ਡਾ. ਸੀ ਪੀ ਕੰਬੋਜ ਦੀਆਂ ਪੰਜਾਬੀ ਵਿਚ ਲਿਖੀਆਂ ਬਾਲ ਕੰਪਿਊਟਰ ਕੋਸ਼ ਨੂੰ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਜਾਰੀ ਕੀਤਾ
ਪਟਿਆਲਾ/ royalpatiala.in News/ 9 ਫਰਵਰੀ,2026
ਪੰਜਾਬੀ ਯੂਨੀਵਰਸਿਟੀ ਪਟਿਅਲਾ ਵਿਖੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਦੀਆਂ ਮਾਤ-ਭਾਸ਼ਾ ਪੰਜਾਬੀ ਵਿਚ ਲਿਖੀਆਂ 2 ਕੰਪਿਊਟਰ ਪੁਸਤਕਾਂ ਜਾਰੀ ਕੀਤੀਆਂ ਗਈਆਂ।
ਡਾ. ਕੰਬੋਜ ਦੇ ਦੋ ਭਾਗਾਂ ਵਿਚ ਪ੍ਰਕਾਸ਼ਿਤ ਹੋਏ “ਬਾਲ ਕੰਪਿਊਟਰ ਕੋਸ਼” (ਭਾਗ 1 ਅਤੇ 2) ਨੂੰ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ, ਉੱਘੇ ਕੀਟ ਵਿਗਿਆਨੀ ਡਾ. ਮਲਕੀਅਤ ਸਿੰਘ ਅਤੇ ਸਾਈਬਰ ਸੁਰੱਖਿਆ ਮਾਹਿਰ ਡਾ. ਜਸਵੀਰ ਸਿੰਘ ਗਿੱਲ ਨੇ ਜਾਰੀ ਕੀਤਾ।
ਇਸ ਸਮੇਂ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦੇਵਿੰਦਰ ਪਾਲ ਸਿੰਘ, ਜਸਜੀਤ ਸਿੰਘ ਅਤੇ ਨਵਜੋਤ ਸਿੰਘ ਵੀ ਹਾਜ਼ਰ ਸਨ। ਵਾਈਸ-ਚਾਂਸਲਰ ਡਾ. ਸਿੰਘ ਨੇ ਡਾ. ਕੰਬੋਜ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹ ਪੁਸਤਕਾਂ ਬਾਲ ਪਾਠਕਾਂ ਲਈ ਲਾਹੇਵੰਦ ਸਿੱਧ ਹੋਣਗੀਆਂ।

ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਨ੍ਹਾਂ ਕੋਸ਼ਾਂ ਵਿੱਚ ਕੰਪਿਊਟਰ ਸੰਬੰਧੀ ਆਮ ਬੋਲ-ਚਾਲ ਵਾਲੀ ਸੌਖੀ ਭਾਸ਼ਾ ਵਿੱਚ ਜਾਣਕਾਰੀ ਦਿੱਤੀ ਗਈ ਹੈ ਤੇ ਹਰੇਕ ਸ਼ਬਦ ਨਾਲ ਸੰਬੰਧਿਤ ਤਸਵੀਰ ਵੀ ਸ਼ਾਮਲ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਡਾ. ਸੀ ਪੀ ਕੰਬੋਜ ਪੰਜਾਬੀ ਭਾਸ਼ਾ ਵਿੱਚ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖ ਚੁਕੇ ਹਨ ਤੇ ਉਨ੍ਹਾਂ ਦੇ ਹਜ਼ਾਰਾਂ ਲੇਖ ਲੜੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁਕੀਆਂ ਹਨ।











