ਵਕਫ ਐਕਟ ਦੇ ਮਾਮਲੇ ’ਤੇ ਹਿੰਦੂਆਂ ’ਤੇ ਹੋਏ ਕਾਤਲਾਨਾ ਹਮਲਿਆਂ ਲਈ ਮਮਤਾ ਬੈਨਰਜੀ ਸਰਕਾਰ ਤੁਰੰਤ ਬਰਖ਼ਾਸਤ ਕਰੇ ਕੇਂਦਰ: ਹਿੰਦੂ ਭਾਈਚਾਰੇ ਦੀ ਮੰਗ

79

ਵਕਫ ਐਕਟ ਦੇ ਮਾਮਲੇ ’ਤੇ ਹਿੰਦੂਆਂ ’ਤੇ ਹੋਏ ਕਾਤਲਾਨਾ ਹਮਲਿਆਂ ਲਈ ਮਮਤਾ ਬੈਨਰਜੀ ਸਰਕਾਰ ਤੁਰੰਤ ਬਰਖ਼ਾਸਤ ਕਰੇ ਕੇਂਦਰ: ਹਿੰਦੂ ਭਾਈਚਾਰੇ ਦੀ ਮੰਗ

ਪਟਿਆਲਾ, 17 ਅਪ੍ਰੈਲ, 2025 :

ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਸ੍ਰੀ ਹਿੰਦੂ ਤਖ਼ਤ ਭਾਰਤ ਦੇ ਮੁਖੀ ਬ੍ਰਹਮਾਨੰਦ ਗਿਰੀ, ਹਿੰਦੂ ਸੁਰੱਖਿਆ ਸੰਮਤੀ ਦੇ ਕੌਮੀ ਪ੍ਰਧਾਨ ਰਾਕੇਸ਼ ਕੇਹਰ ਅਤੇ ਸ੍ਰੀ ਸ਼ਿਵਸ਼ਕਤੀ ਦਲ ਚੈਰੀਟੇਬਲ ਲੰਗਰ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਚੇਅਰਮੈਨ ਸਵਤੰਤਰ ਪਾਸੀ ਨੇ ਕਿਹਾ ਹੈ ਕਿ ਵਕਫ ਐਕਟ ਦੇ ਮਾਮਲੇ ’ਤੇ ਪੱਛਮੀ ਬੰਗਾਲ ਵਿਚ ਹਿੰਦੂ ਭਾਈਚਾਰੇ ਦੇ ਮੈਂਬਰਾਂ ’ਤੇ ਹੋ ਰਹੇ ਕਾਤਲਾਨਾ ਹਮਲਿਆਂ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਸੂਬੇ ਦੀ ਮਮਤਾ ਬੈਨਰਜੀ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਤੇ ਹਿੰਦੂ ਸਮਾਜ ਨੂੰ ਨਿਆਂ ਦੇਣਾ ਚਾਹੀਦਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਵਕਫ ਐਕਟ ਦਾ ਵਿਰੋਧ ਕਰ ਰਹੇ ਮੁਸਲਿਮ ਲੋਕ ਹਿੰਦੂ ਭਾਈਚਾਰੇ ਦੇ ਮੈਂਬਰਾਂ ’ਤੇ ਕਾਤਲਾਨਾ ਹਮਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਕ ਵਾਇਰਲ ਵੀਡੀਓ ਵਿਚ ਵੇਖਣ ਨੂੰ ਮਿਲਿਆ ਹੈ ਕਿ ਇਕ ਇੰਸਪੈਕਟਰ ਰੈਂਕ ਦੇ ਹਿੰਦੂ ਅਧਿਕਾਰੀ ਨੂੰ ਇਸ ਕਰ ਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਹਿੰਦੂ ਹੈ।

ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਜਦੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ ’ਤੇ ਹਮਲਾ ਹੋਇਆ ਤਾਂ ਭਾਜਪਾ ਨੇ ਸਾਰੇ ਪੰਜਾਬ ਵਿਚ ਧਰਨੇ ਲਗਾ ਦਿੱਤੇ ਪਰ ਪੱਛਮੀ ਬੰਗਾਲ ਵਿਚ ਹੋ ਰਹੀ ਹਿੰਸਾ ਦੇ ਮਾਮਲੇ ਵਿਚ ਭਾਜਪਾ ਨੇ ਮੌਨ ਧਾਰਿਆ ਹੋਇਆਹੈ।  ਉਹਨਾਂ ਕਿਹਾ ਕਿ ਹਿੰਦੂ ਧਰਮ ਦੇ ਨਾਂ ’ਤੇ ਵੋਟਾਂ ਲੈਣ ਵਾਲੀ ਭਾਜਪਾ ਨੂੰ ਹਿੰਦੂ ਭਾਈਚਾਰੇ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਸਵਾਲਾਂ ਦੇ ਜਵਾਬ ਵਿਚ ਅਕਾਲੀ ਦਲ ’ਤੇ ਵਰ੍ਹਦਿਆਂ ਇਹਨਾਂ ਆਗੂਆਂ ਨੇ ਪਾਰਟੀ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਹਿੰਦੂ ਭਾਈਚਾਰੇ ਦੇ ਖਿਲਾਫ ਜਿਸ ਤਰੀਕੇ ਭਾਸ਼ਣ ਦਿੱਤਾ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਇਸ ਪਰਿਵਾਰ ਦਾ ਅਸਲ ਵਿਚ ਜਨਰਲ ਡਾਇਰ ਨਾਲ ਨੇੜਲਾ ਸਬੰਧ ਰਿਹਾ ਹੈ।

ਇਹਨਾਂ ਮੈਂਬਰਾਂ ਨੇ ਵਕਫ ਬੋਰਡ ਵਿਚ ਗੈਰ ਮੁਸਲਮਾਨਾਂ ਨੂੰ ਸ਼ਾਮਲ ਕਰਨ ਨੂੰ ਵੀ ਵਾਜਬ ਠਹਿਰਾਇਆ ਅਤੇ ਕਿਹਾ ਕਿ ਵਕਫ ਬੋਰਡ ਦੀ ਅਸਲ ਵਿਚ ਭਾਰਤ ਵਿਚ ਕੋਈ ਜ਼ਰੂਰਤ ਨਹੀਂ ਹੈ। ਉਹਨਾ ਕਿਹਾ ਕਿ ਬੋਰਡ ਦੇ ਅਧੀਨ ਜੋ ਜਾਇਦਾਦ ਹੈ, ਉਹ ਭਾਰਤ ਦੀ ਹੈ ਤੇ ਇਸ ਵਾਸਤੇ ਵੱਖਰੇ ਬੋਰਡ ਦੀ ਜ਼ਰੂਰਤ ਨਹੀਂ ਹੈ। ਉਹਨਾਂ ਇਹ ਵੀ ਤਰਕ ਦਿੱਤਾ ਕਿ ਪਾਕਿਸਤਾਨ ਵਿਚ ਹਿੰਦੂ ਭਲਾਈ ਬੋਰਡ ਨਾਂ ਵਰਗੀ ਕੋਈ ਸੰਸਥਾ ਨਹੀਂ ਬਣਾਈ ਗਈ ਤਾਂ ਭਾਰਤ ਵਿਚ ਵਕਫ ਬੋਰਡ ਦੀ ਕੀ ਜ਼ਰੂਰਤ ਹੈ।

ਵਕਫ ਐਕਟ ਦੇ ਮਾਮਲੇ ’ਤੇ ਹਿੰਦੂਆਂ ’ਤੇ ਹੋਏ ਕਾਤਲਾਨਾ ਹਮਲਿਆਂ ਲਈ ਮਮਤਾ ਬੈਨਰਜੀ ਸਰਕਾਰ ਤੁਰੰਤ ਬਰਖ਼ਾਸਤ ਕਰੇ ਕੇਂਦਰ: ਹਿੰਦੂ ਭਾਈਚਾਰੇ ਦੀ ਮੰਗ

ਇਹਨਾਂ ਨੇਤਾਵਾਂ ਨੇ ਇਹ ਵੀ ਦੱਸਿਆ ਕਿ ਹਿੰਦੂ ਭਾਈਚਾਰੇ ਦੀ ਵੱਡੀ ਮੀਟਿੰਗ 22 ਅਪ੍ਰੈਲ ਨੂੰ ਸ਼ਾਮ 4 ਵਜੇ ਭਗਵਾਨ ਪਰਸੂਰਾਮ ਭਵਨ ਵਿਖੇ ਰੱਖੀ ਗਈ ਹੈ ਜਿਸ ਵਿਚ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਨੇ ਹਿੰਦੂ ਸਮਾਜ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਮੀਟਿੰਗ ਵਿਚ ਸ਼ਾਮਲ ਹੋਣ ਤੇ ਰਾਜਨੀਤਕ ਲੀਹਾਂ ਤੋਂ ਉਪਰ ਉਠ ਕੇ ਸ਼ਾਮਲ ਹੋਣ।