ਵਿਧਾਇਕ ਨੇ ਹਲਕੇ ਵਿਚ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਵਾਈ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ 14 ਮਾਰਚ,2022
ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਗੈਰ ਕਾਨੂੰਨੀ ਮਾਈਨਿੰਗ ਖਨਨ ਤੁਰੰਤ ਪ੍ਰਭਾਵ ਤੋ ਬੰਦ ਕਰਵਾ ਦਿੱਤੀ ਗਈ ਹੈ। ਮਗਨਰੇਗਾ ਦੇ ਕਾਮੇ ਕਿਸੇ ਵੀ ਰਸੂਖਦਾਰ ਜਾਂ ਅਧਿਕਾਰੀ ਦੇ ਨਿੱਜੀ ਕੰਮ ਨਹੀ ਕਰਨਗੇ।
ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਸਥਾਨਕ ਪਾਵਰ ਕਾਮ ਗੈਸਟ ਹਾਊਸ ਵਿਚ ਮੀਡੀਆ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਮੁੜ ਬਣਾਉਣ ਲਈ ਵੱਡੇ ਸੁਧਾਰ ਕੀਤੇ ਜਾਣਗੇ। ਸਰਕਾਰੀ ਦਫਤਰਾਂ ਵਿਚ ਸ਼ਹੀਦ ਏ ਆਜਮ ਸ.ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਿਲੇ ਨੰਬਰ ਦਾ ਹਲਕਾ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ, ਇਲਾਕੇ ਦੀਆ ਚਿਰਾ ਤੋ ਲਟਕਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ, ਲੋਕਾਂ ਨੂੰ ਬਿਹਤਰ ਪ੍ਰਸਾਸ਼ਕੀ ਢਾਂਚਾ ਉਪਲੱਬਧ ਜਾਵੇਗਾ।
ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸੜਕਾਂ ਦੀ ਮੁਰੰਮਤ, ਸਿਹਤ ਸਹੂਲਤਾਂ ਵਿੱਚ ਸੁਧਾਰ, ਸਿੱਖਿਆ ਵਰਗੇ ਬੁਨਿਆਦੀ ਢਾਂਚੇ ਦੀ ਮਜਬੂਤੀ, ਨਿਰਵਿਘਨ ਬਿਜਲੀ ਸਪਲਾਈ ਅਤੇ ਲੋਕਾਂ ਦੀ ਸਹੂਲਤ ਲਈ ਹੋਰ ਕੰਮ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਤੇ ਭਰੋਸਾ ਪ੍ਰਗਟ ਕੀਤਾ ਹੈ, ਇਸ ਹਲਕੇ ਵਿਚ ਲਗਭਗ 58 ਪ੍ਰਤੀਸ਼ਤ ਵੋਟਾਂ ਦੇ ਕੇ ਇੱਕ ਮਿਸਾਲੀ ਜਿੱਤ ਦਵਾਈ ਹੈ, ਜਿਸ ਦੇ ਲਈ ਉਹ ਹਲਕੇ ਦੇ ਹਰ ਵੋਟਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਆਸਾਂ ਉਤੇ ਪੂਰਾ ਉਤਰਨ ਲਈ 20 ਘੰਟੇ ਕੰਮ ਕਰਾਂਗੇ ਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਵਾਗੇ।
ਉਨ੍ਹਾਂ ਨੇ ਕਿਹਾ ਕਿ ਪ੍ਰੈਸ/ਮੀਡੀਆਂ ਲੋਕਾਂ ਦੀਆਂ ਮੁਸ਼ਕਿਲਾਂ ਸਾਡੇ ਤੱਕ ਪਹੁੰਚਾਉਣ ਦਾ ਇੱਕ ਢੁਕਵਾ ਤੇ ਬਿਹਤਰੀਨ ਜਰੀਆਂ ਹੈ, ਇਸ ਲਈ ਪ੍ਰੈਸ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਹਿੱਤ ਵਿਚ ਚੰਗੇ ਫੈਸਲੇ ਲਏ ਜਾਣਗੇ ਤੇ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ।