ਪਵਿੱਤਰ ਤਪ ਅਸਥਾਨ ਨਿਰਮਲ ਡੇਰੇ ਨੂੰ ਜਾਂਦੇ ਰਸਤੇ ਦੀ ਖ਼ਸਤਾਹਾਲੀ ਦੇਖ ਕੇ ਭੜਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ
ਬਹਾਦਰਜੀਤ ਸਿੰਘ /ਪੁਰਖਾਲੀ(ਰੂਪਨਗਰ),31 ਜੁਲਾਈ 2025
ਭਾਜਪਾ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕੇ ਦੇ ਵਿਧਾਇਕ ਉੱਤੇ ਤਿੱਖੇ ਸ਼ਬਦਾਂ ‘ਚ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਦੇ ਨੇੜੇ ਹੋਣ ਦੇ ਬਾਵਜੂਦ ਵੀ ਘਾੜ ਖੇਤਰ ਅਜੇ ਵੀ ਬੁਨਿਆਦੀ ਸੁਵਿਧਾਵਾਂ ਤੋਂ ਵੰਜਿਆ ਹੋਇਆ ਹੈ। ਲਾਲਪੁਰਾ ਅੱਜ ਪਿੰਡ ਹਿਰਦਾਪੁਰ ਖੇੜੀ, ਚੰਗਰ ਖੇਤਰ ਵਿਖੇ ਸਥਿਤ ਨਿਰਮਲ ਡੇਰਾ, ਤਪ ਅਸਥਾਨ ਬਾਬਾ ਖੁਦਾ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ‘ਚ ਮੱਥਾ ਟੇਕਣ ਪਹੁੰਚੇ।
ਉਨ੍ਹਾਂ ਕਿਹਾ ਕਿ ਇਹ ਧਰਤੀ ਆਸਥਾ ਦਾ ਕੇਂਦਰ ਹੈ, ਪਰ ਦੁੱਖ ਦੀ ਗੱਲ ਹੈ ਕਿ ਇਥੇ ਆਉਣ ਵਾਲੇ ਰਸਤੇ ਬਹੁਤ ਹੀ ਮਾੜੀ ਹਾਲਤ ‘ਚ ਹਨ। ਉਨ੍ਹਾਂ ਆਖਿਆ, “ਹਰ ਸਾਲ ਇਥੇ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ, ਪਰ ਮੀਂਹ ਦੇ ਮੌਸਮ ‘ਚ ਇਨ੍ਹਾਂ ਰਸਤਿਆਂ ‘ਚ ਪਾਣੀ ਆਉਣ ਦੀ ਸੰਭਾਵਨਾ ਪੈ ਜਾਂਦੀ ਹੈ। ਲੋਕਾਂ ਨੇ ਆਪਣੇ ਪੈਸੇ ਇਕੱਠੇ ਕਰਕੇ ਅਸਥਾਈ ਪੁਲ ਬਣਾਇਆ, ਪਰ ਕੀ ਇਹ ਕੰਮ ਸਰਕਾਰ ਦਾ ਨਹੀਂ? ਕੀ ਲੋਕਾਂ ਨੂੰ ਹੀ ਸਰਕਾਰੀ ਜ਼ਿੰਮੇਵਾਰੀ ਨਿਭਾਉਣੀ ਪਏਗੀ?”
ਲਾਲਪੁਰਾ ਨੇ ਹਲਕਾ ਵਿਧਾਇਕ ਉਤੇ ਸਵਾਲ ਚੁੱਕਦਿਆਂ ਆਖਿਆ ਕਿ ਕੀ ਕਦੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਲਾਕੇ ਦੀ ਹਾਲਤ ਬਾਰੇ ਦੱਸਿਆ? ਜੇ ਦੱਸਿਆ ਤਾਂ ਉਸ ਦੀ ਚਿੱਠੀ ਲੋਕਾਂ ਸਾਹਮਣੇ ਲਿਆਉਣ।
ਉਨ੍ਹਾਂ ਕਿਹਾ ਕਿ ਰੂਪਨਗਰ ਦਾ ਨਾਂ ਤਾਂ ਸੁੰਦਰ ਹੈ, ਪਰ ਹਕੀਕਤ ‘ਚ ਇਲਾਕਾ ਬਦਸੂਰਤ ਬਣ ਚੁੱਕਾ ਹੈ। “ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਦੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਹਰ ਰੋਜ਼ ਜਮੀਨੀ ਹਕੀਕਤ ਦਿਖਾ ਰਿਹਾ ਹਾਂ।” ਲਾਲਪੁਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਾਕਾਮ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ, “ਮਾਨ ਸਾਹਿਬ, ਲੋਕਾਂ ਨੇ ਤੁਹਾਡੀ ਠੋਸ ਗੱਲਾਂ ਤੇ ਭਰੋਸਾ ਕਰਕੇ ਵੋਟਾਂ ਪਾਈਆਂ ਸਨ, ਇਨ੍ਹਾਂ ਵਿਧਾਇਕਾਂ ਲਈ ਨਹੀਂ। ਪਰ ਤੁਸੀਂ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਹੁਣ ਲੋਕ ਤੁਹਾਨੂੰ ਅਤੇ ਤੁਹਾਡੇ ਵਿਧਾਇਕਾਂ ਨੂੰ ਪਿੰਡਾਂ ‘ਚ ਦਾਖ਼ਲ ਹੋਣ ਨਹੀਂ ਦੇਣਗੇ।”
ਇਸ ਮੌਕੇ ਉਨ੍ਹਾਂ ਦੇ ਨਾਲ ਹੇਤ ਰਾਮ ਜੀ ਬਰਦਾਰ, ਜਗਮਨਦੀਪ ਸਿੰਘ ਪੜ੍ਹੀ, ਸੌਰਵ ਬੰਸਲ ਅਤੇ ਪਿੰਡ ਵਾਸੀਆਂ ਦੀ ਭਾਰੀ ਹਾਜ਼ਰੀ ਸੀ। ਸਾਰਿਆਂ ਨੇ ਇਲਾਕੇ ਦੀ ਤਰਸਯੋਗ ਹਾਲਤ ‘ਤੇ ਰੋਸ ਜਤਾਇਆ ਅਤੇ ਤੁਰੰਤ ਸੁਧਾਰ ਦੀ ਮੰਗ ਕੀਤੀ। ਲਾਲਪੁਰਾ ਨੇ ਆਖਿਆ, “ਇਹ ਕੋਈ ਰਾਜਨੀਤਿਕ ਮੰਚ ਨਹੀਂ, ਇਹ ਲੋਕਾਂ ਦੀ ਤਕਲੀਫ਼ਾਂ ਦੀ ਆਵਾਜ਼ ਹੈ। ਸਰਕਾਰ ਨੂੰ ਤੁਰੰਤ ਕਾਰਵਾਈ ਕਰਦਿਆਂ ਘਾੜ ਖੇਤਰ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ, ਨਹੀਂ ਤਾਂ ਲੋਕ 2027 ‘ਚ ਜਵਾਬ ਦੇਣ ਲਈ ਤਿਆਰ ਬੈਠੇ ਹਨ।”