ਹਲਕਾ ਜੋਗਾ ਦੇ ਵੱਖ ਵੱਖ ਪਿੰਡਾਂ ’ਚ ਲਗਾਏ ਗੁਰਮਤਿ ਕੈਂਪਾਂ ਦਾ ਸਨਮਾਨ ਸਮਾਰੋਹ ਆਯੋਜਿਤ

245

ਹਲਕਾ ਜੋਗਾ ਦੇ ਵੱਖ ਵੱਖ ਪਿੰਡਾਂ ’ਚ ਲਗਾਏ ਗੁਰਮਤਿ ਕੈਂਪਾਂ ਦਾ ਸਨਮਾਨ ਸਮਾਰੋਹ ਆਯੋਜਿਤ

ਮਾਨਸਾ, 30 ਜੂਨ, 2022-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜੋਗਾ ਤੋਂ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ  ਉਪਰਾਲੇ ਨਾਲ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਪਿਛਲੇ ਇਕ ਮਹੀਨੇ ਤੋਂ ਲਗਾਏ ਗੁਰਮਤਿ ਸਿਖਲਾਈ ਕੈਂਪਾਂ ਦੀ ਸਮਾਪਤੀ ਸਮੇਂ ਅੱਜ ਗੁਰਦੁਆਰਾ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਸਨਮਾਨ ਸਮਾਗਮ ਕੀਤਾ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਜਿਹੇ ਕੈਂਪਾਂ ਦੀ ਵੱਡੀ ਲੋੜ ਹੈ, ਤਾਂ ਜੋ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਗਿਆਨੀ ਹਰਪ੍ਰੀਤ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਕੈਂਪ ਵਿਚ ਸਹਿਯੋਗ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਹਰ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਅੰਦਰ ਰੋਜ਼ਾਨਾ ਬੱਚਿਆਂ ਦੀ ਗੁਰਮਤਿ ਕਲਾਸ ਲਗਾਏ ਤਾਂ ਅਗਲੀ ਪੀੜ੍ਹੀ ਨੂੰ ਸਹਿਜੇ ਹੀ ਸਿੱਖੀ ਸਿਧਾਂਤਾਂ ਵਿਚ ਪ੍ਰਪੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸੰਗਤਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖਾਂ ਦੀ ਮਹੱਤਤਾ ਦੱਸਦਿਆਂ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਪ੍ਰੇਰਣਾ ਵੀ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਨੌਜੁਆਨਾਂ ਅਤੇ ਬੱਚਿਆਂ ਅੰਦਰ ਗੁਰਮਤਿ ਦਾ ਸੰਚਾਰ ਕਰਨ ਲਈ ਅਹਿਮ ਰੋਲ ਨਿਭਾਉਂਦੇ ਹਨ।

ਹਲਕਾ ਜੋਗਾ ਦੇ ਵੱਖ ਵੱਖ ਪਿੰਡਾਂ ’ਚ ਲਗਾਏ ਗੁਰਮਤਿ ਕੈਂਪਾਂ ਦਾ ਸਨਮਾਨ ਸਮਾਰੋਹ ਆਯੋਜਿਤ

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਕੈਂਪ ਵਿਚ ਸਹਿਯੋਗ ਦੇਣ ਵਾਲੇ ਗ੍ਰੰਥੀਆਂ, ਹਲਕਾ ਨਿਵਾਸੀਆਂ ਅਤੇ ਕੈਂਪ ’ਚ ਸ਼ਾਮਲ ਰਹੇ ਬੱਚਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਗੁਰਮਤਿ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਤਿੰਨ ਗਰੁੱਪਾਂ ਵਿਚ ਵੰਡਿਆ ਗਿਆ ਸੀ, ਜਿਸ ਵਿਚ ਪਹਿਲੇ ਗਰੁੱਪ ਵਿਚ ਪਹਿਲੀ ਤੋਂ ਛੇਵੀਂ, ਦੂਸਰੇ ਗਰੁੱਪ ਵਿਚ ਸੱਤਵੀਂ ਤੋਂ ਦੱਸਵੀਂ ਤੱਕ ਅਤੇ ਤੀਸਰੇ ਗਰੁੱਪ ਵਿਚ ਗਿਆਰ੍ਹਵੀਂ ਤੋਂ ਉਪਰਲੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਤਿੰਨਾਂ ਗਰੁੱਪਾਂ ਵਿਚ ਪਹਿਲੀ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਅੱਜ ਲਿਖਤੀ ਪੇਪਰ ਲਿਆ ਗਿਆ, ਜਿਸ ਵਿੱਚੋਂ ਵਿੱਚੋਂ ਅੱਵਲ ਆਏ 9 ਬੱਚਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਨਾਮ ਵਜੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕੈਂਪਾਂ ਦੌਰਾਨ ਭਾਗ ਲੈਣ ਵਾਲੇ 3500 ਦੇ ਕਰੀਬ ਬੱਚਿਆਂ ਨੂੰ ਵੀ ਮੈਡਲ, ਸਨਮਾਨ ਪੱਤਰ ਤੇ ਬੂਟੇ ਦੇ ਕੇ ਸਨਮਾਨ ਦਿੱਤਾ ਗਿਆ। ਸਮਾਗਮ ਸਮੇਂ ਕੈਂਪਾਂ ਦੌਰਾਨ ਸਹਿਯੋਗ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਫ਼ਤਹਿ ਸਿੰਘ ਗਤਕਾ ਅਖਾੜਾ ਤਲਵੰਡੀ ਸਾਬੋ ਦੀ ਟੀਮ ਵੱਲੋਂ ਗੱਤਕਾ ਪ੍ਰਦਰਸ਼ਨ ਦੇ ਜੌਹਰ ਵੀ ਵਿਖਾਏ। ਇਸ ਮੌਕੇ ਮਹਾਂਬੀਰ ਸਿੰਘ ਵਾਸੀ ਕੈਨੇਡਾ, ਡਾ. ਹਰਵੀਰ ਸਿੰਘ ਕੈਨੇਡਾ, ਸਰਦਾਰ ਇੰਡਸਟਰੀ ਦੇ ਐਮਡੀ ਰੂਪ ਸਿੰਘ ਤੇ ਦਸਮੇਸ਼ ਕਮੇਟੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਸਟੇਜ ਸੰਚਾਲਨ ਦੀ ਸੇਵਾ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆ ਨੇ ਨਿਭਾਈ।

ਹਲਕਾ ਜੋਗਾ ਦੇ ਵੱਖ ਵੱਖ ਪਿੰਡਾਂ ’ਚ ਲਗਾਏ ਗੁਰਮਤਿ ਕੈਂਪਾਂ ਦਾ ਸਨਮਾਨ ਸਮਾਰੋਹ ਆਯੋਜਿਤ

ਇਸ ਮੌਕੇ ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਮੇਲ ਸਿੰਘ ਫਫੜੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਜੈਬ ਸਿੰਘ ਜੋਗਾ ਮੈਨੇਜਰ, ਭੋਲਾ ਸਿੰਘ ਇੰਚਾਰਜ, ਪ੍ਰਿੰਸੀਪਲ ਜਸਵਿੰਦਰ ਸਿੰਘ, ਇੰਸਪੈਕਟਰ ਗੁਰਚਰਨ ਸਿੰਘ, ਬੀਬੀ ਪਰਮਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਗੁਰਮੀਤ ਕੌਰ, ਗੁਰਜੰਟ ਸਿੰਘ, ਮੋਹਨਦੀਪ ਸਿੰਘ, ਸੋਹਨ ਸਿੰਘ ਅਤੇ ਹੋਰ ਹਾਜ਼ਰ ਸਨ।