ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਲੋਕ ਸੰਪਰਕ ਵਲੋ ਚਾਰਜ ਛੱਡਣ ਤੋਂ ਪਹਿਲਾਂ ਸਹਿਕਰਮੀ ਨੂੰ ਆਖ਼ਰੀ ਖੱਤ ਲਿਖਿਆ

812

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਲੋਕ ਸੰਪਰਕ ਵਲੋ ਚਾਰਜ ਛੱਡਣ ਤੋਂ ਪਹਿਲਾਂ ਸਹਿਕਰਮੀ ਨੂੰ ਆਖ਼ਰੀ ਖੱਤ ਲਿਖਿਆ

ਪਟਿਆਲਾ/ ਫਰਵਰੀ 2,2024

ਅੱਜ, ਡਾ. ਸਰਬਜੀਤ ਸਿੰਘ ਕੰਗਣੀਵਾਲ ਪੰਜਾਬੀ ਯੂਨੀਵਰਸਿਟੀ ਵਿਖੇ ਡਾਇਰੈਕਟਰ, ਲੋਕ ਸੰਪਰਕ ਵਜੋਂ ਨਿਯੁਕਤ ਹੋਏ ਹਨ। ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿਖੇ ਆਪਣਾ ਇਹ ਅਹੁਦਾ ਸੰਭਾਲ਼ ਲਿਆ ਗਿਆ ਹੈ।

ਐਜੂਕੇਸ਼ਨਲ ਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਡਾਇਰੈਕਟਰ ਦਲਜੀਤ ਅਮੀ, ਜੋ ਕਿ ਵਾਧੂ ਚਾਰਜ ਵਜੋਂ ਡਾਇਰੈਕਟਰ, ਲੋਕ ਸੰਪਰਕ ਦਾ ਕੰਮ ਕਾਜ ਵੇਖ ਰਹੇ ਸਨ  ਚਾਰਜ ਛੱਡਣ ਤੋਂ ਪਹਿਲਾਂ ਵਲੋ ਸਹਿਕਰਮੀ ਨੂੰ ਆਖ਼ਰੀ ਖੱਤ ਲਿਖਿਆ।

ਸਤਿਕਾਰਯੋਗ ਸਹਿਕਰਮੀ ਸਹਿਬਾਨ

ਮੈਂ ਲੋਕ ਸੰਪਰਕ ਵਿਭਾਗ ਦੀ ਬਤੌਰ ਡਾਇਰੈਕਟਰ ਜ਼ਿੰਮੇਵਾਰੀ ਮੈਂ 16 ਨਵੰਬਰ 2021 ਤੋਂ ਨਿਭਾਅ ਰਿਹਾ ਹਾਂ। ਇਸ ਦੌਰਾਨ ਆਪ ਜੀ ਦੇ ਸਹਿਯੋਗ ਸਦਕਾ ਬਹੁਤ ਕੁਝ ਨਵਾਂ ਸਿੱਖਿਆ ਅਤੇ ਆਪ ਦੀ ਤਾਲਮੇਲ ਨਾਲ ਨਵੇਂ ਤਜਰਬੇ ਕੀਤੇ। ਲੋਕ ਸੰਪਰਕ ਵਿਭਾਗ ਦੀ ਸਮੁੱਚੀ ਦਿੱਖ ਵਿਦਿਆਰਥੀ, ਵਿਦਿਆ ਅਤੇ ਅਦਾਰਾ ਮੁਖੀ ਕਰਨ ਦੇ ਇਰਾਦੇ ਨਾਲ ਸਮੁੱਚੇ ਅਮਲੇ ਨੇ ਆਪਣਾ ਕੰਮ ਵਿਓਂਤਿਆ। ਇਸ ਦੌਰਾਨ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਕਾਰਜਾਂ, ਸਮਾਗਮਾਂ ਅਤੇ ਸੂਖ਼ਮ ਯੋਗਦਾਨ ਨੂੰ ਦਸਤਾਵੇਜ ਵਜੋਂ ਸਾਂਭਣ ਦਾ ਤਨਦੇਹੀ ਨਾਲ ਉਪਰਾਲਾ ਕੀਤਾ ਹੈ।

ਇਸ ਸਮੇਂ ਵਿੱਚ ਲੋਕ ਸੰਪਰਕ ਵਿਭਾਗ ਬੇਬੁਨਿਆਦ ਪ੍ਰਚਾਰ ਦਾ ਨਿਸ਼ਾਨਾ ਬਣਿਆ ਹੈ ਜਿਸ ਦੇ ਸਨਮੁੱਖ ਅਸੀਂ ਆਪਣਾ ਜਾਬਤਾ ਕਾਇਮ ਰੱਖਿਆ ਹੈ। ਇੱਕ ਪਾਸੇ ਬਹੁਤ ਸਾਰੇ ਸਹਿਕਰਮੀਆਂ ਦੇ ਸਹਿਯੋਗ ਸਦਕਾ ਅਸੀਂ ਆਪਣਾ ਕੰਮ ਸਮਝਣ ਅਤੇ ਸੁਧਾਰਨ ਦੇ ਸਮਰੱਥ ਹੋਏ ਅਤੇ ਦੂਜੇ ਪਾਸੇ ਮਸਨੂਈ ਖ਼ਬਰਾਂ, ਨਫ਼ਤਰੀ ਟਿੱਪਣੀਆਂ, ਅਫ਼ਵਾਹਾਂ ਅਤੇ ਧਮਕੀਆਂ ਦੇ ਸਾਹਮਣੇ ਅਸੀਂ ਅਡੋਲਤਾ ਨਾਲ ਜਾਬਤਾ ਕਾਇਮ ਰੱਖਣ ਦਾ ਤਰੱਦਦ ਕੀਤਾ। ਸੋਸ਼ਲ ਮੀਡੀਆ ਦੇ ਪਿੱੜ ਵਿੱਚ ਅਸੀਂ ਆਪਣੇ ਅਦਾਰੇ ਦੇ ਪਲੇਟਫਾਰਮ ਉੱਤੇ ਸੰਜੀਦਗੀ ਦਾ ਜਾਬਤਾ ਲਾਗੂ ਕੀਤਾ ਹੈ। ਅਸੀਂ ਪੰਜਾਬ ਯੂਨੀਵਰਸਿਟੀ ਦੇ ਕੰਮ-ਕਾਜ ਨੂੰ ਪੰਜਾਬੀ ਬੋਲੀ ਰਾਹੀਂ ਸਮੁੱਚੇ ਸਮਾਜ ਅਤੇ ਹਿੰਦੀ ਜਾਂ ਅੰਗਰੇਜ਼ੀ ਰਾਹੀਂ ਦੂਜਿਆਂ ਸੂਬਿਆਂ ਅਤੇ ਕੌਮਾਂਤਰੀ ਪੱਧਰ ਉੱਤੇ ਪਹੁੰਚਾਉਣ ਦਾ ਕੰਮ ਸਰਗਰਮੀ ਨਾਲ ਕੀਤਾ ਹੈ।

ਅਸੀਂ ਕਿਸੇ ਤਰ੍ਹਾਂ ਦੀ ਤਨਕੀਦ ਉੱਤੇ ਰੋਕ ਨਹੀਂ ਲਗਾਈ ਪਰ ਬਦਕਲਾਮੀ (ਖ਼ਾਸ ਕਰ ਔਰਤ ਦੋਖੀ ਬੋਲੀ) ਜਾਂ ਦੁਕਾਨਦਾਰੀ (ਇਸ਼ਤਿਹਾਰ) ਰੋਕਣ ਵਿੱਚ ਢਿੱਲ ਨਹੀਂ ਵਰਤੀ। ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਆਪਣੇ ਖਿੱਤੇ ਦੇ ਅਦਾਰਿਆਂ ਵਿੱਚੋਂ ਸਭ ਤੋਂ ਵੱਧ ਅਸਰਦਾਰ ਸੋਸ਼ਲ ਮੀਡੀਆ ਪਲੇਟਫਾਰਮ ਉਸਾਰਿਆ ਹੈ। ਇਸ ਮੌਕੇ ਮੈਂ ਆਪਣੇ ਸੰਗੀਆਂ-ਸਾਥੀਆਂ ਦੇ ਨਾਲ-ਨਾਲ ਚਾਂਦਮਾਰੀ ਵਿੱਚ ਰੁਝੇ ਰਹੇ ‘ਸੱਜਣਾਂ’ ਦਾ ਧੰੰਨਵਾਦ ਕਰਦਾ ਹੈ। ਸੰਗੀਆਂ-ਸਾਥੀਆਂ ਦਾ ਧੰਨਵਾਦ ਕਰਦਿਆਂ ਮੇਰੇ ਦਿਲ ਵਿੱਚ ਨਿੱਘ ਦਾ ਅਹਿਸਾਸ ਹੈ ਅਤੇ ਬਾਕੀ ‘ਸੱਜਣਾਂ’ ਦਾ ਧੰਨਵਾਦ ਕਰਦਿਆਂ ਨਿਮਰਤਾ ਦਾ ਤਕਾਜ਼ਾ ਹੈ। ਮੈਂ ਚੰਗੇ ਅਤੇ ਮਿੱਠੇ ਤਜਰਬਿਆਂ ਨੂੰ ਯਾਦ ਰੱਖਾਂਗਾ ਅਤੇ ਕੌੜੇ ਤਜਰਬਿਆਂ ਨੂੰ ਪੇਸ਼ੇਵਰ ਬੋਝਾ ਸਮਝ ਕੇ ਛੱਡ ਜਾਵਾਂਗਾ।

ਇਹ ਦਰਜ ਕਰਨਾ ਬਣਦਾ ਹੈ ਕਿ ਜੇ ਅਸੀਂ ਆਪਣੇ ਕੰਮ ਦੌਰਾਨ ਖੋਜ ਦੇ ਉੱਚ-ਦੁਮਾਲੜੇ ਮਿਆਰ ਤੋਂ ਜਾਣੂ ਹੋਏ ਤਾਂ ਸਾਨੂੰ ਪੱਤਰਕਾਰੀ ਅਤੇ ਯੂਨੀਵਰਸਿਟੀ ਦੀ ਅਕਾਦਮਿਕ/ਸਮਾਜਿਕ ਵਿਹਾਰ ਵਿੱਚ ਆਏ ਨਿਘਾਰ ਦੀ ਥਾਹ ਵੀ ਪਈ। ਇਸ ਤਜਰਬੇ ਵਿੱਚੋਂ ਇਹ ਸਮਝ ਬਣੀ ਕਿ ਮੌਜੂਦਾ ਦੌਰ ਵਿੱਚ ਆਵਾਮੀ ਅਦਾਰਿਆਂ ਨੂੰ ਆਵਾਮ ਪੱਖੀ ਰੱਖਣ ਦਾ ਕੰਮ ਬਹੁਤ ਅਹਿਮ ਹੈ ਅਤੇ ਅਦਾਰਿਆਂ ਦੀ ਉਸਾਰੀ ਹਰ ਦਿਨ ਲੋੜੀਂਦੀ ਹੈ।

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਲੋਕ ਸੰਪਰਕ ਵਲੋ ਚਾਰਜ ਛੱਡਣ ਤੋਂ ਪਹਿਲਾਂ ਸਹਿਕਰਮੀ ਨੂੰ ਆਖ਼ਰੀ ਖੱਤ ਲਿਖਿਆ
ਡਾ. ਸਰਬਜੀਤ ਸਿੰਘ ਕੰਗਣੀਵਾਲ ਪੰਜਾਬੀ ਯੂਨੀਵਰਸਿਟੀ ਵਿਖੇ ਡਾਇਰੈਕਟਰ, ਲੋਕ ਸੰਪਰਕ ਵਜੋਂ ਨਿਯੁਕਤ ਹੋਏ ਹਨ।

ਅਦਾਰੇ ਦੀ ਉਸਾਰੀ, ਸਮਾਜਿਕ ਅਕਸ ਅਤੇ ਤਰੱਕੀਪਸੰਦੀ ਦੇ ਮਾਮਲਿਆਂ ਵਿੱਚ ਵਾਈਸ ਚਾਂਸਲਰ ਸਾਹਿਬ ਦੀ ਸੇਧ ਸਪਸ਼ਟ ਹੋਣ ਕਾਰਨ ਕੰਮ ਕਰਨਾ ਕੁਝ ਸੁਖਾਲਾ ਲੱਗਿਆ ਅਤੇ ਜ਼ਿੰਮੇਵਾਰੀ ਦੀ ਅਹਿਸਾਸ ਵਧੇਰੇ ਹੋਇਆ। ਮੈਨੂੰ ਇਹ ਦਰਜ ਕਰਨਾ ਜ਼ਰੂਰੀ ਲੱਗਦਾ ਹੈ ਕਿ ਲੋਕ ਸੰਪਰਕ ਮਹਿਕਮਾ ਮੇਰੀ ਪਸੰਦ ਕਦੇ ਨਹੀਂ ਰਿਹਾ ਪਰ ਕੰਮ ਦੀ ਸੰਜੀਦਗੀ ਦੇ ਮਾਮਲੇ ਵਿੱਚ ਅਸੀਂ ਕਦੇ ਕੋਈ ਤਾਣ ਬਚਾ ਕੇ ਨਹੀਂ ਰੱਖਿਆ। ਵਾਈਸ ਚਾਂਸਲਰ ਸਾਹਿਬ ਜੀ ਦੀ ਦਿੱਤੀ ਇਸ ਜ਼ਿੰਮੇਵਾਰੀ ਲਈ ਮੈਂ ਉਨ੍ਹਾਂ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਇਸ ਨਾਲ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦੇ ਆਪਣੇ ਕੰਮ-ਬੇਲੀਆਂ ਦਾ ਧੰਨਵਾਦ ਕਰਨਾ ਮੇਰੀ ਸ਼ਬਦ ਸੀਮਾ ਤੋਂ ਬਾਹਰ ਹੈ ਪਰ ਉਹ ਇਸ ਦੀ ਥਾਹ ਪਾਉਣ ਦੇ ਸਮਰੱਥ ਹਨ। ਇਸ ਦੌਰਾਨ ਜੇ ਕੋਈ ਗ਼ਲਤੀ ਹੋਈ ਹੋਵੇ ਤਾਂ ਉਸ ਬਾਰੇ ਇਹੋ ਕਹਿ ਸਕਦਾ ਹੈ ਕਿ ਉਹ ਮੇਰੇ ਇਰਾਦੇ ਦਾ ਨਹੀਂ ਸਗੋਂ ਮੇਰੀ ਅਣਜਾਣਤਾ ਦਾ ਨਤੀਜਾ ਹੋਵੇਗੀ। ਮੈਂ ਆਸ ਕਰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਗਿਆਨ, ਵਿਗਿਆਨ ਅਤੇ ਸ਼ਊਰ ਦੇ ਨਵੇਂ ਦਿਸਹੱਦੇ ਹਾਸਿਲ ਕਰੇਗੀ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੀ ਸਮਰੱਥਾ ਮੂਜ਼ਬ ਹਰ ਅਦਾਰੇ ਦੇ ਕੰਮ ਲਈ ਹਾਜ਼ਰ ਰਹਾਂਗਾ। ਦਿਲ ਵਿੱਚ ਨਿੱਘ ਵਸਾਉਣ ਵਾਲੇ ਅਤੇ ਸਮੇਂ ਸਿਰ ਮੱਤ ਦੇਣ ਵਾਲੇ ਜੀਆਂ ਦਾ ਤਾਉਮਰ ਸ਼ੁਕਰਗੁਜ਼ਾਰ ਰਹਾਂਗਾ।

ਅੱਜ ਦੋ ਫਰਵਰੀ ਨੂੰ ਡਾਇਰੈਕਟਰ ਲੋਕ ਸੰਪਰਕ ਦੇ ਅਹੁਦੇ ਉੱਤੇ ਚੁਣੇ ਜਾਣ ਉਪਰੰਤ ਡਾ. ਸਰਬਜੀਤ ਸਿੰਘ ਕੰਗਣੀਵਾਲ ਨੇ ਇਹ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਨਵੇਂ ਆਏ ਡਾਇਰੈਕਟਰ ਡਾ. ਸਰਬਜੀਤ ਸਿੰਘ ਕੰਗਣੀਵਾਲ ਨੂੰ ਸ਼ੁੱਭ ਕਾਮਨਾਵਾਂ ਦਿੰਦਾ ਹੋਇਆ ਇਸ ਅਹੁਦੇ ਤੋਂ ਆਖ਼ਰੀ ਖੱਤ ਆਪ ਜੀ ਦੇ ਨਾਮ ਲਿਖ ਰਿਹਾ ਹਾਂ।