ਯੂਗਾਂਡਾ, ਸਾਊਥ ਸੂਡਾਨ, ਲਾਓਸ, ਵੀਅਤਨਾਮ, ਈਰਾਨ, ਇਰਾਕ ਆਦਿ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਲਾਈਆਂ ਰੌਣਕਾਂ
ਪਟਿਆਲਾ / 9 ਨਵੰਬਰ, 2023
ਵੱਖ-ਵੱਖ ਦੇਸਾਂ ਤੋਂ ਆ ਕੇ ਪੰਜਾਬੀ ਯੂਨੀਵਰਸਿਟੀ ਵਿਖੇ ਪੜ੍ਹੇ ਰਹੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਂਪਸ ਵਿੱਚ ਸਵਾਗਤ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਡਾਇਰੈਕਟੋਰੇਟ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਦੁਨੀਆਂ ਦੇ 46 ਵੱਖ-ਵੱਖ ਦੇਸਾਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਸਿ਼ਰਕਤ ਕੀਤੀ। ਪ੍ਰੋਗਰਾਮ ਦੌਰਾਨ ਯੂਗਾਂਡਾ, ਸਾਊਥ ਸੂਡਾਨ, ਲਾਓਸ, ਵੀਅਤਨਾਮ, ਈਰਾਨ, ਇਰਾਕ, ਬੰਗਲਾਦੇਸ, ਨੇਪਾਲ, ਅਫ਼ਗਾਨਿਸਤਾਨ, ਸ੍ਰੀ ਲੰਕਾ, ਜੀਬੂਟੀ, ਘਾਨਾ, ਸੋਮਾਲੀਆ, ਸੀਰੀਆ, ਇੰਡੋਨੇਸ਼ੀਆ ਆਦਿ ਵੱਖ-ਵੱਖ ਦੇਸਾਂ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਦੇਸ ਦੇ ਸੱਭਿਆਚਾਰ ਨਾਲ਼ ਸੰਬੰਧਤ ਕਲਾ ਵੰਨਗੀਆਂ ਪੇਸ਼ ਕੀਤੀਆਂ ਜਿਸ ਨਾਲ ਇੱਥੇ ਖ਼ੂਬਸੂਰਤ ਮਾਹੌਲ ਬਣ ਗਿਆ। ਅਫ਼ਗਾਨ ਮੂਲ ਦੀ ਇੱਕ ਵਿਦਿਆਰਥੀ ਵੱਲੋਂ ਗਾਏ ਗਏ ਪੰਜਾਬੀ ਗੀਤ ਨੇ ਸਭ ਨੂੰ ਪ੍ਰਭਾਵਿਤ ਕੀਤਾ।
ਡਾ. ਰਣਜੀਤ ਕੌਰ, ਡੀਨ, ਅੰਤਰਰਾਸ਼ਟਰੀ ਡਾਇਰੈਕਟੋਰੇਟ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ 46 ਵੱਖ-ਵੱਖ ਮੁਲਕਾਂ ਤੋਂ 380 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਵਿੱਚੋਂ 80 ਵਿਦਿਆਰਥੀ, ਜੋ 29 ਵੱਖ-ਵੱਖ ਦੇਸਾਂ ਨਾਲ਼ ਸੰਬੰਧਤ ਹਨ, 2023-24 ਦੇ ਨਵੇਂ ਸੈਸ਼ਨ ਵਿੱਚ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਜਿੱਥੇ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਪੂਰੀ ਦੁਨੀਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਉਚੇਰੀ ਸਿੱਖਿਆ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਆਪਣੀ ਵੰਨ-ਸੁਵੰਨਤਾ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਂਦੀ ਬਲਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਉੱਤੇ ਨਜਿੱਠਿਆ ਜਾਂਦਾ ਹੈ।
ਯੂਨੀਵਰਸਿਟੀ ਦੇ ਵਿੱਤ ਅਫ਼ਸਰ ਪ੍ਰੋ. ਪ੍ਰਮੋਦ ਅੱਗਰਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਦੇ ਪਰਿਵਾਰ ਦਾ ਅਹਿਮ ਹਿੱਸਾ ਹਨ।