ਵਿਧਾਇਕ ਚੱਢਾ ਨੇ ਸੀਵਰੇਜ ਦੇ ਮੁਰੰਮਤ ਦੇ ਕੰਮ ਨੂੰ ਤੇਜੀ ਨਾਲ਼ ਨੇਪਰੇ ਚੜਾਉਣ ਲਈ ਪ੍ਰਬੰਧਾਂ ਦਾ ਜਾਇਜ਼ਾ
ਬਹਾਦਰਜੀਤ ਸਿੰਘ / ਰੂਪਨਗਰ, 19 ਜੂਨ,2023
ਵਿਧਾਇਕ ਦਿਨੇਸ਼ ਚੱਢਾ ਵੱਲੋਂ ਕਾਲਜ ਰੋਡ ਉਤੇ ਖਰਾਬ ਹੋਈ ਸੀਵਰੇਜ ਦੀ ਸਪਲਾਈ ਦੇ ਕੰਮ ਨੂੰ ਤੇਜੀ ਨਾਲ਼ ਨੇਪਰੇ ਚੜਾਉਣ ਲਈ ਅੱਜ ਚਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਐਸ ਡੀ ਐੱਮ ਹਰਬੰਸ ਸਿੰਘ, ਕਾਰਜ ਸਾਧਕ ਅਫਸਰ ਅਮਨਦੀਪ ਸਿੰਘ ਸਮੇਤ ਸੀਵਰੇਜ ਬੋਰਡ ਦੇ ਐਕਸ ਈ ਐਨ ਪੰਕਜ ਜੈਨ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਨੇ ਵਿਧਾਇਕ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਸ਼ਹਿਰ ਵਿੱਚ ਸੀਵਰੇਜ ਦਾ ਕੰਮ 1980 ਦਹਾਕੇ ਵਿੱਚ ਹੋਣ ਕਰਕੇ ਅਤੇ ਹੁਣ ਤੱਕ ਸ਼ਹਿਰ ਦੇ ਸੀਵਰੇਜ ਦਾ ਕੋਈ ਵੀ ਨਕਸ਼ਾ ਉਪਲਬਧ ਨਾ ਹੋਣ ਕਾਰਨ ਮੁਰੰਮਤ ਸਮੇਂ ਭਾਰੀ ਦਿੱਕਤ ਆ ਰਹੀ ਹੈ ਜਿਸ ਦੀ ਡੂੰਘਾਈ ਵੀ 18 ਤੋਂ 20 ਫੁੱਟ ਹੈ।
ਜਿਸ ਉਪਰੰਤ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸੀਵਰੇਜ ਦੀ ਮੁਰੰਮਤ ਦਾ ਕੰਮ ਨੂੰ ਘਟ ਤੋਂ ਘਟ ਸਮੇਂ ਵਿਚ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਗਈ।
ਵਿਧਾਇਕ ਚੱਢਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਪੂਰਾ ਅਮਲਾ ਦਿਨ ਰਾਤ ਮਿਹਨਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਵਲ ਨਿਚਲੇ ਮੁਲਾਜ਼ਮ ਵਰਗ ਤੇ ਨਾ ਛੱਡ ਕੇ ਮੇਰੇ ਵੱਲੋਂ, ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਐਸ.ਡੀ.ਐਮ. ਰੂਪਨਗਰ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇਗਾ।
ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੀਵਰੇਜ ਦੇ ਕੰਮ ਨੂੰ ਯੋਜਨਾਬੱਧ ਤਰੀਕੇ ਨਾਲ ਨਾ ਕੀਤਾ ਹੋਣ ਕਰਕੇ ਹੁਣ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪੈਂਦਾ ਹੈ।
ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੀਵਰੇਜ ਦਾ ਪੁਰਾਣਾ ਨਕਸ਼ਾ ਲੱਭ ਕੇ ਇਸਨੂੰ ਅਪਡੇਟ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਭਵਿੱਖ ਵਿੱਚ ਸ਼ਹਿਰ ਵਾਸੀਆਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਵਿਧਾਇਕ ਚੱਢਾ ਵੱਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸ਼ਹਿਰ ਦੀ ਸੀਵਰੇਜ ਦੇ ਇਸ ਵਿਗੜੇ ਹੋਏ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਮਸਲੇ ਤੋਂ ਨਿਜ਼ਾਕਤ ਦਿਵਾਈ ਜਾਵੇਗੀ।
ਇਸ ਮੌਕੇ ਭਾਗ ਸਿੰਘ ਮਦਾਨ, ਐਡਵੋਕੇਟ ਸਤਨਾਮ ਗਿੱਲ, ਐਡਵੋਕੇਟ ਗੌਰਵ ਕਪੂਰ, ਪਰਮਿੰਦਰ ਸਿੰਘ ਬਾਲਾ, ਸੰਦੀਪ ਜੋਸ਼ੀ, ਯੋਗੇਸ਼ ਕੱਕੜ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।