ਮੁਸਲਮਾਨਾਂ ਨੂੰ ਵੀ ਪੰਜਾਬ ਵਿਚ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਵੇ: ਅਦਨਾਲ ਅਲੀ ਖਾਨ

193

ਮੁਸਲਮਾਨਾਂ ਨੂੰ ਵੀ ਪੰਜਾਬ ਵਿਚ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਵੇ: ਅਦਨਾਲ ਅਲੀ ਖਾਨ

ਪਟਿਆਲਾ, 4 ਜੁਲਾਈ,2024:

ਮੁਸਲਿਮ ਟਾਇਗਰਜ਼ ਫੋਰਸ ਪੰਜਾਬ ਦੇ ਚੇਅਰਮੈਨ ਅਦਨਾਨ ਅਲੀ ਖਾਨ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਵੀ ਮੁਸਲਮਾਨਾਂ ਲਈ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਤੇ ਕਿਹਾ ਕਿ ਉਹ ਆਪਣੇ ਇਸ ਹੱਕ ਵਾਸਤੇ ਜੰਮ ਕੇ ਸੰਘਰਸ਼ ਕਰਨਗੇ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਦਨਾਨ ਅਲੀ ਖਾਨ ਨੇ ਕਿਹਾ ਕਿ ਕਰਨਾਟਕਾ, ਤਿਲੰਗਾਨਾ ਵਰਗੇ ਕੁਝ ਰਾਜਾਂ ਨੇ ਮੁਸਲਮਾਨਾਂ ਲਈ ਰਾਖਵਾਂਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਇਹ ਸਹੂਲਤ ਪੰਜਾਬ ਵਿਚ ਵੀ ਮਿਲਣੀ ਚਾਹੀਦੀ  ਹੈ। ਉਹਨਾਂ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਕਿੰਨੇ ਫੀਸਦੀ ਰਾਖਵਾਂਕਰਨ ਦਿੱਤਾ ਜਾਵੇ ਬਲਕਿ ਇਹ ਕਹਿ ਰਹੇ ਹਨ ਕਿ ਪੰਜਾਬ ਵਿਚ ਰਹਿੰਦੇ ਮੁਸਲਮਾਨਾਂ ਦੀ ਆਬਾਦੀ ਦੇ ਹਿਸਾਬ ਨਾਲ ਮੁਸਲਿਮ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਵਿਚ ਦਾਖਲਿਆਂ ਵਾਸਤੇ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਡਾ. ਬੀ ਆਰ ਅੰਬੇਡਕਰ ਨੇ ਸਮਾਜ ਦੇ ਦਬੇ ਕੁਚਲੇ ਵਰਗਾਂ ਲਈ ਰਾਖਵੇਂਕਰਨ ਦੀ ਸਹੂਲਤ ਦਿੱਤੀ ਸੀ ਪਰ ਅੱਜ ਕੱਲ੍ਹ ਮੁਸਲਿਮ ਭਾਈਚਾਰੇ ਦੇ ਹਾਲਾਤ ਇਹਨਾਂ ਦਬੇ ਕੁਚਲੇ ਵਰਗਾਂ ਤੋਂ ਵੀ ਹੇਠਾਂ ਹੋ ਗਏ ਹਨ। ਉਹਨਾਂ ਕਿਹਾ ਕਿ ਮੁਸਲਿਮ ਸਮਾਜ ਨੂੰ ਅੱਜ ਰਾਖਵੇਂਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

ਸਵਾਲਾਂ ਦੇ ਜਵਾਬ ਦਿੰਦਿਆਂ ਅਦਨਾਨ ਅਲੀ ਖਾਨ ਨੇ ਕਿਹਾ ਕਿ ਮੁਸਲਿਮ ਸਮਾਜ ਵਿਚ ਇਸ ਸਿੱਖਿਆ ਪ੍ਰਤੀ ਜਾਗਰੂਕਤਾ ਦੀ ਘਾਟ ਹੈ ਜਿਸ ਕਾਰਣ ਸਾਨੂੰ ਮੁਸ਼ਕਿਲਾਂ ਦਰਪੇਸ਼ ਹਨ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਯੋਜਨਾ ਤਿਆਰ ਕੀਤੀਹੈ  ਤੇ ਜਲਦੀ ਹੀ ਵਕਫ ਬੋਰਡ ਦੀਆਂ ਜ਼ਮੀਨਾਂ ’ਤੇ ਸਪੈਸ਼ਲ ਸੈਂਟਰ ਸਥਾਪਿਤ ਕਰ ਕੇ ਉਥੇ ਮੁਸਲਿਮ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਸਪੈਸ਼ਲ ਕੋਰਸ ਕਰਵਾਉਣ ਸਮੇਤ ਹੋਰ ਸਿੱਖਿਆ ਮੁਫਤ ਦਿੱਤੀ ਜਾਵੇਗੀ ਤਾਂ ਜੋ ਮੁਸਲਿਮ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।

ਉਹਨਾਂ ਇਹ ਵੀ ਕਿਹਾ ਕਿ ਉਹਨਾਂ ਸਿਰਫ ਇਕ ਮਹੀਨੇ ਪਹਿਲਾਂ ਆਪਣਾ ਇਹ ਮੁਸਲਿਮ ਟਾਇਗਰਜ਼ ਫੋਰਸ ਸੰਗਠਨ ਸ਼ੁਰੂ ਕੀਤਾ ਸੀ ਤੇ ਹੁਣ ਤੱਕ ਸਾਡੇ 5 ਹਜ਼ਾਰ ਮੈਂਬਰ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਅਸੀਂ ਜਲਦ 50 ਹਜ਼ਾਰ ਮੈਂਬਰ ਪੂਰੇ ਕਰਾਂਗੇ ਤੇ ਫਿਰ ਪੰਜਾਬ ਦੇ ਸਾਰੇ ਹਲਕਿਆਂ ਵਿਚ 10-10 ਹਜ਼ਾਰ ਵੋਟਾਂ ਮੁਸਲਿਮ ਭਾਈਚਾਰੇ ਦੀਆਂ ਤਿਆਰ ਕਰਾਵਾਂਗੇ। ਉਹਨਾਂ ਕਿਹਾ ਕਿ ਇਹਨਾਂ ਵੋਟਾਂ ਦੇ ਆਧਾਰ ’ਤੇ ਅਸੀਂ ਸਿਆਸੀ ਪਾਰਟੀਆਂ ਤੋਂ ਵਾਅਦੇ ਮੰਗਾਂਗੇ ਕਿ ਉਹ ਸਾਡੇ ਸਮਾਜ ਦੀ ਬੇਹਤਰੀ ਵਾਸਤੇ ਕੀ ਕੰਮ ਕਰਨਗੀਆਂ ? ਜਿਹੜੀਆਂ ਪਾਰਟੀਆਂ ਸਾਡੇ ਸਮਾਜ ਦੀ ਬੇਹਤਰੀ ਵਾਸਤੇ ਕੰਮ ਕਰਨ ਦਾ ਭਰੋਸਾ ਦੇਣਗੀਆਂ ਤਾਂ ਅਸੀਂ ਉਹਨਾਂ ਸਿਆਸੀ ਪਾਰਟੀਆਂ ਦਾ ਸਮਰਥਨ ਕਰਾਂਗੇ।

ਮੁਸਲਮਾਨਾਂ ਨੂੰ ਵੀ ਪੰਜਾਬ ਵਿਚ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਵੇ: ਅਦਨਾਲ ਅਲੀ ਖਾਨ

ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਇਹਵੀ  ਕਿਹਾ ਕਿ ਅਸੀਂ ਭਵਿੱਖ ਵਿਚ ਆਪਣੇ ਵੱਲੋਂ ਵੀ ਚੋਣਾਂ ਵਿਚ ਉਮੀਦਵਾਰ ਖੜ੍ਹੇ ਕਰਾਂਗੇ। ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਮਾਲੇਰਕੋਟਲਾ ਵਿਚ ਤਾਂ ਅਸੀਂ ਉਮੀਦਵਾਰ ਖੜ੍ਹਾ ਕਰਾਂਗੇ ਹੀ ਤੇ ਅਗਲੇ ਸਮੇਂ ਵਿਚ ਹੋਰ ਸੀਟਾਂ ਦੀ ਵੀ ਸ਼ਨਾਖ਼ਤ ਕਰ ਕੇ ਉਮੀਦਵਾਰ ਖੜ੍ਹੇ ਕਰਾਂਗੇ।

ਉਹਨਾਂ ਕਿਹਾ ਕਿ ਸਾਡਾ ਟੀਚਾ ਮੁਸਲਿਮ ਭਾਈਚਾਰੇ ਦੀ ਬੇਹਤਰੀ ਲਈ ਵੱਧ ਤੋਂ ਵੱਧ ਕੰਮ ਕਰਨਾ ਹੈ ਤੇ ਇਸ ਟੀਚੇ ਦੀ ਪ੍ਰਾਪਤੀ ਵਾਸਤੇ ਅਸੀਂ ਕੰਮ ਕਰਾਂਗੇ।

ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵਾਂਗੂ ਵਕਫ ਬੋਰਡ ਦੀਆਂ ਵੀ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਇਸਦੇ ਮੈਂਬਰ ਵੀ ਸ਼੍ਰੋਮਣੀ ਕਮੇਟੀ ਵਾਂਗੂ ਹੀ ਚੁਣੇ ਜਾਣੇ ਚਾਹੀਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਰ ਖਾਨ ਬਾਦਸ਼ਾਹਪੁਰ ਕੈਸ਼ੀਅਰ, ਹਾਮਿਦ ਬਰਨਾਲਾ ਮੁੱਖ ਬੁਲਾਰਾ,ਇਕਬਾਲਦੀਨ ਬਾਠਾਂ ਸਲਾਹਕਾਰ, ਸੁਲਤਾਨ ਸ਼ਾਹ ਮਾਨਸਾ, ਫਿਰੋਜ਼ ਖਾਨ ਮਾਨਸਾ,ਬਾਰੂ ਸ਼ਾਹ ਮਾਨਸਾ, ਹੰਸ ਮੁਹੰਮਦ ਬਰਨਾਲਾ ਅਤੇ ਪ੍ਰਤਾਪ ਘੱਗਾ ਵੀ ਮੌਜੂਦ ਸਨ।