ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ‘ਡੈਡੀਕੇਟਿਡ ਟੀਚਰ ਐਵਾਰਡ’ ਨਾਲ ਸਨਮਾਨਿਤ

168

ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ‘ਡੈਡੀਕੇਟਿਡ ਟੀਚਰ ਐਵਾਰਡ’ ਨਾਲ ਸਨਮਾਨਿਤ

ਪਟਿਆਲਾ/ 5 ਸਤੰਬਰ,2023

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ (ਰਜਿਸਟਰਡ) ਵੱਲੋ ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ ਦੇ ਭਾਸ਼ਾ ਭਵਨ ਵਿਖੇ ਅਧਿਆਪਕ ਦਿਵਸ ਦੇ ਮੌਕੇ ਤੇ ਗੁਰੂ—ਰੂਪੀ ਅਧਿਆਪਕਾਂ ਦਾ ਸਨਮਾਨ ਕਰਨ ਲਈ ਇੱਕ ਵਿਸੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੌਰਾਨ ਗਰੁੱਪ ਵੱਲੋ ਸਰਕਾਰੀ ਸਮਾਰਟ ਸਕੂਲ, ਦਾਣਾ ਮੰਡੀ ਪਟਿਆਲਾ ਵਿਖੇ ਬਤੌਰ ਮੁੱਖ ਅਧਿਆਪਕਾ ਸੇਵਾ ਨਿਭਾ ਰਹੇ ਡਾ. ਇੰਦਰਜੀਤ ਕੌਰ ਨੂੰ, ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੇ ਬਦਲੇ, ਵਿਸੇਸ਼ ਤੌਰ ਤੇ ‘ਡੈਡੀਕੇਟਿਡ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਬੋਲਦਿਆਂ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਨੇ ਕਿਹਾ ਕਿ ਡਾ. ਇੰਦਰਜੀਤ ਕੌਰ ਵੱਲੋ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਡਾ. ਇੰਦਰਜੀਤ ਕੌਰ ਨੇ ਹਾਲ ਹੀ ਵਿੱਚ ਏਕਤਾ ਅਤੇ ਪ੍ਰੇਰਨਾ ਦੇ ਦਿਲ ਨੂੰ ਛੂਹਣ ਵਾਲੇ ਕੰਮ ਨੂੰ ਕਰਦਿਆਂ, ਆਪਣੇ ਵਿਦਿਆਰਥੀਆਂ ਵਾਂਗ ਸਕੂਲ ਦੀ ਵਰਦੀ ਪਹਿਨਣੀ ਸੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਂਵੇ ਇਹ ਕੰਮ ਸਧਾਰਨ ਹੈ, ਪ੍ਰੰਤੂ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਆਪਣੇ ਆਪਨੂੰ ਵਿਦਿਆਰਥੀਆਂ ਦੇ ਬਰਾਬਰ ਰੱਖਣ ਲਈ ਬਹੁਤ ਹਿਮੰਤ ਅਤੇ ਵਚਨਬੱਧਤਾ ਦੀ ਲੋੜ ਹੁੰਦੀ ਹੈ, ਖਾਸ ਤੌਰ ਤੇ ਅਜਿਹੇ ਸੱਭਿਆਚਾਰ ਵਿੱਚ ਜਿੱਥੇ ਮੁੱਖ ਅਧਿਆਪਕ ਨੂੰ ਅਕਸਰ ਅਧਿਕਾਰਤ ਸਖਸ਼ੀਅਤ ਵੱਜੋ ਦੇਖਿਆ ਜਾਂਦਾ ਹੋਵੇ । ਡਾ. ਵਰਮੀ ਨੇ ਦੱਸਿਆ ਕਿ ਇਸ ਤੌਂ ਪਹਿਲਾਂ ਪੰਜਾਬ ਸਰਕਾਰ ਵੱਲੋ ਵੀ ਡਾ. ਇੰਦਰਜੀਤ ਕੌਰ ਨੂੰ ਵਧੀਆ ਕਾਰਗੁਜ਼ਾਰੀ ਦੇ ਬਦਲੇ ਗਣਤੰਤਰ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।

 

ਇਸ ਮੌਕੇ ਤੇ ਗਰੁੱਪ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਡਾ. ਇੰਦਰਜੀਤ ਕੌਰ ਨੇ ਸਰਕਾਰੀ ਦਾਣਾ ਮੰਡੀ ਸਕੂਲ ਵਿੱਚ ਪੰਜਾਬ ਸਰਕਾਰ ਅਤੇ ਸ਼ਹਿਰ ਦੇ ਸਮਾਜ—ਸੇਵੀਆਂ ਦੇ ਸਹਿਯੋਗ ਨਾਲ ਨਵੇ ਕਮਰਿਆਂ ਦਾ ਨਿਰਮਾਣ ਕਰਵਾਕੇ ਸਕੂਲ ਨੂੰ ਸਮਾਰਟ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਬਾਰੇ ਦੋ ਖੋਜ਼ ਭਰਪੂਰ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿੱਚ ਲਿਖ ਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ ਬਾਰੇ ਸਿੱਖਿਆ ਦੇ ਖੇਤਰ ਵਿੱਚ ਕੌਮਾਂਤਰੀ ਪੱੱਧਰ ਤੇ ਆਪਣਾ ਅਹਿਮ ਯੋਗਦਾਨ ਪਾਇਆ ਹੈ।

ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ‘ਡੈਡੀਕੇਟਿਡ ਟੀਚਰ ਐਵਾਰਡ’ ਨਾਲ ਸਨਮਾਨਿਤ

ਡਾ. ਇੰਦਰਜੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ, ਗੁਰਦਵਾਰਾ ਦੂਖਨਿਵਾਰਨ ਸਾਹਿਬ ਤੋਂ ਅਤੇ 12ਵੀਂ ਤੱਕ ਦੀ ਸਿੱਖਿਆ ਬੀ. ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ। ਉਨ੍ਹਾਂ ਨੇ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਤੋਂ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐਡ. ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਲ ਕੀਤੀ। ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਐਮ.ਏ. (ਇਤਿਹਾਸ) ਵਿੱਚ ਗੋਲਡ ਮੈਡਲ ਹਾਸਲ ਕੀਤਾ। ਡਾ. ਇੰਦਰਜੀਤ ਕੌਰ ਵੱਲੋਂ ਇਤਿਹਾਸ ਵਿਸ਼ੇ ਵਿੱਚ ਹੀ ਯੂ.ਜੀ.ਸੀ. (ਨੈਟ) ਪ੍ਰੀਖਿਆ ਪਾਸ ਕਰਨ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਭਾਰਤ ਸਰਕਾਰ), ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਪੜ੍ਹਾਉਣ ਲਈ ਵੀ ਯੋਗ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਉਤੱਰ—ਭਾਰਤ ਦੀਆਂ ਵੱਖ—ਵੱਖ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਉੱਚ ਸਿਖਿੱਆ ਹਾਸਲ ਕੀਤੀ । ਜਿਸ ਦੌਰਾਨ ਉਨ੍ਹਾਂ ਵੱਲੋ ਇਤਿਹਾਸ ਵਿਸ਼ੇ ਵਿੱਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਮਾਸਟਰ ਆਫ਼ ਫਿ਼ਲਾਸਫ਼ੀ (ਐਮ.ਫਿਲ.) ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾਕਟਰ ਆਫ਼ ਫਿਲਾਸਫ਼ੀ (ਪੀ—ਐਚ.ਡੀ.) ਦੀ ਡਿਗਰੀ ਹਾਸਲ ਕੀਤੀ ।