ਨਗਰ ਕੌਂਸਲ ਦੇ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ ਨੇ 19 ਦਸੰਬਰ ਦੀ ਮੀਟਿੰਗ ਵਿੱਚ ਅਤੇ ਬਾਹਰ ਰੱਜ ਕੇ ਝੂਠ ਬੋਲਿਆ: ਪਰਮਜੀਤ ਸਿੰਘ ਮੱਕੜ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,23 ਦਸੰਬਰ,2025
ਨਗਰ ਕੌਂਸਲ ਦੇ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ ਅਤੇ ਕੁਝ ਕੌਂਸਲਰ ਸਾਹਿਬਾਨ ਨੇ 19 ਦਸੰਬਰ ਦੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਅਤੇ ਬਾਹਰ ਇਲਾਕੇ ਦੇ ਲੋਕਾਂ ਵਿੱਚ ਰੱਜ ਕੇ ਝੂਠ ਬੋਲਿਆ ਹੈ ਇਹ ਪ੍ਰਗਟਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਜਿਸ ਦੇ ਸਬੂਤ ਵਜੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਆਪਣੇ ਕਾਰਜਕਾਲ ਸਮੇਂ ਨਗਰ ਕੌਂਸਲ ਦੀ ਹੱਦ ਵਧਾਉਣ ਦੇ ਮਤੇ ਦੀ ਕਾਪੀ ਅਤੇ ਸਾਲ 2018 ਦੇ ਨੋਟੀਫਿਕੇਸ਼ਨ ਦੀ ਕਾਪੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੀ। ਉਹਨਾਂ ਕਿਹਾ ਕਿ 19 ਦਸੰਬਰ ਦੀ ਮੀਟਿੰਗ ਤੋਂ ਬਾਅਦ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸਾਹਮਣੇ ਸਭ ਤੋਂ ਵੱਧ ਖੱਪ ਪਾਉਣ ਵਾਲੇ ਸੀਨੀਅਰ ਮੀਤ ਪ੍ਰਧਾਨ ਰਾਜੂ ਸਤਿਆਲ ਦੇ ਪਿਤਾ ਜੀ ਸਵਰਗੀ ਸਰਦਾਰ ਅਮਰਜੀਤ ਸਿੰਘ ਸਤਿਆਲ ਜਿਸ ਸਮੇਂ ਪ੍ਰਧਾਨ ਸਨ ਉਸ ਸਮੇਂ 2012 ਵਿੱਚ ਉਹਨਾਂ ਵੱਲੋਂ ਸ਼ਹਿਰ ਦੀ ਹੱਦ ਵਧਾਉਣ ਦਾ ਮਤਾ ਪਾਇਆ ਗਿਆ ਸੀ। ਜਿਸ ਦਾ ਨੋਟੀਫਿਕੇਸ਼ਨ ਉਹ ਨਹੀਂ ਕਰਵਾ ਸਕੇ।
ਉਹਨਾਂ ਕਿਹਾ ਕਿ ਜਦੋਂ 2015 ਵਿੱਚ ਉਹ ਪ੍ਰਧਾਨ ਬਣੇ ਤਾਂ ਉਹਨਾਂ ਦੀ ਟੀਮ ਦੇ ਧਿਆਨ ਵਿੱਚ ਆਇਆ ਕਿ ਸ਼ਹਿਰ ਵਿੱਚ ਖੁਸ਼ਹਾਲ ਨਗਰ ,ਨਿਊ ਆਦਰਸ਼ ਨਗਰ ਆਦਿਕ ਕੁਝ ਇਹੋ ਜਿਹੇ ਇਲਾਕੇ ਸਨ ਜਿਨਾਂ ਦੀਆਂ ਵੋਟਾਂ ਤਾਂ ਨਗਰ ਕੌਂਸਲ ਵਿੱਚ ਬਣੀਆਂ ਹੋਈਆਂ ਸਨ ਜਨਗਣਨਾ ਵਿੱਚ ਵੀ ਉਹ ਇਲਾਕੇ ਰੂਪ ਨਗਰ ਸ਼ਹਿਰ ਵਿੱਚ ਸ਼ਾਮਿਲ ਹੁੰਦੇ ਸਨ ਪਰ 1977 ਦੇ ਨੋਟੀਫਿਕੇਸ਼ਨ ਵਿੱਚ ਉਹ ਇਲਾਕੇ ਕਿਸੀ ਕਾਰਨ ਵਸ਼ ਸ਼ਹਿਰ ਤੋਂ ਬਾਹਰ ਰਹਿ ਗਏ ਸਨ। ਜਿਸ ਕਾਰਨ ਉਹਨਾਂ ਵੱਲੋਂ ਮਤਾ ਨੰਬਰ 186 ਜਿਸ ਦੀ ਕਾਪੀ ਉਹਨਾਂ ਪੱਤਰਕਾਰਾਂ ਸਾਹਮਣੇ ਪੇਸ਼ ਕੀਤੀ ਮਤੇ ਦੇ ਮੁਤਾਬਕ ਕੇਵਲ ਨਗਰ ਕੌਂਸਲ ਦੇ ਵਾਰਡ ਨੰਬਰ 10 ਦੇ ਪਿੰਡ ਸੁਖਰਾਮ ਪੁਰ ਟੱਪਰੀਆਂ ਦੀ ਪੁਰਾਣੀ ਸਰਹੰਦ ਕੈਨਾਲ ਦੇ ਛਿਪਦੇ ਪਾਸੇ ਵਾਲਾ ਸਾਰਾ ਏਰੀਆ,ਨਿਊ ਆਦਰਸ਼ ਨਗਰ, ਖੁਸ਼ਹਾਲ ਨਗਰ,ਮਾਡਲ ਟਾਊਨ ਅਤੇ ਰਾਮਬਾਗ ਕਲੋਨੀ, ਕੁਸ਼ਟ ਆਸ਼ਰਮ ਦੇ ਨਾਲ ਲੱਗਦਾ ਏਰੀਆ, ਪਿੰਡ ਛੋਟੀ ਹਵੇਲੀ ਦੇ ਦੱਖਣ ਦਾ ਪੁੱਡਾ ਅਪਰੂਵਡ ਕਲੋਨੀ ਹੇਮਕੁੰਟ ਇਨਕਲੇਵ ਤੋਂ ਅਗਲੀ ਰੋਡ ਦੇ ਬੰਨੇ ਤੱਕ ਸਨ ਸਿਟੀ ਟੂ, ਅਤੇ ਇਸ ਤੋਂ ਇਲਾਵਾ ਇਹਨਾਂ ਕਲੋਨੀਆਂ ਦੇ ਨਾਲ ਬਾਹਰੀ ਵਸੋਂ, ਪਿੰਡ ਅਰਾਜੀ ਰੋਪੜ ਦਾ ਪੁੱਡਾ ਅਪਰੂਵਡ ਕਲੋਨੀ ਦਾ ਏਰੀਆ, ਪਿੰਡ ਸ਼ਾਮਪੁਰਾ ਦਾ ਛਿਪਦੇ ਪਾਸੇ ਦਾ ਅਕੈਡਮੀ ਵਾਲਾ ਏਰੀਆ, ਪਿੰਡ ਬੜੀ ਹਵੇਲੀ ਦਾ ਵੱਡੇ ਟਾਵਰ ਅਤੇ ਜੇ ਐਸ ਰਿਜ਼ੋਰਟ ਦੇ ਨਾਲ ਲੱਗਦਾ ਏਰੀਆ ਬਾਈਪਾਸ ਅਤੇ ਉਸ ਤੋਂ ਅੱਗੇ ਪਿੰਡ ਬੜੀ ਹਵੇਲੀ ਦੀ ਦਰਿਆ ਹੱਦਾਂ ਦਾ ਏਰੀਆ ਪਿੰਡ ਹੁਸੈਨਪੁਰਾ ਦਾ ਆਈ ਟੀ ਆਈ ਵਾਲਾ ਪਾਸਾ ਅਤੇ ਉੱਤਰ ਦਾ ਪਾਸਾ, ਕੰਡੇ ਦੀ ਬੈਕ ਰਾਇਲ ਪੈਲਸ ਦੇ ਨਾਲ ਲੱਗਦੀ ਰਿਹਾਇਸ਼ੀ ਏਰੀਆ ਪੁੱਡਾ ਅਪਰੂਵਡ ਕਲੋਨੀ ਗੋਲਡਨ ਸਿਟੀ ਦਾ ਏਰੀਆ, ਪਿੰਡ ਨਾਨਕਪੁਰਾ ਦਾ ਗ੍ਰੀਨ ਐਵੀਨਿਊ ਦਾ ਏਰੀਆ, ਅਤੇ ਆਈਟੀਆਈ ਦਾ ਬੈਕ ਵਾਲੇ ਰਸਤੇ ਤੱਕ ਦਾ ਏਰੀਆ, ਪਿੰਡ ਰੋਪੜ ਦਾ ਭਾਖੜਾ ਨਹਿਰ ਦੀ ਚੜਦੇ ਪਾਸੇ ਦੀ ਆਬਾਦੀ ਗੋਬਿੰਦ ਵੈਲੀ ਦਾ ਬੈਕ ਵਾਲੇ ਰਸਤੇ ਤੱਕ ਦਾ ਏਰੀਆ ਮਿਊਨਸੀਪਲ ਲਿਮਿਟ ਵਿੱਚ ਸ਼ਾਮਿਲ ਕਰਾਉਣ ਦਾ ਮਤਾ ਪਾਇਆ ਗਿਆ ਸੀ
ਉਹਨਾਂ ਦੱਸਿਆ ਕਿ ਉਸ ਸਮੇਂ ਇਹ ਉਪਰੋਕਤ ਵਿੱਚੋਂ ਜਿਆਦਾਤਰ ਇਲਾਕੇ ਜਿਨਾਂ ਵਿੱਚ ਵੋਟਾਂ ਵੀ ਨਗਰ ਕੌਂਸਲ ਦੀਆਂ ਬਣੀਆਂ ਹੋਈਆਂ ਸਨ ਪਿੰਡ ਸੁਖਰਾਮ ਪੁਰ ਟੱਪਰੀਆਂ ਅਤੇ ਬੜੀ ਹਵੇਲੀ,ਪਿੰਡ ਸਦਾ ਵਰਤ ਲਿਮਿਟ ਨੋਟੀਫਿਕੇਸ਼ਨ 1977 ਮੁਤਾਬਕ ਪਹਿਲਾਂ ਹੀ ਨਗਰ ਕੌਂਸਲ ਵਿੱਚ ਮਰਜ ਸਨ। ਪਰ ਇਹ ਉਪਰੋਕਤ ਇਲਾਕੇ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਸ਼ਹਿਰ ਵਿੱਚ ਨਹੀਂ ਆਏ ਅਤੇ ਇਹ ਸ਼ਹਿਰ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਸਨ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਪਿੰਡ ਅਤੇ ਕੌਂਸਲ ਵਿੱਚ ਨਾ ਹੋਣ ਕਾਰਨ ਬਹੁਤ ਜਿਆਦਾ ਦਿੱਕਤਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਦੇ ਸਰਟੀਫਿਕੇਟ ਦੀਆਂ ਵੈਰੀਫਿਕੇਸ਼ਨਾਂ ਅਤੇ ਵਿਕਾਸ ਦੇ ਕੰਮ ਕਰਾਉਣ ਲਈ ਮੁਸ਼ਕਿਲ ਪੇਸ਼ ਆਉਂਦੀ ਸੀ ਨਗਰ ਕੌਂਸਲ ਦੇ ਇਹਨਾਂ ਵਾਰਡਾਂ ਦੇ ਕੌਂਸਲਰ ਸਾਹਿਬਾਨ ਵੱਲੋਂ ਉਕਤ ਏਰੀਏ ਨੂੰ ਨਗਰ ਕੌਂਸਲ ਵਿੱਚ ਸ਼ਾਮਿਲ ਕਰਨ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਇਹ ਲਿਮਿਟ ਨੋਟੀਫਿਕੇਸ਼ਨ 1977 ਵਿੱਚ ਪੁਰਾਣੇ ਬਾਹਰ ਰਹਿ ਗਏ ਖਸਰਾ ਨੰਬਰਾਂ ਨੂੰ ਦੁਬਾਰਾ ਸ਼ਾਮਿਲ ਕਰਨ ਲਈ ਲਿਮਿਟ ਨੋਟੀਫਿਕੇਸ਼ਨ 1977 ਵਿੱਚ ਸੋਧ ਕਰਨ ਲਈ ਮਤਾ ਪਾਇਆ ਗਿਆ ਸੀ।

ਉਹਨਾਂ ਇਹ ਵੀ ਕਿਹਾ ਕਿ ਜਿਸ ਸਮੇਂ ਮੀਟਿੰਗ ਵਿੱਚ ਇਹ ਮਤਾ ਪਾਇਆ ਗਿਆ ਤਾਂ ਉਸ ਸਮੇਂ ਇਸੀ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੇ ਇਸ ਮਤੇ ਦੇ ਵਿਰੁੱਧ ਬਕਾਇਦਾ ਤੌਰ ਤੇ ਲਿਖਤੀ ਤੌਰ ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ।।ਅਤੇ ਕਿਹਾ ਸੀ ਕਿ ਇਹ ਮਤਾ ਲੋਕ ਵਿਰੋਧੀ ਹੈ । ਉਹਨਾਂ ਸਵਾਲ ਕੀਤਾ ਕਿ ਅੱਜ ਇਹ ਮਤਾ ਲੋਕ ਹਿਤੈਸ਼ੀ ਕਿਵੇਂ ਹੋ ਗਿਆ ।
ਉਹਨਾਂ ਦੋਸ਼ ਲਾਇਆ ਕਿ ਇਲਾਕੇ ਦੇ ਲੋਕਾਂ ਸਾਹਮਣੇ ਆਪਣੀ ਦੁਰਗਤੀ ਹੁੰਦੀ ਦੇਖ ਕੇ ਨਗਰ ਕੌਂਸਲ ਪ੍ਰਧਾਨ ਅਤੇ ਉਸਦੇ ਸਾਥੀਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਪਪਰਾਲਾ ਅਤੇ ਹੋਰ ਕਈ ਪਿੰਡ ਸਾਲ 2018 ਵਿੱਚ ਨਗਰ ਕੌਂਸਲ ਵਿੱਚ ਮਰਜ ਕੀਤੇ ਗਏ ਹਨ। ਜਿਸ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਅਤੇ ਉਸਦੇ ਸਾਥੀਆਂ ਨੂੰ ਪਬਲਿਕ ਮੂਹਰੇ ਸ਼ਰੇਆਂਮ ਅਤੇ ਬੇਸ਼ਰਮੀ ਨਾਲ ਝੂਠ ਬੋਲਣ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਤਾਰ ਕੇ ਇਕ ਦਮ ਨਵੇਂ ਪ੍ਰਧਾਨ ਦੀ ਚੋਣ ਇਸ ਕਰਕੇ ਹੀ ਕੀਤੀ ਗਈ ਸੀ ਕਿ ਇਹੋ ਜਿਹੇ ਮਤੇ ਪਾਸ ਕੀਤੇ ਜਾਣ ।ਉਹਨਾਂ ਕਿਹਾ ਕਿ ਮੌਜੂਦਾ ਨਗਰ ਕੌਂਸਲ ਜੋ ਸ਼ਹਿਰ ਦਾ ਵਿਕਾਸ ਤਾਂ ਨਹੀਂ ਕਰ ਸਕੀ ਪਰ ਹੁਣ ਜਾਣ ਵੇਲੇ ਸ਼ਹਿਰ ਦਾ ਭੱਠਾ ਬਿਠਾਉਣ ਤੇ ਤੁਲੀ ਹੋਈ ਹੈ।
ਉਹਨਾਂ ਕਿਹਾ ਕਿ ਜੇਕਰ ਇਹ 16 ਪਿੰਡ ਵੀ ਸ਼ਹਿਰ ਵਿੱਚ ਮਰਜ ਕਰ ਦਿੱਤੇ ਗਏ ਤਾਂ ਪਿੰਡਾਂ ਵਾਲਿਆਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਸ਼ਹਿਰ ਵਾਸੀਆਂ ਨੂੰ ਵੀ ਮੁਸ਼ਕਿਲ ਪੇਸ਼ ਆਵੇਗੀ। ਉਹਨਾਂ ਕਿਹਾ ਕਿ ਨਗਰ ਕੌਂਸਲ ਪਹਿਲਾਂ ਹੀ ਸ਼ਹਿਰ ਨੂੰ ਮੂਲ ਭੂਤ ਸੁਵਿਧਾਵਾਂ ਦੇਣ ਵਿੱਚ ਅਸਫਲ ਸਾਬਤ ਹੋ ਰਹੀ ਹੈ ਜਦੋਂ ਇਹ ਪਿੰਡ ਵੀ ਨਗਰ ਕੌਂਸਲ ਵਿੱਚ ਸ਼ਾਮਿਲ ਕਰ ਲਏ ਜਾਣਗੇ ਤਾਂ ਸ਼ਹਿਰ ਦਾ ਕੀ ਹਾਲ ਹੋਵੇਗਾ।ਇਸ ਮੌਕੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ,
ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ,ਯੂਥ ਆਗੂ ਕਰਨਵੀਰ ਸਿੰਘ ਗਿਨੀ ਜੌਲੀ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ ਜ਼ਿਲਾ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ ਸੁਖਵਿੰਦਰ ਸਿੰਘ ਪਟਵਾਰੀ ਅਤੇ ਹਰਵਿੰਦਰ ਸਿੰਘ ਖੈਰਾਬਾਦ ਮੌਜੂਦ ਸਨ ।










