Sunday, March 15, 2026
Home Latest ਹਰਪਾਲ ਚੀਮਾ ਨੇ ਬਾਬੂ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਮੌਕੇ ਪਿੰਡ...

ਹਰਪਾਲ ਚੀਮਾ ਨੇ ਬਾਬੂ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਮੌਕੇ ਪਿੰਡ ਖੁਆਸਪੁਰਾ ਵਿਖੇ ਸ਼ਰਧਾਂਜਲੀ ਅਰਪਿਤ ਕੀਤੀ

35

ਹਰਪਾਲ ਚੀਮਾ ਨੇ ਬਾਬੂ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਮੌਕੇ ਪਿੰਡ ਖੁਆਸਪੁਰਾ ਵਿਖੇ ਸ਼ਰਧਾਂਜਲੀ ਅਰਪਿਤ ਕੀਤੀ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ, 15 ਮਾਰਚ,2026  

ਪੰਜਾਬ ਦੇ ਵਿੱਤ ਮੰਤਰੀ  ਹਰਪਾਲ ਸਿੰਘ ਚੀਮਾ ਵੱਲੋਂ ਅੱਜ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਉੱਚ ਕੋਟੀ ਦੇ ਦਲਿਤ ਨੇਤਾ ਮਹਰੂਮ ਬਾਬੂ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ ਸਥਾਪਿਤ ਉਨ੍ਹਾਂ ਦੇ ਆਦਮ ਬੁੱਤ ‘ਤੇ ਫੁੱਲਮਾਲਾਵਾਂ ਅਰਪਿਤ ਕਰਦੇ ਹੋਏ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ  ਨੇ ਆਪਣੀ ਪੂਰੀ ਜ਼ਿੰਦਗੀ ਸਮਾਜ ਦੇ ਪਿੱਛੜੇ ਅਤੇ ਦੱਬੇ ਕੁਚਲੇ ਵਰਗਾਂ ਦੇ ਹੱਕਾਂ ਲਈ ਸਮਰਪਿਤ ਕੀਤੀ। ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਨੇ ਦੇਸ਼ ਦੀ ਰਾਜਨੀਤੀ ਅਤੇ ਸਮਾਜਿਕ ਜਾਗਰੂਕਤਾ ਵਿੱਚ ਵੱਡਾ ਬਦਲਾਅ ਲਿਆਂਦਾ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰ ਅੱਜ ਵੀ ਸਮਾਜ ਨੂੰ ਬਰਾਬਰੀ, ਨਿਆਂ ਅਤੇ ਆਤਮ-ਸਨਮਾਨ ਦੀ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।

ਵਿੱਤ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਸਾਹਿਬ ਕਾਂਸ਼ੀ ਰਾਮ  ਦੀ ਯਾਦ ਨੂੰ ਸਦਾ ਲਈ ਅਮਰ ਬਣਾਉਣ ਦੇ ਉਦੇਸ਼ ਨਾਲ ਉਨ੍ਹਾਂ ਦੇ ਨਾਮ ‘ਤੇ ਇੱਕ ਅਤਿ ਆਧੁਨਿਕ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਗਿਆਨ ਪ੍ਰਾਪਤ ਕਰਨ ਲਈ ਵਧੀਆ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ ‘ਤੇ ਬਣੇ ਕਮਿਊਨਟੀ ਹਾਲ ਦਾ ਵੀ ਜਲਦ ਨਵੀਨੀਕਰਣ ਕਰਵਾਇਆ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਹੋਰ ਸੁਵਿਧਾਵਾਂ ਪ੍ਰਾਪਤ ਹੋ ਸਕਣ।

ਚੀਮਾ ਨੇ ਕਿਹਾ ਕਿ ਮਹਾਨ ਆਗੂਆਂ ਦੀ ਸੋਚ ਨੂੰ ਅਮਲ ਵਿੱਚ ਲਿਆਉਣਾ ਹੀ ਉਨ੍ਹਾਂ ਲਈ ਅਸਲ ਸ਼ਰਧਾਂਜਲੀ ਹੈ ਅਤੇ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਬਰਾਬਰੀ ਦੇ ਮੌਕੇ ਪ੍ਰਦਾਨ ਕਰਨ ਲਈ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ।

ਇਸ ਮੌਕੇ ਐਸਸੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਵਿਧਾਇਕ  ਗੁਰਪ੍ਰੀਤ ਸਿੰਘ ਜੀਪੀ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਦਲਿਤ, ਪਿਛੜੇ ਅਤੇ ਆਦਿਵਾਸੀ ਹੱਕਾਂ ਦੀ ਲੜਾਈ ਲੜਨ ਵਾਲੇ ਪ੍ਰਮੁੱਖ ਨੇਤਾ ਰਹੇ, ਜਿਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਦੀ ਸਥਾਪਨਾ ਕਰਕੇ ਬਹੁਜਨ ਹਿਤਾਂ ਲਈ ਕੰਮ ਕੀਤਾ।

ਹਰਪਾਲ ਚੀਮਾ ਨੇ ਬਾਬੂ ਕਾਂਸ਼ੀ ਰਾਮ ਦੇ 92ਵੇਂ ਜਨਮ ਦਿਵਸ ਮੌਕੇ ਪਿੰਡ ਖੁਆਸਪੁਰਾ ਵਿਖੇ ਸ਼ਰਧਾਂਜਲੀ ਅਰਪਿਤ ਕੀਤੀ 

ਹਲਕਾ ਵਿਧਾਇਕ ਐਡਵੋਕੇਟ  ਦਿਨੇਸ਼ ਚੱਢਾ ਨੇ ਵੀ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਜੀ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਸਮਾਜਿਕ ਨਿਆਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਉਨ੍ਹਾਂ ਨੂੰ ਦੱਬੇ ਕੁੱਚਲੇ ਲੋਕਾਂ ਦੇ ਮਸੀਹੇ ਵਜੋਂ ਯਾਦ ਕੀਤਾ ਜਾਂਦਾ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਸਰਬਜੀਤ ਕੌਰ ਨੇ ਪਿੰਡ ਲਈ ਅਤਿ ਆਧੁਨਿਕ ਲਾਇਬ੍ਰੇਰੀ ਤੇ ਕਮਿਊਨਟੀ ਹਾਲ ਦੇ ਨਵੀਨੀਕਰਣ ਦੇ ਕੀਤੇ ਐਲਾਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਡੀਐਸਪੀ ਰਾਜਪਾਲ ਸਿੰਘ ਗਿੱਲ, ਤਹਿਸੀਲਦਾਰ ਹਰਸਿਮਰਨ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਿੰਦਰ ਕੌਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਬਲਾਕ ਸੰਮਤੀ ਮੈਂਬਰ ਮਲਕੀਤ ਸਿੰਘ ਭੰਗੂ, ਸ਼ਿਵ ਕੁਮਾਰ ਲਾਲਪੁਰਾ, ਭਾਗ ਸਿੰਘ ਮਦਾਨ, ਬਨਵਾਰੀ ਲਾਲ ਮੱਟੂ, ਐਡਵੋਕੇਟ ਕੁਲਜਿੰਦਰ ਸਿੰਘ ਹੈਪੀ, ਸਾਹਿਬ ਕਾਂਸ਼ੀ ਰਾਮ ਦੇ ਭਰਾ ਦਰਬਾਰਾ ਸਿੰਘ, ਬਿਕਰਮਜੀਤ ਸਿੰਘ, ਪੰਚ ਖੁਸ਼ਹਾਲ ਸਿੰਘ, ਪੰਚ ਦਵਿੰਦਰ ਸਿੰਘ, ਪੰਚ ਮਨਜੀਤ ਕੌਰ, ਪੰਚ ਸੁਰਿੰਦਰ ਕੌਰ, ਪੰਚ ਬਲਜੀਤ ਕੌਰ ਅਤੇ ਇਲਾਕੇ ਤੇ ਪਿੰਡ ਤੋਂ ਪਤਵੰਤੇ ਸੱਜਣ ਹਾਜਰ ਸਨ।