂ ਅਣਮਨੁੱਖੀ ਕਾਰਾ ਹੈ ।
ਰਾਣਾ ਕੇਪੀ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਪੜਤਾਲ ਕਰਵਾਈ ਜਾਵੇ। ਜਾਂਚ ਤੋਂ ਬਾਅਦ ਗਊਆਂ ਦੀਆਂ ਮੌਤਾਂ ਲਈ ਜਿੰਮੇਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲ਼ਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾਈ, ਨਗਰ ਕੌਸਲ ਸ੍ਰੀ ਕੀਰਤਪੁਰ ਦੇ ਪ੍ਰਧਾਨ ਪਾਲੀ ਸ਼ਾਹ ਕੌੜਾ,ਰਾਣਾ ਵਿਸ਼ਵਪਾਲ ਸਿੰਘ, ਸੀਨੀਅਰ ਕਾਂਗਰਸੀ ਆਗੂ ਹਰਬੰਸ ਮਹਿੰਦਲੀ, ਨਗਰ ਸੁਧਾਰ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਕਾਂਗਰਸੀ ਆਗੂ ਕਮਲ ਦੇਵ ਜੋਸ਼ੀ,ਨਰਿੰਦਰ ਪੁਰੀ ਭਰਤਗੜ, ਪ੍ਰੇਮ ਸਿੰਘ ਬਾਸੋਵਾਲ, ਚੌਧਰੀ ਪਹੂ ਲਾਲ਼,ਨਗਰ ਕੌਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ, ਕਾਂਗਰਸੀ ਆਗੂ ਰਾਜੇਸ਼ਵਰ ਲਾਲ਼ੀ, ਅਮਰਜੀਤ ਸਿੰਘ ਭੁੱਲਰ, ਬਹਾਦਰ ਸਿੰਘ ਝੱਜ, ਸਮਸ਼ੇਰ ਸਿੰਘ ਘਨੌਲੀ, ਰਾਜੇਸ਼ ਕੁਮਾਰ ਕੌਸਲਰ ਰੋਪੜ, ਸੁਰਿੰਦਰ ਸਿੰਘ ਹਰੀਪੁਰ ਸਾਬਕਾ ਪ੍ਰਧਾਨ ਯੂਥ ਕਾਂਗਰਸ, ਅਵਨੀਸ਼ ਸ਼ਰਮਾ, ਰਵਨੀਤ ਰਾਣਾ ਕੰਗ, ਭਜਨ ਸਿੰਘ ਸਾਬਕਾ ਸਰਪੰਚ ਅਤੇ ਜਗਮੋਹਨ ਸਿੰਘ ਆਦਿ ਵੀ ਹਾਜ਼ਰ ਸਨ ।

ਐਂਟਰੀ ਟੈਕਸ ‘ਚ ਕੀਤਾ ਵਾਧਾ ਵਾਪਿਸ ਲਵੇ ਹਿਮਾਚਲ ਪ੍ਰਦੇਸ਼ ਸਰਕਾਰ : ਰਾਣਾ ਕੇਪੀ ਸਿੰਘ
ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਮੰਗ ਕੀਤੀ ਕਿ ਹਿਮਾਚਲ ਪ੍ਰਦੇਸ਼ ਸਰਕਾਰ ਐਂਟਰੀ ਟੈਕਸ ‘ਚ ਕੀਤਾ ਵਾਧਾ ਵਾਪਿਸ ਲਵੇ । ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੁਆਰਾ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਰਾਬਤਾ ਕਰਕੇ ਐਂਟਰੀ ਟੈਕਸ ‘ਚ ਕੀਤਾ ਵਾਧਾ ਵਾਪਿਸ ਲੈਣ ਦਾ ਮਾਮਲਾ ਉਠਾਇਆ ਗਿਆ ਹੈ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਐਂਟਰੀ ਟੈਕਸ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਐਂਟਰੀ ਟੈਕਸ ‘ਚ ਵਾਧੇ ਤੋਂ ਬਾਅਦ ਨਗਰ ਕੌਸਲ ਨੰਗਲ ਦੁਆਰਾ ਵੀ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ‘ਤੇ ਐਂਟਰੀ ਟੈਕਸ ਲਗਾਉਣ ਲਈ ਮਤਾ ਪਾਸ ਕਰਕੇ ਡਾਇਰੈਕਟਰ ਸ਼ਥਾਨਕ ਸਰਕਾਰ ਵਿਭਾਗ ਨੂੰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੁਆਰਾ ਵੀ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ‘ਤੇ ਐਂਟਰੀ ਟੈਕਸ ਲਗਾਉਣ ਲਈ ਮਤਾ ਪਾਸ ਕਰਕੇ ਵਿਭਾਗ ਨੂੰ ਭੇਜਿਆ ਜਾਵੇਗਾ।












