ਨਵਰਾਤਰਿਆਂ ਦੌਰਾਨ ਪਟਿਆਲਾ ਸ਼ਹਿਰ ‘ਚ ਨਿਰਵਿਘਨ ਆਵਾਜਾਈ ਲਈ ਟਰੈਫ਼ਿਕ ਪਲਾਨ ਤਿਆਰ
ਪਟਿਆਲਾ, 25 ਸਤੰਬਰ,2022:
26 ਸਤੰਬਰ ਤੋਂ ਸ਼ੁਰੂ ਹੋ ਰਹੇ ਨਵਰਾਤਰਿਆਂ ਮੌਕੇ ਸ਼ਹਿਰ ਵਿੱਚ ਨਿਰਵਿਘਨ ਆਵਾਜਾਈ ਬਣਾਈ ਰੱਖਣ ਲਈ ਪਟਿਆਲਾ ਪੁਲਿਸ ਵੱਲੋਂ ਸ੍ਰੀ ਕਾਲੀ ਦੇਵੀ ਮੰਦਰ ਨੇੜਲੀਆਂ ਸੜਕਾਂ ਉਤੇ ਸ਼ਰਧਾਲੂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਟਰੈਫ਼ਿਕ ਦੇ ਬਦਲਵੇਂ ਰਸਤੇ ਅਪਨਾਉਣ ਲਈ ਨਵਾਂ ਟਰੈਫ਼ਿਕ ਪਲਾਨ ਬਣਾਇਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ 26 ਸਤੰਬਰ ਤੋਂ 4 ਅਕਤੂਬਰ ਤੱਕ ਮਨਾਏ ਜਾਣ ਵਾਲੇ ਨਵਰਾਤਰਿਆਂ ਦੇ ਤਿਉਹਾਰ ਮੌਕੇ ਫੁਆਰਾ ਚੌਂਕ ਤੋਂ ਭਾਰੇ ਵਾਹਨਾਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਜਦਕਿ ਛੋਟੇ ਵਾਹਨਾਂ ਨੂੰ ਲਾਂਘਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬੱਸ ਸਟੈਂਡ ਪੁਲ ਦੇ ਥੱਲੇ ਤੋਂ ਆਉਣ ਵਾਲੀ ਰੋਡ ਉਤੇ ਵੀ ਬੈਰੀਕੇਟਿੰਗ ਕੀਤੀ ਗਈ ਹੈ, ਤਾਂ ਜੋ ਭਾਰੀ ਵਾਹਨਾਂ ਦਾ ਮੰਦਿਰ ਵਾਲੀ ਸੜਕ ਉਤੇ ਦਾਖਲਾ ਨਾ ਹੋਵੇ ਪਰ ਹਲਕੇ ਵਾਹਨਾਂ ਲਈ ਲਾਂਘਾ ਰੱਖਿਆ ਜਾਵੇਗਾ।
ਕੈਪੀਟਲ ਸਿਨੇਮਾ ਚੌਂਕ ਵਿਖੇ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਾਹਨ ਮੰਦਿਰ ਵਾਲੀ ਸੜਕ ਉਤੇ ਨਾ ਜਾਵੇ ਪਰ ਦੂਜੀ ਸੜਕ ਉਤੇ ਦੋਨੋ ਤਰਫ਼ਾਂ ‘ਤੇ ਆਵਾਜਾਈ ਚਲਾਈ ਜਾਵੇਗੀ। ਆਟੋ ਅਤੇ ਈ ਰਿਕਸ਼ਾ ਨੂੰ ਬਾਰਾਂਦਰੀ ਰਸਤੇ ਰਾਹੀਂ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋੜ ਅਨੁਸਾਰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ।
ਐਸ.ਐਸ.ਪੀ. ਦੀਪਕ ਪਾਰੀਕ ਨੇ ਲੋਕਾਂ ਨੂੰ ਨਵਰਾਤਰਿਆਂ ਦੌਰਾਨ ਟਰੈਫ਼ਿਕ ਪੁਲਿਸ ਵੱਲੋਂ ਕੀਤੇ ਗਏ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਲੋਕ ਟਰੈਫ਼ਿਕ ਪੁਲਿਸ ਨੂੰ ਸਹਿਯੋਗ ਦੇਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।