ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪੁਸਤਕ ਕੀਤੀ ਲੋਕ ਅਰਪਣ

99

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪੁਸਤਕ ਕੀਤੀ ਲੋਕ ਅਰਪਣ

ਫਤਿਹਗੜ੍ਹ ਸਾਹਿਬ/25 ਨਵੰਬਰ, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਭਾਰਤੀ ਗਿਆਨ ਪ੍ਰਬੰਧ ਸੈਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਜਿਕ ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।

ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀ ਸੇਧ ਅਨੁਸਾਰ ਵਰਲਡ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਗਏ ਭਾਰਤੀ ਗਿਆਨ ਪ੍ਰਬੰਧ ਸੈਲ ਦੁਆਰਾ ਕਰਵਾਇਆ ਅਕਾਦਮਿਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਇਸ-ਚਾਂਸਲਰ, ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਗਿਆਨ ਵਿਗਿਆਨ ਦੇ ਇਸ ਯੁਗ ਵਿੱਚ ਆਪਣੀ ਮੌਲਿਕਤਾ ਨੂੰ ਪਛਾਣੇ ਬਿਨਾਂ ਆਪਣੀ ਵਿਲੱਖਣ ਪਛਾਣ ਅਤੇ ਦਰਸ਼ਨ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ।

ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਸ ਉਪ-ਮਹਾਦੀਪ ਦੀ ਮੌਲਿਕਤਾ ਦੇ ਦਰਸ਼ਨ ਹੁੰਦੇ ਹਨ। ਸਮਾਗਮ ਦੇ ਮੁੱਖ ਵਕਤਾ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ, ਸਮਾਜ ਸ਼ਾਸਤਰ ਵਿਭਾਗ ਨੇ ਦੱਸਿਆ ਕਿ ਧਰਮ ਹਮੇਸ਼ਾ ਹੀ ਮਨੁੱਖ ਨੂੰ ਬਰਾਬਰੀ ਅਤੇ ਸਾਂਝੀਵਾਲਤਾ ਦੀ ਸੇਧ ਦਿੰਦਾ ਹੈ ਜਦਕਿ ਮਨੁੱਖ ਅੰਦਰ ਪਈਆਂ ਪਸ਼ੂ ਬਿਰਤੀਆਂ ਇਸ ਨੂੰ ਦਰਜਿਆਂ ਅਤੇ ਵਰਗਾਂ ਵਿੱਚ ਵੰਡਦੀਆਂ ਹਨ। ਉਹਨਾਂ ਆਖਿਆ ਕਿ ਗੁਰਬਾਣੀ ਵਿੱਚ ਪ੍ਰਾਪਤ ਹੁੰਦਾ ਨਿਰੰਕਾਰ ਅਤੇ ਅਕਾਲ ਦਾ ਸੰਕਲਪ ਮਨੁੱਖ ਨੂੰ ਸਮੇਂ ਅਤੇ ਥਾਂ ਦੀ ਦਰਜਾਬੰਦੀ ਜਾਂ ਵਰਗ ਵੰਡ ਤੋਂ ਮੁਕਤ ਕਰਦਾ ਹੈ।

ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਦਿਆਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਆਖਿਆ ਕਿ ਗੁਰਬਾਣੀ ਆਪਣੇ ਤੋਂ ਪੂਰਬਲੇ ਵਿਸ਼ਵਾਸਾਂ ਜਾਂ ਪਰੰਪਰਾਵਾਂ ਨੂੰ ਰੱਦ ਕਰਨ ਦੀ ਬਜਾਏ ਉਹਨਾਂ ਨੂੰ ਮੂਲ ਆਸ਼ੇ ਨਾਲ ਜੋੜਦਿਆਂ ਸਰਬ ਸਾਂਝੀਵਾਲਤਾ ਅਤੇ ਬਰਾਬਰੀ ਦੀ ਸੇਧ ਦਿੰਦੀ ਹੈ।

ਡਾ ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਸਵਾਗਤੀ ਸ਼ਬਦਾਂ ਵਿੱਚ ਆਖਿਆ ਕਿ ਅੱਜ ਸੰਸਾਰ ਅੰਦਰ ਚੱਲ ਰਹੀ ਜਾਣਕਾਰੀ ਦੀ ਜੰਗ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸਮਾਗਮ ਦੇ ਅਖੀਰ ਵਿੱਚ ਭਾਰਤੀ ਗਿਆਨ ਪ੍ਰਬੰਧ ਸੈਲ ਦੇ ਕਨਵੀਨਰ ਡਾ ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਆਪਣੇ ਵਿਰਸੇ, ਆਪਣੇ ਗਿਆਨ ਪ੍ਰਬੰਧ ਨੂੰ ਪਛਾਣ ਕੇ ਹੀ ਅਸੀਂ ਓਪਰੇ ਸੱਭਿਆਚਾਰਕ ਦਾਬੇ ਤੋਂ ਮੁਕਤ ਹੋ ਸਕਦੇ ਹਾਂ।

ਗੁਰਬਾਣੀ ਦੇ ਸਮਾਜਿਕ-ਸੱਭਿਆਚਾਰਕ ਪਰਿਪੇਖ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪੁਸਤਕ ਕੀਤੀ ਲੋਕ ਅਰਪਣ

ਇਸ ਮੌਕੇ ਡਾ ਹਰਦੇਵ ਸਿੰਘ ਦੀ ਸਾਂਖ ਦਰਸ਼ਨ ਵਿਸ਼ੇ ਤੇ ਪ੍ਰਕਾਸ਼ਿਤ ਕਿਤਾਬ ਲੋਕ ਅਰਪਣ ਕੀਤੀ ਗਈ ਜਿਸ ਬਾਰੇ ਉਹਨਾਂ ਦੱਸਿਆ ਕਿ ਇਹ ਕਿਤਾਬ ਵਿਚ ਸੂਤਰ ਦੇ ਸੰਸਕ੍ਰਿਤ ਤੇ ਗੁਰਮੁਖੀ ਪਾਠ ਦੇ ਨਾਲ ਨਾਲ ਸਰਲ ਅਰਥ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਕਿਤਾਬ ਧਰਮ ਅਧਿਐਨ ਦਰਸ਼ਨ ਅਤੇ ਸਾਹਿਤ ਦੇ ਮਾਸਟਰ ਪ੍ਰੋਗਰਾਮ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦੀ ਸਾਬਤ ਹੋਵੇਗੀ।

ਇਸ ਮੌਕੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਰਾਜਨੀਤੀ ਸ਼ਾਸਤਰ ਵਿਭਾਗ, ਹਰਪ੍ਰੀਤ ਸਿੰਘ, ਮੁਖੀ, ਸੰਗੀਤ ਵਿਭਾਗ, ਡਾ ਪਲਵਿੰਦਰ ਕੌਰ, ਧਰਮ ਅਧਿਐਨ ਵਿਭਾਗ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।