ਸ਼ੰਭੂ ਨੇੜੇ ਹਾਈਵੇਅ ਤੋਂ ਕਾਰ ਖੋਹ ਦੀ ਵਾਰਦਾਤ ਹੱਲ ;ਵਰਨਾ ਕਾਰ ਖੋਹਣ ਵਾਲੇ 3 ਕਾਬੂ, 2 ਪਿਸਤੌਲ ਤੇ 8 ਰੌਂਦ ਬਰਾਮਦ

322

ਸ਼ੰਭੂ ਨੇੜੇ ਹਾਈਵੇਅ ਤੋਂ ਕਾਰ ਖੋਹ ਦੀ ਵਾਰਦਾਤ ਹੱਲ ;ਵਰਨਾ ਕਾਰ ਖੋਹਣ ਵਾਲੇ 3 ਕਾਬੂ, 2 ਪਿਸਤੌਲ ਤੇ 8 ਰੌਂਦ ਬਰਾਮਦ

ਪਟਿਆਲਾ, 21 ਮਾਰਚ 2022:
ਪਟਿਆਲਾ ਪੁਲਿਸ ਨੇ ਜੇਲ ‘ਚ ਬੰਦ ਅਪਰਾਧੀਆਂ ਨਾਲ ਸਬੰਧ ਰੱਖਣ ਵਾਲੇ ਤਿੰਨ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਸ਼ੰਭੂ ਨੇੜੇ ਹਾਈਵੇਅ ‘ਤੇ ਪਿਸਤੌਲ ਦੀ ਨੌਕ ‘ਤੇ ਵਰਨਾ ਕਾਰ ਖੋਹੀ ਸੀ। ਇਹ ਜਾਣਕਾਰੀ ਦੇਣ ਲਈ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਕਾਬੂ ਕੀਤੇ ਜਾਣ ਨਾਲ ਜਿੱਥੇ ਕਾਰ ਖੋਹ ਦੀ ਵਾਰਦਾਤ ਹੱਲ ਹੋਈ ਹੈ, ਉਥੇ ਹੀ ਨੇੜ ਭਵਿੱਖ ਵਿੱਚ ਇਨ੍ਹਾਂ ਵੱਲੋਂ ਵਿਊਂਤੀ ਗਈ ਵੱਡੀ ਵਾਰਦਾਤ ਤੋਂ ਵੀ ਬਚਾਅ ਹੋ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਜਾਂਚ ਅਜੈਪਾਲ ਸਿੰਘ, ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਦੇ ਇੰਚਾਰਚ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ 27 ਸਾਲਾ 12ਵੀਂ ਪਾਸ ਤੇ ਖੇਤੀਬਾੜੀ ਕਰਦਾ, ਪਵਨਦੀਪ ਸਿੰਘ ਪਵਨ ਗਰਚਾ ਪੁੱਤਰ ਪ੍ਰਧਾਨ ਸਿੰਘ ਵਾਸੀ ਪਿੰਡ ਬਿਲਗਾ, ਲੁਧਿਆਣਾ, ਜਿਸ ਵਿਰੁੱਧ ਪਹਿਲਾਂ ਵੀ 3 ਮਾਮਲੇ ਦਰਜ ਹਨ ਤੋਂ ਇਲਾਵਾ 10ਵੀਂ ਪਾਸ 23 ਸਾਲਾ ਲੇਬਰ ਦਾ ਕੰਮ ਕਰਦਾ ਮਨਵਿੰਦਰ ਸਿੰਘ ਉਰਫ ਚਮਕੌਰ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਖਾਪੜ ਖੇੜੀ ਥਾਣਾ ਘਰਿੰਡਾ ਅੰਮ੍ਰਿਤਸਰ, ਜਿਸ ਵਿਰੁੱਧ ਪਹਿਲਾਂ 5 ਮਾਮਲੇ ਦਰਜ ਹਨ, ਸਮੇਤ 35 ਸਾਲਾ ਅਨਪੜ੍ਹ ਤੇ ਡਰਾਇਵਰੀ ਕਰਦੇ ਰਣਯੋਧ ਸਿੰਘ ਜੋਤੀ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਜਵਾਹਰ ਸਿੰਘ ਵਾਲਾ ਥਾਣਾ ਨਿਹਾਲ ਸਿੰਘ ਵਾਲਾ ਮੋਗਾ, ਜਿਸ ਵਿਰੁੱਧ ਪਹਿਲਾਂ ਵੀ 3 ਮਾਮਲੇ ਦਰਜ ਹਨ, ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਖੋਹ ਕੀਤੀ ਵਰਨਾ ਕਾਰ ਤੇ 6 ਰੌਂਦਾਂ ਸਮੇਤ 32 ਬੋਰ ਪਿਸਟਲ 32 ਬੋਰ ਅਤੇ ਇੱਕ ਹੋਰ ਪਿਸਤੌਲ 315 ਬੋਰ ਤੇ 2 ਰੌਂਦਾਂ ਸਮੇਤ ਵਾਰਦਾਤ ‘ਚ ਵਰਤੀ ਸਵਿਫ਼ਟ ਕਾਰ ਵੀ ਬ੍ਰਾਮਦ ਕੀਤੀ ਹੈ।

ਐਸ.ਐਸ.ਪੀ. ਨੇ ਵਾਰਦਾਤ ਦਾ ਵੇਰਵਾ ਦਿੰਦਿਆਂ ਦੱਸਿਆ ਕਿ 28 ਫਰਵਰੀ 2022 ਨੂੰ ਆਈ.ਸੀ.ਆਈ.ਸੀ.ਬੈਕ ਬ੍ਰਾਚ ਰਾਜਪੁਰਾ ਵਿੱਚ ਬਤੌਰ ਡਿਪਟੀ ਮੇਨੈਜਰ/ਕੈਸ਼ੀਅਰ ਕੰਮ ਕਰਦੇ ਅਜੈਬ ਸਿੰਘ ਵਾਸੀ ਦੇਵੀਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਸ ਰਾਤ ਕਰੀਬ ਸਾਢੇ 7 ਵਜੇ ਜਦੋਂ ਉਹ ਸ਼ੰਭੂ ਨੇੜੇ ਘੱਗਰ ਸਰਾਏ ਪੁਲ ਵਿਖੇ ਖੜ੍ਹਾ ਸੀ ਤਾਂ ਇੱਕ ਸਵੀਫਟ ਕਾਰ ਉਸਦੀ ਕਾਰ ਪਿੱਛੇ ਆਕੇ ਰੁਕੀ ਜਿਸ ਵਿਚੋਂ ਦੋ ਨੌਜਵਾਨ ਥੱਲੇ ਉਤਰਕੇ ਆਏ ਅਤੇ ਇੱਕ ਨੇ ਰਸਤਾ ਪੁੱਛਣ ਦੇ ਬਹਾਨੇ ਪਿਸਟਲ ਪੁਆਇਟ ‘ਤੇ ਉਸ ਨੂੰ ਤਾਕੀ ‘ਚੋਂ ਬਾਹਰ ਖਿਚ ਲਿਆ ਅਤੇ ਦੂਸਰੇ ਨੇ ਜਮੀਨ ਵੱਲ ਫਾਇਰ ਮਾਰ ਕੇ ਉਸ ਦੀ ਵਰਨਾ ਕਾਰ ਖੋਹ ਲਈ। ਇਸ ਸਬੰਧੀ ਮੁਕੱਦਮਾ ਨੰਬਰ 29 ਮਿਤੀ 01-03-2022 ਅ/ਧ 379ਬੀ/392,34 ਹਿੰ:ਦਿੰ: 25 ਅਸਲਾ ਐਕਟ ਥਾਣਾ ਸ਼ੰਭੂ ਵਿਖੇ ਦਰਜ ਕੀਤਾ ਗਿਆ ਸੀ।

ਸ਼ੰਭੂ ਨੇੜੇ ਹਾਈਵੇਅ ਤੋਂ ਕਾਰ ਖੋਹ ਦੀ ਵਾਰਦਾਤ ਹੱਲ ;ਵਰਨਾ ਕਾਰ ਖੋਹਣ ਵਾਲੇ 3 ਕਾਬੂ, 2 ਪਿਸਤੌਲ ਤੇ 8 ਰੌਂਦ ਬਰਾਮਦ

ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਇੱਕ ਵਿਸ਼ੇਸ਼ ਉਪਰੇਸ਼ਨ ਚਲਾਇਆ ਜਿਸ ਤਹਿਤ 20 ਮਾਰਚ ਨੂੰ ਏ.ਐਸ.ਆਈ.ਸੁਖਵਿੰਦਰ ਸਿੰਘ ਤੇ ਹੌਲਦਾਰ ਅਵਤਾਰ ਸਿੰਘ ਦੀ ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਮਰਦਾਪੁਰ ਤੋਂ ਸ਼ੰਭੂ ਜਾਂਦੀ ਰੋਡ ਨੇੜੇ ਰੇਲਵੇ ਲਾਇਨ ‘ਤੇ ਨਾਕਾਬੰਦੀ ਦੌਰਾਨ ਘਨੌਰ ਤੋਂ ਆਉਂਦੀ ਕਾਰ ਚਾਲਕਾਂ ਨੂੰ ਕਾਬੂ ਕਰਕੇ ਕੀਤਾ, ਜਿਨ੍ਹਾਂ ਦੀ ਪਛਾਣ, ਉਕਤ ਵਾਰਦਾਤ ‘ਚ ਸ਼ਾਮਲ ਵਿਅਕਤੀਆਂ ਵਜੋਂ ਹੋਈ। ਇਨ੍ਹਾਂ ਕੋਲੋਂ ਹਥਿਆਰ ਬ੍ਰਾਮਦ ਹੋਏ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਖੋਹੀ ਵਰਨਾ ਕਾਰ ਵੀ ਬਰਾਮਦ ਕਰ ਲਈ ਗਈ।

ਡਾ. ਗਰਗ ਨੇ ਅੱਗੇ ਦੱਸਿਆ ਕਿ ਇਹ ਸਾਰੇ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਹਨ, ਜਿਨ੍ਹਾਂ ਦੇ ਜੇਲਾਂ ‘ਚ ਬੰਦ ਵੱਡੇ ਤੇ ਖ਼ਤਰਨਾਕ ਅਪਰਾਧੀਆਂ ਨਾਲ ਸਬੰਧ ਸਾਹਮਣੇ ਆਏ ਹਨ, ਜੋਕਿ ਹਰਿਆਣਾ ਤੋਂ ਸ਼ਰਾਬ ਲਿਆ ਕੇ ਚੰਡੀਗੜ੍ਹ ਵੇਚਦੇ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਜਿਸ ਲਈ ਇੰਨ੍ਹਾਂ ਨੇ ਵਰਨਾ ਖੋਹੀ ਸੀ। ਉਨ੍ਹਾਂ ਕਿਹਾ ਕਿ ਪਵਨਦੀਪ ਸਿੰਘ ਦੀ ਦੁਸ਼ਮਨੀ ਉਸ ਦੇ ਪਿੰਡ ਵਾਸੀ ਮਨਪ੍ਰੀਤ ਸਿੰਘ ਮੰਨਾ ਨਾਲ ਹੈ, ਜਿਸ ਨੇ ਉਸਦੇ ਸੱਟਾਂ ਮਾਰੀਆਂ ਸਨ, ਜਿਸ ਸਬੰਧੀ ਥਾਣਾ ਸਾਹਨੇਵਾਲ ਇੱਕ ਮਾਮਲਾ ਵੀ ਦਰਜ ਹੈ ਤੇ ਹੁਣ ਪਵਨਦੀਪ ਸਿੰਘ ਇਸ ਦਾ ਬਦਲਾ ਲੈਣ ਲਈ ਮਨਪ੍ਰੀਤ ਸਿੰਘ ਮੰਨਾ ਦਾ ਵੱਡਾ ਨੁਕਸਾਨ ਕਰਨਾ ਚਾਹੁੰਦਾ ਸੀ, ਜਿਸ ਲਈ ਉਸਨੇ ਆਪਣੇ ਰਿਸ਼ਤੇਦਾਰ ਰਣਯੋਧ ਸਿੰਘ ਜੋਤੀ ਅਤੇ ਮਨਵਿੰਦਰ ਸਿੰਘ ਨੂੰ ਆਪਣੇ ਨਾਲ ਲਾ ਲਿਆ ਸੀ।

ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਕਿਹਾ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਇੱਕ ਵੱਡੀ ਵਾਰਦਾਤ ਤੋਂ ਬਚਾਅ ਤਾਂ ਹੋਇਆ ਹੀ ਹੈ, ਸਗੋਂ ਵਾਰਦਾਤ ਵੀ ਹੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ।