ਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦਾ ਕੱਲ ਤੋਂ ਆਗਾਜ਼
ਬਹਾਦਰਜੀਤ ਸਿੰਘ/ ਰੂਪਨਗਰ, 19 ਨਵੰਬਰ,2024
ਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ, ਹਾਕਸ ਸਟੇਡੀਅਮ ਬੇਲਾ ਰੋਡ, ਰੂਪਨਗਰ ਵਿਖੇ ਕੱਲ ਤੋਂ ਸ਼ੁਰੂ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਰੂਪਨਗਰ ਅਤੇ ਹਾਕਸ ਕਲੱਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ, ਵਿਧਾਇਕ ਰੂਪਨਗਰ ਦਿਨੇਸ਼ ਚੱਡਾ 20 ਨਵੰਬਰ 2024 (ਬੁੱਧਵਾਰ) ਨੂੰ ਦੁਪਹਿਰ 1:00 ਵਜੇ ਫੈਸਟੀਵਲ ਦਾ ਉਦਘਾਟਨ ਕਰਨਗੇ।
ਉਨ੍ਹਾਂ ਦੱਸਿਆ ਕਿ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹਾਕਸ ਕਲੱਬ ਦੇ ਨੌਜਵਾਨ ਅਤੇ ਉਭਰਦੇ ਹਾਕੀ ਖਿਡਾਰੀ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਪਵਿੱਤਰ ਮਸ਼ਾਲ ਲੈ ਕੇ ਆਉਣਗੇ, ਜਿਸ ਦਾ ਮੁੱਖ ਮਹਿਮਾਨ, ਸੀਨੀਅਰ ਅਧਿਕਾਰੀਆਂ ਅਤੇ ਦਰਸ਼ਕਾਂ ਵੱਲੋਂ ਸਵਾਗਤ ਕੀਤਾ ਜਾਵੇਗਾ। ਪਵਿੱਤਰ ਮਸ਼ਾਲ 24 ਨਵੰਬਰ 2024 ਤੱਕ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੌਰਾਨ ਜਗਦੀ ਰਹੇਗੀ, ਜਿਸ ਤੋਂ ਬਾਅਦ ਇਸ ਨੂੰ ਰਸਮੀ ਤੌਰ ‘ਤੇ ਵਾਪਸ ਗੁਰਦੁਆਰਾ ਸਾਹਿਬ ਭੇਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਰੂਪਨਗਰ ਅਤੇ ਹਾਕਸ ਕਲੱਬ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਆਲ ਇੰਡੀਆ ਹਾਕੀ ਫ਼ੈਸਟੀਵਲ ਵਿੱਚ ਦੇਸ਼ ਦੀਆਂ 12 ਨਾਮਵਰ ਟੀਮਾਂ ਭਾਗ ਲੈਣਗੀਆਂ। ਫਾਈਨਲ ਮੈਚ 24 ਨਵੰਬਰ 2024 (ਐਤਵਾਰ) ਨੂੰ ਦੁਪਹਿਰ 2:30 ਵਜੇ ਖੇਡਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਬੀ ਲੋਕ ਗਾਇਕ ਸਭਿੱਆਚਾਰ ਪ੍ਰੋਗਰਾਮ ਪੇਸ਼ ਕਰਨਗੇ ਅਤੇ ਪੰਜਾਬ ਪੁਲਿਸ ਬੈਂਡ ਵੀ ਹਾਜ਼ਰ ਹੋਣਗੇ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 24 ਨਵੰਬਰ ਨੂੰ ਫ਼ਾਇਨਲ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਜੇ ਨੰਬਰ ਉਤੇ ਆਉਣ ਵਾਲੀ ਟੀਮ ਨੁੰ ਨਕਦ 51000 ਰੁਪਏ ਸਮੇਤ ਟਰਾਫੀ ਦਿੱਤੀ ਜਾਵੇਗੀ।
ਇਸ ਮੌਕੇ ਜਨਰਲ ਸਕੱਤਰ, ਹਾਕਸ ਕਲੱਬ, ਐਸ.ਐਸ.ਸੈਣੀ ਨੇ ਕਿਹਾ ਕਿ ਹਾਕਸ ਕਲੱਬ, ਰੂਪਨਗਰ ਭਾਰਤ ਵਿੱਚ ਇੱਕ ਨਿਵੇਕਲਾ ਕਲੱਬ ਹੈ ਜਿਸਦਾ ਆਪਣਾ ਸਟੇਡੀਅਮ ਅਤੇ ਹੋਰ ਬੁਨਿਆਦੀ ਢਾਂਚਾ ਹੈ। ਕਲੱਬ ਨੇ ਪਿਛਲੇ 52 ਸਾਲਾਂ ਦੌਰਾਨ ਰੂਪਨਗਰ ਹਾਕੀ ਨੂੰ ਰਾਸ਼ਟਰੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤੱਕ ਉੱਚਾ ਕੀਤਾ ਹੈ। ਸਾਡੇ ਕਲੱਬ ਦਾ ਹਾਕੀ ਖਿਡਾਰੀ ਧਰਮਵੀਰ ਸਿੰਘ ਦਿੱਲੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ, ਚੀਨ ਵਿੱਚ ਆਯੋਜਿਤ ਏਸ਼ੀਅਨ ਖੇਡਾਂ, ਭੁਵਨੇਸ਼ਵਰ, ਭਾਰਤ ਵਿੱਚ ਆਯੋਜਿਤ ਚੈਂਪੀਅਨਜ਼ ਟਰਾਫੀ ਅਤੇ ਲੰਡਨ ਓਲੰਪਿਕ 2012 ਵਿੱਚ ਭਾਰਤੀ ਟੀਮ ਦਾ ਮੈਂਬਰ ਸੀ।
ਉਨ੍ਹਾਂ ਕਿਹਾ ਕਿ ਇੱਕ ਹੋਰ ਹਾਕੀ ਖਿਡਾਰੀ ਗਗਨਜੀਤ ਸਿੰਘ ਨੇ ਗੁਹਾਟੀ ਵਿਖੇ ਹੋਈਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਹਾਕੀ ਖਿਡਾਰੀ ਹਰਜੀਤ ਸਿੰਘ (ਕਪਤਾਨ ਜੂਨੀਅਰ ਵਿਸ਼ਵ ਕੱਪ ਹਾਕੀ ਟੀਮ) ਅਤੇ ਹਾਕੀ ਖਿਡਾਰੀ ਗੁਰਿੰਦਰ ਸਿੰਘ ਨੇ ਓਮਾਨ ਵਿਖੇ ਹੋਈ 2018 ਏਸ਼ੀਅਨ ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਜੂਨੀਅਰ ਵਿਸ਼ਵ ਕੱਪ ਟੀਮ ਅਤੇ ਭਾਰਤੀ ਸੀਨੀਅਰ ਟੀਮ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।