ਨਿਗਮ ਯੂਨੀਅਨਾਂ ਨੇ ਪੀ.ਸੀ.ਐਸ ਅਧਿਕਾਰੀਆਂ ਦੀ ਹੜਤਾਲ ਨੂੰ ਦਿੱਤਾ ਸਮਰਥਨ
ਪਟਿਆਲਾ, 10 ਜਨਵਰੀ,2023
ਨਗਰ ਨਿਗਮ ਕਰਮਚਾਰੀ ਦਲ ਪਟਿਆਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ, ਮਿਉਂਸਪਲ ਵਰਕਰ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ, ਸਵੀਪਰ ਯੂਨੀਅਨ ਦੇ ਪ੍ਰਧਾਨ ਸੁਨੀਲ ਬਡਲਾਨ, ਏ-ਟੈਂਕ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਮਣੀ, ਸੀਵਰੇਜ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਸਾਂਝੇ ਤੌਰ ‘ਤੇ ਬੁੱਧਵਾਰ ਨੂੰ ਪੀ.ਸੀ.ਐਸ ਅਤੇ ਆਈ.ਏ.ਐਸ ਅਫਸਰਾਂ ਵਲੋਂ ਸ਼ੁਰੂ ਕੀਤੀ ਹਡ਼ਤਾਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਪੰਜਾਬ ਸਰਕਾਰ ਖਿਲਾਫ ਸ਼ੁਰੂ ਕੀਤੀ ਇਸ ਹੜਤਾਲ ਨੂੰ ਸਮਰਥਨ ਦੇਣ ਦੇ ਐਲਾਨ ਕਰਨ ਮਗਰੋਂ ਉਕਤ ਯੂਨਿਅਨਾਂ ਨੇ ਕਾਰਪੋਰੇਸ਼ਨ ਦਫਤਰ ਵਿੱਚ ਬੁੱਧਵਾਰ ਨੂੰ ਦੋ ਘੰਟੇ ਤੱਕ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਹੜਤਾਲ ਵਿੱਚ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਹ ਸਾਰੀਆਂ ਯੂਨੀਅਨਾਂ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਨਿਗਮ ਦਫ਼ਤਰ ਵਿੱਚ ਹੜਤਾਲ ਜਾਰੀ ਰੱਖਣਗੀਆਂ।
ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਨੂੰ ਵਾਧੂ ਸ਼ਕਤੀਆਂ ਦੇ ਕੇ ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀਆਂ ’ਤੇ ਬਣਾਏ ਨਿਯਮਾਂ ਦੇ ਉਲਟ ਜਾ ਕੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗ਼ਲਤ ਦੱਸਿਆ ਹੈ। ਆਗੂਆਂ ਨੇ ਕਿਹਾ ਕਿ ਬੇਸ਼ੱਕ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਪੰਜਾਬ ਸਰਕਾਰ ਦੀ ਤਰਜੀਹ ਹੈ ਪਰ ਇਸ ਪਹਿਲ ਦੀ ਆੜ ਵਿੱਚ ਕਿਸੇ ਇੱਕ ਵਿਭਾਗ ਨਾਲ ਮਨਮਾਨੀ ਨਹੀਂ ਕੀਤੀ ਜਾ ਸਕਦੀ। ਜੇਕਰ ਕਿਸੇ ਅਧਿਕਾਰੀ ਦਾ ਨਾਂ ਜਾਂਚ ਵਿੱਚ ਆ ਰਿਹਾ ਹੈ ਤਾਂ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਸਰਕਾਰ ਤੋਂ ਲੈਣ ਮਗਰੋਂ ਹੀ ਜਾਂਚ ਵਿੱਚ ਸ਼ਾਮਿਲ ਕੀਤਾ ਜਾਣਾ ਚਾਹਿਦਾ ਸੀ। ਆਈ.ਏ.ਐਸ ਅਧਿਕਾਰੀ ਦੇ ਪਿਤਾ ਦੀ ਮੌਤ ਮਗਰੋਂ ਸ਼ਮਸ਼ਾਨਘਾਟ ਵਿਚੋਂ ਹੀ ਵਿਜਿਲੇਂਸ ਵਲੋਂ ਗਿਰਫਤਾਰ ਕੀਤਾ ਜਾਣਾ ਬੇਹਦ ਸ਼ਰਮਨਾਕ ਹੈ। ਦੂਜੇ ਪਾਸੇ ਆਰ.ਟੀ.ਆਈ ਲੁਧਿਆਣਾ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਸੀ ਪਰ ਇਸ ਆਈ.ਟੀ.ਆਈ ਅਧਿਕਾਰੀ ਦੀ ਗ੍ਰਿਫ਼ਤਾਰੀ ਵਿੱਚ ਵੀ ਵਿਜੀਲੈਂਸ ਨੇ ਕਾਹਲੀ ਨਾਲ ਨਿਯਮਾਂ ਦੀਆਂ ਧੱਜੀਆਂ ਉਡਾਈਆਂ।
ਸਮੂਹ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਵਿਜੀਲੈਂਸ ਉੱਚ ਅਧਿਕਾਰੀਆਂ ‘ਤੇ ਸ਼ਿਕੰਜਾ ਕੱਸ ਰਹੀ ਹੈ, ਉਸੇ ਤਰ੍ਹਾਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਅਤੇ ਇੰਜੀਨੀਅਰਿੰਗ ਬ੍ਰਾਂਚ ‘ਤੇ ਵੀ ਵਿਜੀਲੈਂਸ ਤਿੱਖੀ ਨਜ਼ਰ ਰੱਖ ਰਹੀ ਹੈ। ਕਿਸੇ ਵੀ ਮੁਲਾਜ਼ਮ ਨੂੰ ਜਾਂਚ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਾਂਚ ਦੇ ਨਾਂ ’ਤੇ ਪੱਖਪਾਤ ਕਰਨਾ ਜਾਇਜ਼ ਨਹੀਂ ਹੈ। ਜੇਕਰ ਵਿਕਾਸ ਸਬੰਧੀ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਦੀ ਪੜਤਾਲ ਕਰਨੀ ਜ਼ਰੂਰੀ ਹੈ ਤਾਂ ਇੰਜਨੀਅਰਿੰਗ ਸਟਾਫ਼ ਦੇ ਨਾਲ-ਨਾਲ ਸਬੰਧਤ ਵਾਰਡ ਦੇ ਕੌਂਸਲਰ, ਮੇਅਰ, ਉਸ ਸਮੇਂ ਦੇ ਕਮਿਸ਼ਨਰ, ਉਸ ਸਮੇਂ ਦੇ ਵਿਧਾਇਕ, ਉਸ ਸਮੇਂ ਦੇ ਸੰਯੁਕਤ ਕਮਿਸ਼ਨਰ ਅਤੇ ਹੋਰ ਅਧਿਕਾਰੀ ਵੀ ਜਾੰਚ ਵਿੱਚ ਲਏ ਜਾਣੇ ਚਾਹਿਦੇ ਹਨ। ਕੋਈ ਵੀ ਇੰਜੀਨੀਅਰ ਅਧਿਕਾਰੀ ਆਪਣੇ ਪੱਧਰ ‘ਤੇ ਸ਼ਹਿਰ ਦਾ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾ ਸਕਦਾ ਪਰ ਜਿਨ੍ਹਾਂ ਉੱਚ ਅਧਿਕਾਰੀਆਂ ਜਾਂ ਆਗੂਆਂ ਦੇ ਇਸ਼ਾਰੇ ‘ਤੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ, ਉਨ੍ਹਾਂ ਨੂੰ ਜਾਂਚ ਤੋਂ ਦੂਰ ਰੱਖਣਾ ਕਿੰਝ ਜਾਇਜ਼ ਹੋ ਸਕਦਾ ਹੈ |
ਇਸ ਮੌਕੇ ਨਗਰ ਨਿਗਮ ਸਟਾਫ਼ ਟੀਮ ਦੇ ਜਨਰਲ ਸਕੱਤਰ ਮੁਨੀਸ਼ ਪੁਰੀ, ਕ੍ਰਿਸ਼ਨ ਕੁਮਾਰ, ਭੁਪਿੰਦਰ ਸਿੰਘ, ਮਨੋਜ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਚਾਵਲਾ, ਜਸਵੀਰ ਚੰਢੋਕ, ਜਤਿੰਦਰ ਪ੍ਰਿੰਸ, ਰਾਮ ਕੁਮਾਰ, ਬਲਦੇਵ ਕੁਮਾਰ, ਪ੍ਰੇਮ ਕੁਮਾਰੀ, ਸੁਮਿਤ ਕੁਮਾਰ, ਅਨਿਲ ਕੁਮਾਰ, ਚਰਨਜੀਤ ਸਿੰਘ ਚੰਨੀ, ਰਾਕੇਸ਼ ਕੁਮਾਰ, ਰਿਫਾਕਤ ਅਲੀ, ਜੋਨੀ, ਇੰਜੀਨੀਅਰ ਸ਼ਾਖਾ, ਲੈਂਡ ਬ੍ਰਾਂਚ, ਪ੍ਰਾਪਰਟੀ ਟੈਕਸ ਬ੍ਰਾਂਚ, ਬਿਲਡਿੰਗ ਬ੍ਰਾਂਚ, ਮੇਨ ਬ੍ਰਾਂਚ, ਵਾਟਰ ਸਪਲਾਈ-ਸੀਵਰੇਜ ਬ੍ਰਾਂਚ, ਹੈਲਥ ਬ੍ਰਾਂਚ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।