ਭਾਜਪਾ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਮਾਨ ਸਰਕਾਰ ਦਾ ਫੂਕਿਆ ਪੁਤਲਾ
ਬਹਾਦਰਜੀਤ ਸਿੰਘ /ਰੂਪਨਗਰ, 22 ਅਗਸਤ,2025
ਰੂਪਨਗਰ ‘ਚ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਡੀਸੀ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਧਰਨਾ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਲੈ ਕੇ ਲਗਾਏ ਗਏ ਵਿਸ਼ੇਸ਼ ਸਹਾਇਤਾ ਕੈਂਪਾਂ ‘ਤੇ ਪੰਜਾਬ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਦੇ ਵਿਰੋਧ ‘ਚ ਆਯੋਜਿਤ ਕੀਤਾ ਗਿਆ ਸੀ। ਧਰਨਾ ਦੌਰਾਨ ਭਾਜਪਾ ਵਰਕਰਾਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਅਤੇ ਧੱਕਾ-ਮੁੱਕੀ ਹੋਈ। ਹਾਲਾਤ ਕਾਬੂ ਕਰਨ ਲਈ ਪੁਲਿਸ ਨੇ ਅਜੈਵੀਰ ਸਿੰਘ ਲਾਲਪੁਰਾ, ਜ਼ਿਲ੍ਹਾ ਯੂਥ ਪ੍ਰਧਾਨ ਅਮਨ ਕਾਬੜਵਾਲ, ਰਮਨ ਜਿੰਦਲ, ਗਗਨ ਗੁਪਤਾ ਸਮੇਤ ਕਈ ਹੋਰ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ਸਿਟੀ ਪੁਲਿਸ ਸਟੇਸ਼ਨ ਭੇਜ ਦਿੱਤਾ। ਪੁਲਿਸ ਵੱਲੋਂ ਰਸਮੀ ਪੁੱਛਗਿੱਛ ਤੋਂ ਬਾਅਦ ਸਭ ਨੂੰ ਰਿਹਾਅ ਕਰ ਦਿੱਤਾ ਗਿਆ। ਭਾਜਪਾ ਆਗੂਆਂ ਨੇ ਇਸ ਕਾਰਵਾਈ ਨੂੰ ਲੋਕਤਾਂਤਰਿਕ ਅਧਿਕਾਰਾਂ ‘ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੇਂਦਰ ਦੀਆਂ ਗਰੀਬ-ਹਿਤੈਸ਼ੀ ਯੋਜਨਾਵਾਂ ਨੂੰ ਰੋਕ ਕੇ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਸਰਕਾਰ ਨੇ ਗਰੀਬਾਂ, ਕਿਸਾਨਾਂ, ਬਜ਼ੁਰਗਾਂ ਅਤੇ ਦਲਿਤ ਭਾਈਚਾਰੇ ਨੂੰ ਕੇਂਦਰੀ ਯੋਜਨਾਵਾਂ ਦੇ ਲਾਭ ਤੋਂ ਵੰਚਿਤ ਕਰਨ ਦਾ ਸਾਜ਼ਿਸ਼ੀ ਖੇਡ ਰਚਿਆ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਸਪੱਸ਼ਟ ਕਿਹਾ ਕਿ ਜੇਕਰ ਇਨ੍ਹਾਂ ਕੈਂਪਾਂ ਨੂੰ ਜ਼ਬਰਦਸਤੀ ਰੋਕਿਆ ਗਿਆ ਅਤੇ ਭਾਜਪਾ ਵਰਕਰਾਂ ਨੂੰ ਡਰਾਉਣ-ਧਮਕਾਉਣ ਦਾ ਸਿਲਸਿਲਾ ਜਾਰੀ ਰਿਹਾ, ਤਾਂ ਪੂਰੇ ਪੰਜਾਬ ਵਿਚ ਹੋਰ ਵੱਡੇ ਪੱਧਰ ‘ਤੇ ਅੰਦੋਲਨ ਛੇੜਿਆ ਜਾਵੇਗਾ।
“ਭਗਵੰਤ ਮਾਨ ਸਰਕਾਰ ਕੇਂਦਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਰੋਕ ਰਹੀ ਹੈ, ਗਰੀਬਾਂ ਦੇ ਹੱਕ ਖੋਹੇ ਜਾ ਰਹੇ ਹਨ”
ਧਰਨਾ ਦੌਰਾਨ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪ ਕਿਸੇ ਵੀ ਰਾਜਨੀਤਿਕ ਮਕਸਦ ਲਈ ਨਹੀਂ ਸਗੋਂ ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਬਜ਼ੁਰਗਾਂ ਅਤੇ ਦਲਿਤਾਂ ਤੱਕ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੇ ਲਾਭ ਪਹੁੰਚਾਉਣ ਲਈ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਆਯੂਸ਼ਮਾਨ ਭਾਰਤ ਹੈਲਥ ਕਾਰਡ, ਬਜ਼ੁਰਗ ਪੈਨਸ਼ਨ, ਕਿਸਾਨਾਂ ਲਈ ਵਿਸ਼ੇਸ਼ ਯੋਜਨਾਵਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹੋਰ ਕੇਂਦਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਲੋੜਵੰਦਾਂ ਦੇ ਕਾਰਡ ਤਿਆਰ ਕੀਤੇ ਜਾਂਦੇ ਹਨ।
ਲਾਲਪੁਰਾ ਨੇ ਸਵਾਲ ਉਠਾਇਆ:
“ਜੇ ਸਾਡੇ ਕੈਂਪ ਗੈਰਕਾਨੂੰਨੀ ਹਨ, ਤਾਂ ਰੂਪਨਗਰ ਦੇ ਵਿਧਾਇਕ ਵੱਲੋਂ ਲਗਾਏ ਕੈਂਪਾਂ ਦੀ ਇਜਾਜ਼ਤ ਕਿੱਥੋਂ ਲਈ ਗਈ ਸੀ? ਉੱਥੇ ਵੀ ਤਾਂ ਇਹੋ ਕਾਰਡ ਬਣਾਏ ਜਾਂਦੇ ਹਨ। ਜੇ ਅਸੀਂ ਗਲਤ ਹਾਂ ਤਾਂ ਵਿਧਾਇਕ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।”
ਭਾਜਪਾ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਕੀਰਤੀ ਬਿਹਾਰ ਨੇੜੇ ਸ਼੍ਰੀਕ੍ਰਿਸ਼ਨ ਮੰਦਰ ਕੋਲ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਦੇਖਰੇਖ ਹੇਠ ਲੱਗੇ ਵਿਸ਼ੇਸ਼ ਸਹਾਇਤਾ ਕੈਂਪ ਨੂੰ ਪੰਜਾਬ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਜ਼ਬਰਦਸਤੀ ਬੰਦ ਕਰਵਾ ਦਿੱਤਾ ਗਿਆ ਅਤੇ ਭਾਜਪਾ ਵਰਕਰਾਂ ਨਾਲ ਬਦਸਲੂਕੀ ਵੀ ਕੀਤੀ ਗਈ।
ਅਮਨ ਕਾਬੜਵਾਲ, ਰਮਨ ਜਿੰਦਲ ਅਤੇ ਗਗਨ ਗੁਪਤਾ ਸਮੇਤ ਭਾਜਪਾ ਆਗੂਆਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਭਾਜਪਾ ਦੀ ਨਹੀਂ ਹੈ, ਸਗੋਂ ਪੰਜਾਬ ਦੀ ਆਮ ਜਨਤਾ ਦੀ ਆਵਾਜ਼ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਰੋਕ ਕੇ ਗਰੀਬ, ਕਿਸਾਨ, ਮਜ਼ਦੂਰ ਅਤੇ ਦਲਿਤ ਭਾਈਚਾਰੇ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ।
ਧਰਨਾ ਦੌਰਾਨ ਮਾਹੌਲ ਤਪਿਆ ਹੋਇਆ ਸੀ। ਭਾਜਪਾ ਵਰਕਰ ਡੀਸੀ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਸਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਜਪਾ ਵਰਕਰ ਹਟਣ ਲਈ ਤਿਆਰ ਨਹੀਂ ਸਨ। ਆਖ਼ਰਕਾਰ ਪੁਲਿਸ ਨੇ ਅਜੈਵੀਰ ਸਿੰਘ ਲਾਲਪੁਰਾ ਸਮੇਤ ਕਈ ਨੇਤਾਵਾਂ ਨੂੰ ਬਲਪੂਰਵਕ ਹਿਰਾਸਤ ਵਿਚ ਲਿਆ। ਕੁਝ ਸਮੇਂ ਬਾਅਦ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਲਾਲਪੁਰਾ ਨੇ ਸਪਸ਼ਟ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਜਨਤਾ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਉਸਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ, “ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਰੋਕ ਕੇ ਪੰਜਾਬ ਸਰਕਾਰ ਗਰੀਬਾਂ, ਕਿਸਾਨਾਂ ਅਤੇ ਦਲਿਤ ਭਾਈਚਾਰੇ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਸਿਸੋਦੀਆ ਨੂੰ ਲਲਕਾਰਿਆ ਕਿ ਤੇਰਾ ਸਾਮ ਦਾਮ ਦੰਡ ਭੇਦ ਪੰਜਾਬੀ ਜ਼ਰਨ ਵਾਲੇ ਨਹੀਂ ਤੇ ਤੈਨੂੰ ਪੁੱਠੇ ਪੈਰੀ ਪੰਜਾਬ ਨੂੰ ਭਜਾ ਦੇਣਗੇ। ਭਾਜਪਾ ਇਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਹਰ ਜ਼ਿਲ੍ਹੇ ‘ਚ ਮਾਨ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।”
ਧਰਨਾ ਖ਼ਤਮ ਹੋਣ ਤੋਂ ਬਾਅਦ ਭਾਜਪਾ ਆਗੂਆਂ ਨੇ ਐਲਾਨ ਕੀਤਾ ਕਿ ਜੇ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਵਿੱਚ ਰੁਕਾਵਟਾਂ ਪਾਈਆਂ ਗਈਆਂ, ਤਾਂ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਰਾਜਪੱਧਰੀ ਵਿਰੋਧ ਪ੍ਰਦਰਸ਼ਨ ਕਰੇਗੀ।
ਇਸ ਮੌਕੇ ਤੇ ਰਮਨ ਜਿੰਦਲ, ਜਗਦੀਸ਼ ਚੰਦਰ ਕਾਜਲਾ, ਡਾ. ਜੀਵਨ ਕੁਮਾਰ, ਨਿਪੁਣ ਸੋਨੀ, ਮੋਨਿਕਾ ਸ਼ਰਮਾ, ਰੌਸ਼ਨ ਲਾਲ ਟੇਢੇਵਾਲ, ਇੰਦਰਪਾਲ ਸਿੰਘ, ਹਿੰਮਤ ਸਿੰਘ ਗਿਰਨ, ਅਮਨਪ੍ਰੀਤ ਕੌਰ ਰਾਏ, ਪਮਰਜੀਤ ਸਿੰਘ ਰੋਲੂਮਾਜਰਾ, ਕ੍ਰਿਸ਼ਨ ਕੁਮਾਰ ਅਤਰੀ, ਜਗਮਨਦੀਪ ਸਿੰਘ ਪੜੀ, ਗਗਨ ਗੁਪਤਾ, ਜਤਿੰਦਰ ਕੌਰ, ਬਾਲ ਕ੍ਰਿਸ਼ਨ ਕੁੱਕੂ, ਕੁਲਜਿੰਦਰ ਸਿੰਘ ਲਾਲਪੁਰ, ਸੌਰਭ ਬਾਂਸਲ, ਜਸਪਾਲ ਚੌਧਰੀ, ਰਾਕੇਸ਼ ਚੋਪੜਾ, ਪੰਮੀ ਸਦਾਵਰਤ, ਪ੍ਰਿੰਸ ਰਾਣਾ ਰੂਪਨਗਰ, ਨਵੀਨ ਕੁਮਾਰ, ਟੋਨੀ ਵਰਮਾ, ਆਸ਼ੂ ਗੁਪਤਾ ਕੁਰਾਲੀ, ਹਰਜੀਤ ਸਿੰਘ, ਸੁ੍ਰਮੁਖ ਸਿੰਘ, ਪਰਮਿੰਦਰ ਸਿੰਘ, ਰਾਮਪਾਲ, ਗੁਰਮੁਖ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਨਿਰੰਜਨ ਸਿੰਘ ਭੱਟੋਂ, ਸਤਨਾਮ ਸਿੰਘ ਜੀਤਾ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦੂ, ਹਜ਼ਾਰੀ ਲਾਲ, ਅਵਨੀਤ ਚੌਧਰੀ, ਪ੍ਰਿੰਸ ਕੌਸ਼ਿਕ, ਜਤਿੰਦਰ ਸਿੰਘ ਰਾਵਣ, ਸੁਰਿੰਦਰਪਾਲ ਸੇਠੀ ਆਦਿ ਸਮੇਤ ਸੈਂਕੜੇ ਵਰਕਰ, ਅਹੁਦੇਦਾਰ ਅਤੇ ਭਾਜਪਾ ਸਮਰਥਕ ਮੌਜੂਦ ਸਨ।