ਸੀਨੀਅਰ ਪ੍ਰਫੈਸਰ ਨੇ ਦਿੱਤੀ ਵਾਈਸ-ਚਾਂਸਲਰ ਦਫਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ

1643

ਸੀਨੀਅਰ ਪ੍ਰਫੈਸਰ ਨੇ ਦਿੱਤੀ ਵਾਈਸ-ਚਾਂਸਲਰ ਦਫਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ

ਪਟਿਆਲਾ /ਜਨਵਰੀ 18, 2023

ਪੰਜਾਬੀ ਯੂਨੀਵਰਸਿਟੀ ਵਿੱਚ ਬਦਕਲਾਮੀ ਦਾ ਰੁਝਾਨ ਅਕਾਦਮਿਕ ਅਤੇ ਪ੍ਰਸ਼ਾਸਨੀ ਕੰਮਾਂ ਵਿੱਚ ਖ਼ਲਲ ਪਾਉਂਦਾ ਹੈ ਜਿਸ ਦਾ ਮੁਜ਼ਾਹਰਾ ਰੋਜ਼ਮਰ੍ਹਾ ਦੇ ਕੰਮ-ਕਾਰ ਵਿੱਚ ਨਜ਼ਰ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਅਹੁਦੇਦਾਰਾਂ ਦੇ ਵਾਈਸ ਚਾਂਸਲਰ ਨੂੰ ਧਮਕੀਆਂ ਦੇਣ ਅਤੇ ਬਦਕਲਾਮੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸੀਨੀਅਰ ਪ੍ਰੋਫੈਸਰ ਨੇ ਨਾ ਸਿਰਫ਼ ਅਸੱਭਿਅਕ ਬੋਲੀ ਵਿੱਚ ਗੱਲ ਕੀਤੀ ਸਗੋਂ ਉਨ੍ਹਾਂ ਦੇ ਦਫ਼ਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ ਵੀ ਦਿੱਤੀ।

ਉਸ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਨਵਜੋਤ ਕੌਰ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ, ਏ.ਕੇ ਤਿਵਾੜੀ ਹਾਜ਼ਿਰ ਸਨ।

ਤਨਖ਼ਾਹਾਂ ਦੇ ਪਛੜ ਜਾਣ ਕਾਰਨ ਵਾਈਸ ਚਾਂਸਲਰ ਨਾਲ ਗੱਲ ਕਰਨ ਗਏ ਪੂਟਾ ਦੇ ਅਹੁਦੇਦਾਰਾਂ ਨੇ ਸ਼ਿਸ਼ਟਾਚਾਰ ਦਰਕਿਨਾਰ ਕਰਦਿਆਂ ਬਦਕਲਾਮੀ ਕੀਤੀ ਅਤੇ ਵਿਰੋਧ-ਪ੍ਰਦਰਸ਼ਣ ਨੂੰ ਆਪਣਾ ਜਮਹੂਰੀ ਹੱਕ ਕਰਾਰ ਦਿੱਤਾ।

ਸੀਨੀਅਰ ਪ੍ਰਫੈਸਰ ਨੇ ਦਿੱਤੀ ਵਾਈਸ-ਚਾਂਸਲਰ ਦਫਤਰ ਨੂੰ ਜ਼ਿੰਦਾ ਲਗਾਉਣ ਦੀ ਧਮਕੀ-Photo courtesy-Newslaundry

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਣ ਜਮਹੂਰੀ ਹੱਕ ਹੈ ਪਰ ਧਮਕੀਆਂ ਦੇਣਾ ਅਤੇ ਬਦਕਲਾਮੀ ਕਰਨਾ ਕਿਸੇ ਦੇ ਜਮਹੂਰੀ ਹਕੂਕ ਵਿੱਚ ਸ਼ੁਮਾਰ ਨਹੀਂ ਹੈ। ਇਸੇ ਤਰ੍ਹਾਂ ਯੂਨੀਵਰਸਿਟੀ ਦੇ ਅਕਾਦਮਿਕ ਜਾਂ ਪ੍ਰਸ਼ਾਸਨੀ ਕੰਮ ਵਿੱਚ ਵਿਘਨ ਪਾਉਣਾ ਵੀ ਕਿਸੇ ਦਾ ਜਮਹੂਰੀ ਹੱਕ ਨਹੀਂ ਹੈ ਸਗੋਂ ਇਹ ਆਵਾਮੀ ਹਕੂਕ ਦਾ ਉਲੰਘਣ ਹੈ। ਉਨ੍ਹਾਂ ਕਿਹਾ ਕਿ ਅਦਾਰੇ ਦੇ ਕੰਮ-ਕਾਰ ਦੀ ਪ੍ਰਕ੍ਰਿਆ ਦੀ ਬੇਕਦਰੀ ਕਰਦੇ ਹੋਏ ਕੁਝ ਮੁਲਾਜ਼ਮ ਕੰਮ-ਸੱਭਿਆਚਾਰ ਖ਼ਰਾਬ ਕਰਦੇ ਹਨ।

ਪ੍ਰੋ. ਨਵਜੋਤ ਕੌਰ ਦਾ ਕਹਿਣਾ ਹੈ ਕਿ ਬਦਕਲਾਮੀ ਕਰਨਾ ਅਤੇ ਧਮਕੀਆਂ ਦੇਣਾ ਕਿਸੇ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ, “ਯੂਨੀਵਰਸਿਟੀ ਪ੍ਰਸ਼ਾਸਨ ਤਨਖ਼ਾਹਾਂ ਦੇ ਇੰਤਜਾਮ ਲਈ ਬਣਦੀ ਪੈਰਵੀ ਕਰ ਰਿਹਾ ਹੈ ਪਰ ਸਰਕਾਰੀ ਗ੍ਰਾਂਟ ਦੀ ਦੇਰੀ ਕਾਰਨ ਤਨਖ਼ਾਹਾਂ ਵਿੱਚ ਦੇਰੀ ਹੋ ਰਹੀ ਹੈ। ਇਸ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਅਣਗਹਿਲੀ ਨਹੀਂ ਵਰਤੀ। ਜੇ ਇਸ ਤੋਂ ਬਾਅਦ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਅਜਿਹਾ ਵਿਹਾਰ ਕਰਦੇ ਹਨ ਤਾਂ ਇਹ ਸੋਗਵਾਰ ਹੈ ਕਿਉਂਕਿ ਉਹ ਸਮੁੱਚੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ।” ਉਨ੍ਹਾਂ ਕਿਹਾ ਕਿ ਆਮ ਲੋਕ, ਵਿਦਿਆਰਥੀ ਅਤੇ ਹੋਰ ਮੁਲਾਜ਼ਮ ਯੂਨੀਵਰਸਿਟੀ ਦੇ ਅਧਿਆਪਕਾਂ ਤੋਂ ਸਲੀਕੇਦਾਰ ਵਿਹਾਰ ਦੀ ਆਸ ਰੱਖਦੇ ਹਨ।

ਇਹ ਵੇਖਣ ਵਿੱਚ ਆਇਆ ਹੈ ਕਿ ਪੂਟਾ ਇਸ ਮਾਮਲੇ ਉੱਤੇ ਵੱਟਸਅੱਪ ਗ੍ਰੁੱਪਾਂ ਵਿੱਚ ਬੇਬੁਨਿਆਦ ਅਫ਼ਵਾਹਾਂ ਫੈਲਾ ਰਹੀ ਹੈ ਅਤੇ ਇਹ ਅਫ਼ਵਾਹਾਂ ਪੱਤਰਕਾਰਾਂ ਨੂੰ ‘ਭਰੋਸੇਯੋਗ ਸੂਤਰਾਂ ਦੀ ਜਾਣਕਾਰੀ’ ਵਜੋਂ ਭੇਜੀਆਂ ਜਾ ਰਹੀ ਹੈ।