ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਕੀਤਾ ਸਕੂਲ ਮੈਗਜ਼ੀਨ ਦਾ ਆਗਾਜ਼
ਬਹਾਦਰਜੀਤ ਸਿੰਘ / ਰੂਪਨਗਰ, 23 ਫਰਵਰੀ,2023
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿਖੇ ਵਿਦਿਆਰੀਆਂ ਅਤੇ ਸਮੂਹ ਸਟਾਫ ਦੀ ਚੜ੍ਹਦੀ ਕਲਾ ਦੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਸਕੂਲ ਮੈਗਜ਼ੀਨ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਪਿੰਡ ਦੀ ਗ੍ਰਾਮ ਪੰਚਾਇਤ, ਸਕੂਲ ਪ੍ਰਬੰਧਨ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸੰਗਤੀ ਰੂਪ ਵਿੱਚ ਸ਼ਿਰਕਤ ਕੀਤੀ ਗਈ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਆਏ ਹੋਏ ਉੱਚ ਅਧਿਕਾਰੀਆਂ, ਮੁੱਖ ਮਹਿਮਾਨਾਂ, ਸਕੂਲ ਦੇ ਹੈੱਡ ਮੈਡਮ ਯਸ਼ਪ੍ਰੀਤ ਕੌਰ ਅਤੇ ਸਮੂਹ ਸਟਾਫ ਵਲੋਂ ਸਕੂਲ ਮੈਗਜ਼ੀਨ ਰਿਲੀਜ਼ ਕੀਤੀ ਗਈ।
ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ-ਨਵਾਂਸਹਿਰ ਜੋਨ ਵੱਲੋਂ ਲਈ ਜਾਂਦੀ ਨੈਤਿਕ ਅਤੇ ਗੁਰਮਤਿ ਦੀ ਸਿੱਖਿਆ ਦੇ ਇਮਤਿਹਾਨ ਵਿੱਚ ਪੂਰੇ ਜੋਨ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਸ਼ਾਲੂ ਅਤੇ ਹੀਨਾ ਭੱਟੀ ਦੇ ਨਾਲ-ਨਾਲ ਸਟੱਡੀ ਸਰਕਲ ਵਲੋਂ ਪੇਪਰ ਪਾਸ ਕਰਨ ਵਾਲੇ ਹੋਰ 15 ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਿੱਖਿਆ ਸੁਧਾਰ ਟੀਮ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕੇ ਗੁਰਮਤਿ ਦੀ ਪ੍ਰੀਖਿਆ ਪਾਸ ਕਰਨ ਵਾਲੇ ਜਿਆਦਾਤਾਰ ਵਿਦਿਆਰਥੀ ਦੂਜੇ ਰਾਜਾਂ ਤੋਂ ਆਏ ਪ੍ਰਦੇਸ਼ੀਆਂ ਦੇ ਬੱਚੇ ਹਨ ਜੋ ਕਿ ਸਕੂਲ ਲਈ ਇੱਕ ਮਾਣ ਵਾਲੀ ਗੱਲ ਹੈ।
ਇਸ ਤੋਂ ਇਲਾਵਾ ਸਕੂਲ ਦੇ ਹੈੱਡ ਮੈਡਮ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਮੁੱਖ ਅਧਿਕਾਰੀਆਂ,ਮੁੱਖ ਮਹਿਮਾਨਾਂ, ਸਕੂਲ ਮੈਗਜ਼ੀਨ ਦੇ ਲਈ ਦਾਨ ਦੇਣ ਵਾਲੇ ਦਾਨੀ ਸੱਜਣਾਂ ਅਤੇ ਪਾਠੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਅੰਤ ਵਿੱਚ ਸਮੂਹ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਸਿੱਖਿਆ ਸੁਧਾਰ ਟੀਮ ਰੂਪਨਗਰ ਦੇ ਪ੍ਰਭਜੀਤ ਸਿੰਘ, ਸੰਜੀਵ ਕੁਮਾਰ, ਮੁੱਖ ਅਧਿਆਪਕਾ ਯਸਪ੍ਰੀਤ ਕੌਰ, ਜ਼ਿਲਾ ਮੀਡੀਆ ਕੁਆਰਡੀਨੇਟਰ ਮਨਜਿੰਦਰ ਸਿੰਘ ਚੱਕਲ, ਅਧਿਆਪਕ ਇੰਚ: ਸੁਮਨ ਬੇਬੀ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਨਿਹੰਗ, ਸਾਬਕਾ ਹੈੱਡਮਾਸਟਰ ਪਰਮਜੀਤ ਸਿੰਘ, ਸਾਬਕਾ ਮੁੱਖ ਅਧਿਆਪਕ ਮਨਮੋਹਨ ਸਿੰਘ, ਪ੍ਰਿੰਸੀਪਲ ਇੰਚਾਰਜ ਮਾਲੀ ਸਿੰਘ, ਸਾਬਕਾ ਮਿਸਟ੍ਰੈੱਸ ਪੁਸ਼ਪਾ ਦੇਵੀ, ਸਾਬਕਾ ਅਧਿਆਪਕ ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਤੋ ਇਲਾਵਾ ਪਸਵਕ ਕਮੇਟੀ ਦੇ ਚੇਅਰਮੈਨ ਬਲਕਿਸ਼ ਬੇਗਮ ਆਦਿ ਹਾਜ਼ਰ ਸਨ।