ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਪੰਜਾਬ ਸਰਕਾਰ ਨੂੰ ਉਚੇਰੀ ਸਿੱਖਿਆ ਬਾਰੇ ਚਾਰ ਸੁਝਾਅ ਦਿੱਤੇ
ਪਟਿਆਲਾ/ ਦਸੰਬਰ 14, 2022
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਹਾਜ਼ਰ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਸੂਬੇ ਦੀ ਉਚੇਰੀ ਸਿੱਖਿਆ ਦੇ ਵਿਕਾਸ ਹਿਤ ਵੱਖ ਵੱਖ ਅਦਾਰਿਆਂ ਤੋਂ ਸੁਝਾਅ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਦੇ ਵਿਸ਼ੇ ਉੱਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।
ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਮੀਟਿੰਗ ਵਿੱਚ ਆਪਣੀ ਗੱਲਬਾਤ ਦੌਰਾਨ ਸੂਬਾ ਸਰਕਾਰ ਨੂੰ ਚਾਰ ਵਿਸ਼ੇਸ਼ ਸੁਝਾਅ ਦਿੱਤੇ ਗਏ।
ਪਹਿਲੇ ਸੁਝਾਅ ਵਿੱਚ ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਵਿੱਚ ਘੱਟ ਨਿਵੇਸ਼ ਨਾਲ ਵੱਡੇ ਲਾਭ ਹੁੰਦੇ ਹਨ।
ਆਪਣੇ ਦੂਜੇ ਸੁਝਾਅ ਵਿਚ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਹ ਚਾਹੀਦਾ ਹੈ ਕਿ ਪੰਜਾਬ ਵਿਚਲੀ ਹਰੇਕ ਯੂਨੀਵਰਸਿਟੀ ਵਿੱਚ ਪੰਜਾਬੀ ਨਾਲ ਸਬੰਧਤ ਵਿਭਾਗ ਹੋਵੇ ਜਿੱਥੇ ਪੰਜਾਬੀ ਦੇ ਵਧਣ-ਫੁੱਲਣ ਸੰਬੰਧੀ ਯੂਨੀਵਰਸਿਟੀ ਪੱਧਰ ਦਾ ਕਾਰਜ ਹੁੰਦਾ ਹੋਵੇ।
ਤੀਜੇ ਸੁਝਾਅ ਵਿਚ ਉਨ੍ਹਾਂ ਵੱਲੋਂ 20 ਕਰੋੜ ਰੁਪਏ ਦਾ ਇਕ ਵਿਸ਼ੇਸ਼ ਫੰਡ ਸਥਾਪਤ ਕਰਨ ਲਈ ਕਿਹਾ ਗਿਆ ਜਿਸ ਨਾਲ ਪੰਜਾਬ ਦੀ ਬੇਹਤਰੀ ਨਾਲ ਜੁੜੇ ਅਕਾਦਮਿਕ ਪ੍ਰੋਜੈਕਟ ਕੀਤੇ ਜਾਣ।
ਪ੍ਰੋ. ਅਰਵਿੰਦ ਦਾ ਚੌਥਾ ਸੁਝਾਅ ਪੰਜਾਬ ਸੂਬੇ ਅੰਦਰਲੇ ਕੇਂਦਰ ਸਰਕਾਰ ਦੇ ਅਕਾਦਮਿਕ ਅਦਾਰਿਆਂ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਸੂਬਾ ਸਰਕਾਰ ਵੱਲੋਂ ਅਜਿਹੇ ਅਦਾਰਿਆਂ ਦੇ ਸਥਾਪਤ ਹੋਣ ਸਮੇਂ ਉਨ੍ਹਾਂ ਨੂੰ ਜ਼ਮੀਨ ਜਾਂ ਹੋਰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹੁੰਦੀਆਂ ਹਨ ਇਸ ਲਈ ਇਸ ਦੇ ਇਵਜ਼ ਵਜੋਂ ਇਹਨਾਂ ਸਾਰੇ ਅਦਾਰਿਆਂ ਲਈ ਪੰਜਾਬ ਨਾਲ ਜੁੜੇ ਵਿਸ਼ਿਆਂ ਮਸਲਿਆਂ ਬਾਰੇ ਖੋਜ ਕਾਰਜ ਲਾਜ਼ਮੀ ਕੀਤਾ ਜਾਵੇ।