ਤਨਖਾਹਾਂ ਦੀ ਅਦਾਇਗੀ ਵਿੱਚ ਦੇਰੀ –ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਵੱਡੀ ਨਾਕਾਮੀ: ਪੀ.ਟੀ.ਐਫ. ਅਲਾਇੰਸ

103

ਤਨਖਾਹਾਂ ਦੀ ਅਦਾਇਗੀ ਵਿੱਚ ਦੇਰੀ –ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਵੱਡੀ ਨਾਕਾਮੀ: ਪੀ.ਟੀ.ਐਫ. ਅਲਾਇੰਸ

ਪਟਿਆਲਾ/ 14 ਅਗਸਤ, 2025

ਅੱਜ ਪ੍ਰੋਗਰੈਸਿਵ ਟੀਚਰ ਫਰੰਟ(ਪੀਟੀਐਫ) ਨੇ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਲਾਇੰਸ ਨੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਬੜੇ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਕਿ ਫੀਸਾਂ ਆਉਣ ਤੋਂ ਬਾਅਦ ਵੀ ਅਗਸਤ ਮਹੀਨੇ ਦੀ ਤਨਖਾਹ ਨਾ ਪੈਣਾ ਯੂਨੀਵਰਸਿਟੀ ਪ੍ਰਸ਼ਾਸਨ ਲਈ ਬੜਾ ਸ਼ਰਮਨਾਕ ਹੈ।

ਪੀ.ਟੀ.ਐਫ. ਅਲਾਇੰਸ ਨੇ ਪ੍ਰੈਸ ਨੋਟ ਵਿੱਚ ਕਿਹਾ ਕਿ ਮੀਟਿੰਗ ਵਿੱਚ ਵਿਸਥਾਰ ਨਾਲ ਇਹ ਗੱਲ ਵੀ ਰੱਖੀ ਗਈ ਕਿ ਯੂਨੀਵਰਸਿਟੀ ਅਧਿਆਪਕਾਂ ਦੀਆਂ ਹੋਰ ਜਾਇਜ਼ ਮੰਗਾਂ ਜਿਵੇਂ ਕਿ ਬਣਦੀਆਂ ਤਰੱਕੀਆਂ, ਲੰਬੇ ਸਮੇਂ ਤੋਂ ਬਕਾਏ, ਅਤੇ ਸੇਵਾ-ਸੰਬੰਧੀ ਹੋਰ ਲਾਭ ਲਗਾਤਾਰ ਅਣਡਿੱਠੇ ਕੀਤੇ ਜਾ ਰਹੇ ਹਨ। ਇਹ ਗੱਲ ਵੀ ਉਠਾਈ ਗਈ ਕਿ ਕੁਝ ਦਿਨ ਪਹਿਲਾਂ ਪੀ.ਟੀ.ਐਫ. ਅਲਾਇੰਸ ਦੇ ਚੁਣੇ ਹੋਏ ਪੂਟਾ ਮੈਂਬਰ ਵਾਈਸ ਚਾਂਸਲਰ ਨੂੰ ਮਿਲ ਕੇ ਇਹਨਾਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕਰ ਚੁੱਕੇ ਹਨ, ਪਰ ਹੁਣ ਤੱਕ ਕਿਸੇ ਵੀ ਮੰਗ ‘ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਇਹ ਸੰਕੇਤ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ । ਅਲਾਇੰਸ ਨੇ ਸਪਸ਼ਟ ਕੀਤਾ ਕਿ ਅਧਿਆਪਕਾਂ ਨੂੰ ਆਰਥਿਕ ਅਸੁਰੱਖਿਆ ਵਿੱਚ ਰੱਖਣਾ, ਉਨ੍ਹਾਂ ਦਾ ਮਨੋਬਲ ਘਟਾਉਂਦਾ ਹੈ ਅਤੇ ਅਕਾਦਮਿਕ ਮਿਆਰ ‘ਤੇ ਵੀ ਨਕਾਰਾਤਮਕ ਅਸਰ ਪਾਉਂਦਾ ਹੈ। ਤਨਖਾਹ ਵਿੱਚ ਦੇਰੀ ਕਰਨਾ, ਖਾਸ ਕਰਕੇ ਜਦੋਂ ਫੀਸਾਂ ਯੂਨੀਵਰਸਿਟੀ ਦੇ ਖ਼ਜ਼ਾਨੇ ਵਿੱਚ ਆ ਚੁੱਕੀਆਂ ਹਨ, ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਹੈ।

ਇਸ ਕਾਰਨ ਅਧਿਆਪਕ ਘਰਲੂ ਖਰਚੇ, ਬੱਚਿਆਂ ਦੀ ਪੜ੍ਹਾਈ, ਮੈਡੀਕਲ ਬਿਲਾਂ ਅਤੇ ਹੋਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਦੇਸ਼ ਭਰ ਵਿੱਚ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰਖੜੀ ਮਨਾਇਆ ਜਾ ਰਿਹਾ ਸੀ ਅਤੇ ਪਰਿਵਾਰ ਆਪਣੇ ਘਰਾਂ ਵਿੱਚ ਤਿਉਹਾਰਾਂ ਦੀ ਰੌਣਕ ਮਨਾ ਰਹੇ ਸਨ, ਉਸ ਵੇਲੇ ਯੂਨੀਵਰਸਿਟੀ ਅਧਿਆਪਕ ਅਤੇ ਕਰਮਚਾਰੀ ਆਪਣੀਆਂ ਅਣਆਈਆਂ ਤਨਖਾਹਾਂ ਕਾਰਨ ਆਰਥਿਕ ਤੰਗੀ ਵਿੱਚ ਗ੍ਰਸਤ ਸਨ। ਆਜ਼ਾਦੀ ਦਿਵਸ, ਜੋ ਕਿ ਆਰਥਿਕ ਅਤੇ ਸਮਾਜਿਕ ਸੁਤੰਤਰਤਾ ਦਾ ਪ੍ਰਤੀਕ ਹੈ, ਉਸੇ ਦੇ ਆਸਪਾਸ ਅਧਿਆਪਕਾਂ ਨੂੰ ਆਪਣੀ ਤਨਖਾਹ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜੋ ਆਪਣੇ ਆਪ ਵਿੱਚ ਇੱਕ ਵੱਡਾ ਵਿਰੋਧਾਭਾਸ ਹੈ।

Delay in payment of salaries – a major failure of Punjabi University administration: PTF Alliance
Punjabi University

ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਨਖਾਹਾਂ ਦੀ ਤੁਰੰਤ ਅਦਾਇਗੀ ਅਤੇ ਅਧਿਆਪਕਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ, ਤਾਂ ਅਲਾਇੰਸ ਵੱਲੋਂ ਵੱਡੇ ਪੱਧਰ ‘ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ ਅਤੇ ਅਲਾਇੰਸ ਹਰੇਕ ਜਾਇਜ਼ ਕਾਨੂੰਨੀ ਅਤੇ ਲੋਕਤੰਤਰਕ ਰਸਤੇ ਦਾ ਪੂਰਾ ਉਪਯੋਗ ਕਰੇਗੀ।

ਅੱਜ ਦੀ ਇਸ ਮੀਟਿੰਗ ਵਿੱਚ ਅਲਾਇੰਸ ਦੇ ਕਨਵੀਨਰ ਡਾ. ਨਿਸ਼ਾਨ ਸਿੰਘ ਦਿਓਲ, ਕੋ-ਕਨਵੀਨਰ ਡਾ. ਰਜਿੰਦਰ ਸਿੰਘ, ਪੂਟਾ ਦੇ ਮੀਤ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਧਨੋਆ, ਪੂਟਾ ਦੇ ਮੈਂਬਰ ਡਾ. ਗੁਲਸ਼ਨ ਬਾਂਸਲ ਅਤੇ ਡਾ. ਅਮਰਪ੍ਰੀਤ ਸਿੰਘ ਦੇ ਨਾਲ-ਨਾਲ ਡਾ. ਗੁਰਮੁਖ ਸਿੰਘ, ਡਾ. ਜਸਦੀਪ ਸਿੰਘ ਤੂਰ, ਡਾ. ਹਰਵਿੰਦਰ ਸਿੰਘ ਧਾਲੀਵਾਲ, ਡਾ. ਸੁਖਜਿੰਦਰ ਸਿੰਘ ਬੁੱਟਰ, ਡਾ. ਗੌਰਵਦੀਪ , ਡਾ. ਚਰਨਜੀਤ ਨੌਹਰਾ ਅਤੇ ਡਾ. ਰਾਜਦੀਪ ਸਿੰਘ ਨੇ ਸ਼ਿਰਕਤ ਕੀਤੀ।