ਵੈਰੀ ਪਟਿਆਲਾ ਵੈਬ ਪੋਰਟਲ ‘ਤੇ ਦਰਜ਼ ਕਰਵਾਇਆ ਜਾ ਸਕਦੇ ਕਿਰਾਏਦਾਰਾਂ ਦਾ ਵੇਰਵਾ
ਪਟਿਆਲਾ, 10 ਫਰਵਰੀ:
ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ‘ਚ ਬਾਹਰੋਂ ਆਕੇ ਰਹਿਣ ਵਾਲੇ ਕਿਰਾਏਦਾਰ, ਕਾਮੇ ਜਾਂ ਘਰੇਲੂ ਨੌਕਰ ਦੀ ਸੂਚਨਾ ਇਕੱਤਰ ਕਰਨ ਲਈ ਵੈਰੀ ਪਟਿਆਲਾ ਪੋਰਟਲ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਇਸ ਵੈਬ ਪੋਰਟਲ ਦਾ ਉਦੇਸ਼ ਆਮ ਨਾਗਰਿਕਾਂ ਨੂੰ ਉਤਸ਼ਾਹਤ ਕਰਨਾ ਹੈ ਕਿ ਉਹ ਆਪਣੇ ਕਿਰਾਏਦਾਰਾਂ, ਨੌਕਰ, ਪੇਇੰਗ ਗੈਸਟਾਂ, ਪੜਾਈ ਲਈ ਬਾਹਰਲੇ ਰਾਜਾਂ ਜਾਂ ਜਿਲ੍ਹਿਆਂ ਤੋਂ ਆਏ ਵਿਦਿਆਰਥੀਆਂ ਜਾ ਫੇਰ ਆਪਣੇ ਕੋਲ ਕੰਮ ਕਰਦੇ ਵਿਅਕਤੀਆਂ ਆਦਿ ਦੀ ਸੂਚਨਾ ਇਸ ਵੈਬ ਸਾਈਟ ‘ਤੇ ਸਾਂਝੀ ਕਰਨ ਤਾਂ ਕਿ ਭਵਿੱਖ ‘ਚ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਅਪਰਾਧੀ ਨੂੰ ਸਹਿਜੇ ਹੀ ਲੱਭਿਆ ਜਾ ਸਕੇ।
ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹੇ ਤੋਂ ਬਾਹਰੀ ਲੋਕਾਂ ਦੀ ਜੋ ਪਟਿਆਲਾ ਜ਼ਿਲ੍ਹੇ ‘ਚ ਰਹਿ ਰਹੇ ਹਨ ਦੀ ਜਾਣਕਾਰੀ ਇਕੱਤਰ ਕਰਨ ਲਈ ਇੱਕ ਵੈਬ ਲਿੰਕ www.veripatiala.com ਤਿਆਰ ਕੀਤਾ ਗਿਆ ਹੈ, ਜਿਸ ਰਾਹੀ ਆਮ ਨਾਗਰਿਕ ਪੜਤਾਲ ਕਰਵਾਉਣ ਲਈ ਸਬੰਧਤ ਦਾ ਨਾਮ, ਫੋਨ ਨੰਬਰ, ਪਛਾਣ ਪੱਤਰ ਆਦਿ ਚੜ੍ਹਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਇਕ ਆਨ-ਲਾਈਨ ਪੋਰਟਲ ਹੈ ਜਿਸਨੂੰ ਚਲਾਉਣਾ ਬਹੁਤ ਹੀ ਆਸਾਨ ਹੈ, ਇਸ ਪੋਰਟਲ ਨਾਲ ਪੁਲਿਸ ਨੂੰ ਅਣਜਾਣ ਵਿਅਕਤੀਆਂ ਦਾ ਰਿਕਾਰਡ ਰੱਖਣ ‘ਚ ਆਸਾਨੀ ਹੋਵੇਗੀ ਅਤੇ ਇਸ ਨਾਲ ਅਪਰਾਧਕ ਗਤੀਵਿਧੀਆਂ ‘ਚ ਸ਼ਾਮਲ ਵਿਅਕਤੀਆਂ ਦੀ ਪਹਿਚਾਣ ਕਰਨ ‘ਚ ਵੀ ਮਦਦ ਮਿਲੇਗੀ।
ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਟਿਆਲਾ ਪੁਲਿਸ ਨੂੰ ਸਹਿਯੋਗ ਦੇਣ ਅਤੇ ਇਸ ਵੈਰੀ ਪਟਿਆਲਾ ਲਿੰਕ ਦੀ ਵਰਤੋਂ ਕਰਕੇ ਆਪਣੇ ਕਿਰਾਏਦਾਰਾ, ਨੌਕਰ ਜਾ ਫੇਰ ਕਿਸੇ ਵੀ ਬਾਹਰੀ ਜ਼ਿਲ੍ਹੇ ਜਾਂ ਸੂਬੇ ਦੇ ਵਿਅਕਤੀ ਦੀ ਸੂਚਨਾ ਜੋ ਪਟਿਆਲਾ ਜ਼ਿਲ੍ਹੇ ‘ਚ ਰਹਿੰਦਾ ਹੋਵੇ ਇਸ ਪੋਰਟਲ ‘ਤੇ ਸਾਂਝੀ ਕਰਨ।