ਬਾਲ ਭਿੱਖਿਆ ਵਿਰੋਧੀ ਛਾਪੇਮਾਰੀ ਦੌਰਾਨ ਰੈਸਕਿਊ ਹੋਈ 1 ਬੱਚੀ ਨੂੰ ਪੜ੍ਹਨ ਲਈ ਪ੍ਰੇਰਿਤ ਕਰਕੇ ਸਕੂਲ ‘ਚ ਦਾਖਲ ਕਰਵਾਇਆ
ਬਹਾਦਰਜੀਤ ਸਿੰਘ /ਰੂਪਨਗਰ, 24 ਜੁਲਾਈ,2025
ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਾਲ ਭਿੱਖਿਆ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਜੀਵਨਜਯੋਤ ਮੁਹਿੰਮ 2.0 ਤਹਿਤ ਲਗਾਤਾਰ ਰੇਡਜ਼ ਕੀਤੀਆ ਜਾ ਰਹੀਆਂ ਹਨ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਜਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਰੇਡਾਂ ਦੌਰਾਨ ਹੁਣ ਤੱਕ 6 ਬੱਚੇ ਰੈਸਕਿਉ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ 24 ਜੁਲਾਈ ਨੂੰ ਟੀਮ ਵੱਲੋਂ ਨੂਰਪੁਰ ਬੇਦੀ ਦੀਆਂ ਵੱਖ-ਵੱਖ ਥਾਵਾਂ ਬੱਸ ਸਟੈਂਡ, ਮੇਨ ਬਜ਼ਾਰ, ਪੀਰ ਬਾਬਾ ਜ਼ਿੰਦਾ ਸ਼ਹੀਦ ਤੇ ਰੇਡ ਕੀਤੀ ਗਈ। ਇਸ ਮੁਹਿੰਮ ਤਹਿਤ ਟੀਮ ਵੱਲੋਂ 01 ਬੱਚੀ ਨੂੰ ਰੈਸਕਿਊ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੈਸਕਿਊ ਕੀਤੀ ਗਈ ਬੱਚੀ ਨੂੰ ਬਾਲ ਭਲਾਈ ਕਮੇਟੀ ਰੂਪਨਗਰ ਅੱਗੇ ਪੇਸ਼ ਕੀਤਾ ਗਿਆ ਜਿੱਥੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਾਊਂਸਲਰ ਵੱਲੋਂ ਬੱਚੀ ਦੀ ਕਾਊਂਸਲਿੰਗ ਵੀ ਕੀਤੀ ਗਈ। ਕਾਊਂਸਲਿੰਗ ਦੋਰਾਨ ਪਤਾ ਲੱਗਾ ਕਿ ਬੱਚੀ ਸਕੂਲ ਵਿੱਚੋਂ ਡਰਾਪ ਆਊਟ ਹੈ ਅਤੇ ਉਹ ਪੜ੍ਹਨਾ ਚਾਹੁੰਦੀ ਹੈ। ਜਿਸ ਤੇ ਤੁਰੰਤ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਨੂਰਪੁਰ ਬੇਦੀ ਵਿਖੇ ਪਹਿਲੀ ਕਲਾਸ ਵਿੱਚ ਦਾਖਲਾ ਕਰਵਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਰੂਪਨਗਰ ਦੁਆਰਾ ਬੱਚੀ ਦੇ ਦਸਤਾਵੇਜ਼ ਵੈਰੀਫਾਈ ਕਰਕੇ ਬੱਚੀ ਨੂੰ ਉਸ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਬੱਚੀ ਨੂੰ ਰੈਗੂਲਰ ਸਕੂਲ ਆਣ ਲਈ ਪ੍ਰੇਰਿਤ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਵੀ ਸਿੱਖਿਆ ਵਿਭਾਗ ਨੂੰ ਸਖਤ ਹਦਾਇਤਾ ਦਿੱਤੀਆਂ ਹਨ ਕਿ ਬਾਲ ਭਿੱਖਿਆ ਦੌਰਾਨ ਰੈਸਕਿਊ ਕੀਤੇ ਗਏ ਬੱਚਿਆਂ ਦੀ ਪੜ੍ਹਾਈ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣ ਇਨ੍ਹਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਕੇ ਬੱਚਿਆਂ ਦੇ ਦਾਖਲੇ ਬਿਨਾਂ ਕਿਸੇ ਦੇਰੀ ਦੇ ਸਕੂਲਾਂ ਵਿੱਚ ਕੀਤੇ ਜਾਣ ਅਤੇ ਬੱਚਿਆਂ ਦਾ ਹਾਜ਼ਰੀ ਰਿਕਾਰਡ ਰੱਖਿਆ ਜਾਵੇ ਜੇਕਰ ਬੱਚਾ 30 ਦਿਨ ਤੋਂ ਲਗਾਤਾਰ ਸਕੂਲ ਵਿੱਚੋਂ ਗੈਰਹਾਜ਼ਰ ਹੈ ਤਾਂ ਇਸ ਦੀ ਸੂਚਨਾਂ ਜਿਲ੍ਹਾ ਬਾਲ ਸੁਰੱਖਿਆ ਦਫਤਰ ਨੂੰ ਭੇਜੀ ਜਾਵੇ।
ਇਸ ਚੈਕਿੰਗ ਮੁਹਿੰਮ ਦੌਰਾਨ ਗਗਨਦੀਪ ਭਰਦਵਾਜ ਮੈਂਬਰ ਬਾਲ ਭਲਾਈ ਕਮੇਟੀ ਰੂਪਨਗਰ, ਕਰਨਵੀਰ ਸਿੰਘ (ਕਾਊਂਸਲਰ),ਮਨਦੀਪ ਸਿੰਘ (ਆਊਟਰੀਚ ਵਰਕਰ), ਪੁਲਿਸ ਵਿਭਾਗ ਤੋਂ ਹਰਦੀਪ ਸਿੰਘ ਅਧਿਕਾਰੀ ਮੌਜੂਦ ਸਨ।