ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਬਾਲ ਭਿੱਖਿਆ ਵਿਰੋਧੀ ਛਾਪੇਮਾਰੀ ਕੀਤੀ, 4 ਬੱਚਿਆਂ ਨੂੰ ਬਚਾਇਆ
ਬਹਾਦਰਜੀਤ ਸਿੰਘ /ਰੂਪਨਗਰ, 23 ਜੁਲਾਈ,2025
ਪੰਜਾਬ ਸਰਕਾਰ ਵੱਲੋਂ ਬਾਲ ਭਿੱਖਿਆ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਜੀਵਨਜਯੋਤ ਮੁਹਿੰਮ 2.0 ਤਹਿਤ ਤੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ ਲਗਾਤਾਰ ਰੇਡਜ਼ ਕੀਤੀਆ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੂਪਨਗਰ ਰਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਵੱਖ-ਵੱਖ ਥਾਵਾਂ ਜਿਵੇਂ ਕਿ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਤੇ ਰੇਡ ਕੀਤੀ ਗਈ, ਇਸ ਦੌਰਾਨ 4 ਬੱਚੇ ਰੈਸਕਿਉ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦੀ ਟੀਮ ਵੱਲੋਂ ਨੇੜੇ ਬੱਸ ਸਟੈਂਡ ਸ਼੍ਰੀ ਅਨੰਦੁਪਰ ਸਾਹਿਬ ਤੋਂ 2 ਬੱਚੇ ਬਾਲ ਭਿੱਖਿਆ ਕਰਦੇ ਰੈਸਕਿਊ ਕੀਤੇ ਗਏ, ਇਹ ਦੋਵੇਂ ਬੱਚੇ ਸਦਾਬਰਤ ਏਰੀਆ ਰੂਪਨਗਰ ਦੇ ਰਹਿਣ ਵਾਲੇ ਹਨ। ਜਿਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਰੂਪਨਗਰ ਅੱਗੇ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਬੱਚਿਆਂ ਅਤੇ ਮਾਪਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਬੱਚਿਆਂ ਨੂੰ ਬਾਲ ਭਿੱਖਿਆ ਛੱਡ ਕੇ ਪੜ੍ਹਾਈ ਕਰਨ ਲਈ ਰੈਗੂਲਰ ਸਕੂਲ ਜਾਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਰੂਪਨਗਰ ਦੁਆਰਾ ਬੱਚਿਆਂ ਦੇ ਦਸਤਾਵੇਜ਼ ਵੈਰੀਫਾਈ ਕਰਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜਿੰਦਰ ਕੌਰ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਰੇਡਜ਼ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜੇਕਰ ਬਾਲ ਭਿੱਖਿਆ ਦੌਰਾਨ ਰੈਸਕਿਉ ਕੀਤੇ ਬੱਚੇ ਦੇ ਮਾਤਾ ਪਿਤਾ ਬੱਚਿਆਂ ਦੇ ਸੰਪੂਰਨ ਦਸਤਾਵੇਜ਼ ਨਹੀਂ ਪੇਸ਼ ਕਰ ਪਾਉਂਦੇ ਤਾਂ ਸ਼ੱਕੀ ਹਾਲਤ ਵਿੱਚ ਬੱਚਿਆਂ ਦੇ ਇਹਨਾਂ ਮਾਤਾ ਪਿਤਾ ਦੇ ਡਿਪਟੀ ਕਮਿਸ਼ਨਰ ਜਾਂ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਹੁਕਮਾਂ ਨਾਲ ਡੀਐਨਏ ਟੈਸਟ ਕੀਤੇ ਜਾਣਗੇ ਤਾਂ ਕਿ ਪਤਾ ਚੱਲ ਸਕੇ ਕਿ ਬੱਚਿਆਂ ਦੇ ਮਾਤਾ ਪਿਤਾ ਅਖਵਾਉਣ ਵਾਲੇ ਇਹ ਵਿਅਕਤੀ ਅਸਲ ਮਾਤਾ ਪਿਤਾ ਹੈ ਵੀ ਹਨ ਜਾਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਬੱਚੇ ਦਾ ਮਾਤਾ ਪਿਤਾ ਆਪਣੇ ਬੱਚੇ ਨੂੰ ਬਾਲ ਭਿੱਖਿਆ ਕਰਨ ਲਈ ਮਜਬੂਰ ਕਰੇਗਾ ਤਾਂ ਜੁਵੇਨਾਇਲ ਜਸਟਿਸ ਐਕਟ 2015 ਦੇ ਤਹਿਤ ਮਾਤਾ ਪਿਤਾ ਨੂੰ ਘੱਟੋ ਘੱਟ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਮੁਹਿੰਮ ਉਨ੍ਹਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ। ਇਸ ਕਰਕੇ ਜੇਕਰ ਸ਼ਹਿਰ ਅੰਦਰ ਉਨ੍ਹਾਂ ਨੂੰ ਕੋਈ ਇਸ ਤਰ੍ਹਾਂ ਦੇ ਬੱਚੇ ਭਿੱਖਿਆ ਮੰਗਦੇ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਭੀਖ ਦੇਕੇ ਬਾਲ ਭਿੱਖਿਆ ਨੂੰ ਬੜਾਵਾ ਦੇਣ ਦੀ ਬਜਾਏ ਤੁਰੰਤ ਇਸ ਦੀ ਸੂਚਨਾਂ ਚਾਈਲਡ ਹੈਲਪਲਾਈਨ ਨੰਬਰ 1098 ਜਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਕਮਰਾ ਨੰ 153 ਏ, ਗਰਾਊਂਡ ਫਲੋਰ ਡੀ.ਸੀ ਕੰਪਲੈਕਸ ਸੰਪਰਕ ਨੰਬਰ 01881-222299 ਤੇ ਦਿੱਤੀ ਜਾਵੇ।
ਇਸ ਚੈਕਿੰਗ ਮੁਹਿੰਮ ਦੌਰਾਨ ਮੈਂਬਰ ਬਾਲ ਭਲਾਈ ਕਮੇਟੀ ਰੂਪਨਗਰ ਗਗਨਦੀਪ ਭਰਦਵਾਜ, ਸ਼ੋਸ਼ਲ ਵਰਕਰ ਮਨਿੰਦਰ ਕੌਰ, ਆਊਟਰੀਚ ਵਰਕਰ ਗੁਰਦੀਪ ਕੌਰ, ਕਾਊਂਸਲਰ ਕਰਨਵੀਰ ਸਿੰਘ, ਆਊਟਰੀਚ ਵਰਕਰ ਮਨਦੀਪ ਸਿੰਘ, ਪੁਲਿਸ ਵਿਭਾਗ ਤੋਂ ਗੁਰਮੀਤ ਸਿੰਘ ਅਤੇ ਜਸ਼ਨਪ੍ਰੀਤ ਕੌਰ ਹਾਜ਼ਰ ਸਨ।