ਗੌ. ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ
ਪਟਿਆਲਾ / royalpatiala.in News/ 08-05-2026
ਗੌ. ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਅਤੇ ਕਾਲਜ ਧੁਨੀ ਨਾਲ ਕੀਤੀ ਗਈ। ਰੁਪਿੰਦਰ ਸਿੰਘ, ਲਾਇਬ੍ਰੇਰੀਅਨ ਵੱਲੋਂ ਕਾਲਜ ਪ੍ਰਿੰਸੀਪਲ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਪ੍ਰਿੰਸੀਪਲ ਡਾ. ਵਨੀਤਾ ਰਾਣੀ ਦੁਆਰਾ ਕਾਲਜ ਦੀ ਸਾਲਾਨਾ ਰਿਪੋਰਟ (2025-26) ਪੜ੍ਹ ਕੇ ਸਟਾਫ਼ ਅਤੇ ਵਿਦਿਆਰਥੀਆਂ ਦੀਆਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ। ਇਸ ਉਪਰੰਤ ਕਾਲਜ ਮੈਗਜ਼ੀਨ “ਐਜੂਕੇਸ਼ਨਲ ਰਿਕਾਰਡ 2025-26” ਰਿਲੀਜ਼ ਕੀਤੀ ਗਈ।
ਕਾਲਜ ਪ੍ਰਿੰਸੀਪਲ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਇੱਕ ਚੰਗੇ ਅਧਿਆਪਕ ਬਣਨ ਲਈ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਮਾਰੋਹ ਦੌਰਾਨ ਕੁੱਲ 263 ਸਰਟੀਫਿਕੇਟ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿੱਚ 207 ਸਰਟੀਫਿਕੇਟ ਲੜਕੀਆਂ ਅਤੇ 56 ਸਰਟੀਫਿਕੇਟ ਲੜਕਿਆਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿੱਚ 08 ਰੋਲ ਆਫ਼ ਆਨਰ, 26 ਕਾਲਜ ਕਲਰ ਅਤੇ 94 ਮੈਰਿਟ ਸਰਟੀਫਿਕੇਟ ਦਿੱਤੇ ਗਏ। ਸੈਸ਼ਨ 2023-25 ਦੇ ਐਮ.ਐਡ ਦੇ 03 ਵਿਦਿਆਰਥੀਆਂ ਅਤੇ ਬੀ.ਐਡ ਸੈਸ਼ਨ 2023-25 ਦੇ 06 ਵਿਦਿਆਰਥੀਆਂ ਨੂੰ ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਗਤੀਵਿਧੀਆਂ ਵਿੱਚ 14 ਵਿਦਿਆਰਥੀਆਂ, ਖੇਡਾਂ ਵਿੱਚ 02 ਅਤੇ ਐਨ.ਐੱਸ.ਐੱਸ ਦੇ 01 ਵਿਦਿਆਰਥੀਆਂ ਨੇ ਕਾਲਜ ਕਲਰ ਹਾਸਿਲ ਕੀਤਾ। ਕਾਲਜ ਦੇ 135 ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੰਸ਼ਸ਼ਾ ਪੱਤਰ ਦਿੱਤੇ ਗਏ।

ਐਮ.ਐਡ ਦੇ ਵਿਦਿਆਰਥੀ ਰੁਖਸ਼ਾਰ, ਹਰਪ੍ਰੀਤ ਕੌਰ, ਵਸੁਧਾ, ਹਰਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਪੱਧਰ ’ਤੇ ਮਈ 2024 ਵਿੱਚ ਹੋਈਆਂ ਪ੍ਰੀਖਿਆਵਾਂ ਵਿੱਚ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ।
ਕਾਲਜ ਪ੍ਰਿੰਸੀਪਲ ਡਾ. ਵਨੀਤਾ ਰਾਣੀ ਵੱਲੋਂ ਦਰਜਾ 4 ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵਿਸ਼ੇਸ਼ ਅਵਸਰ ’ਤੇ ਸਰਟੀਫਿਕੇਟ, ਮੈਡਲ ਅਤੇ ਟਰਾਫ਼ੀਆਂ ਨਾਲ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ।
ਰਜਿਸਟਰਾਰ ਘਰੇਲੂ ਪ੍ਰੀਖਿਆਵਾਂ ਯਸ਼ਪ੍ਰੀਤ ਸਿੰਘ ਵੱਲੋਂ ਕਾਲਜ ਪ੍ਰਿੰਸੀਪਲ, ਮਹਿਮਾਨਾਂ, ਕਾਲਜ ਕੌਂਸਲ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ। ਇਸ ਮੌਕੇ ਕਾਲਜ ਕੌਂਸਲ ਮੈਂਬਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।











