ਰਾਈਸ ਮਿੱਲਰਜ਼ ਐਸੋ. ਪੰਜਾਬ ਦੇ ਪ੍ਰਧਾਨ ਨੇ ਪਰਿਵਾਰ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ’ਚ ਪਟਿਆਲਾ ਪੁਲਿਸ ’ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਲਾਇਆ ਦੋਸ਼
ਪਟਿਆਲਾ, 17 ਜਨਵਰੀ,2025 :
ਰਾਈਸ ਮਿੱਤਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਪਟਿਆਲਾ ਪੁਲਿਸ ’ਤੇ ਦੋਸ਼ ਲਾਇਆ ਹੈ ਕਿ ਉਹਨਾਂ ਦੇ ਪਰਿਵਾਰਕ ’ਤੇ ਤਕਰੀਬਨ ਇਕ ਮਹੀਨਾ ਪਹਿਲਾਂ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਉਹ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਤੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਗੁੰਮਰਾਹ ਕੀਤਾ ਜਾ ਰਿਹਾ ਹੈ।
ਅੱਜ ਇਥੇ ਰਾਈਸ ਮਿੱਤਲਰਜ਼ ਐਸੋਸੀਏਸ਼ਨ ਪੰਜਾਬ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦੇ ਨਾਲ ਮਿਲ ਕੇ ਇਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਿਆਨ ਚੰਦ ਭਾਰਦਵਾਜ ਨੇ ਦੱਸਿਆ ਕਿ ਪਟਿਆਲਾ ਦਾ ਸਰਹਿੰਦ ਰੋਡ ’ਤੇ 1844 ਗਜ਼ ਦਾ ਪਲਾਟ ਹੈ ਜਿਸ ਦੇ ਸਬੰਧ ਵਿਚ ਉਹਨਾਂ ਦਾ ਭੂਸ਼ਣ ਕੁਮਾਰ ਨਾਲ ਅਦਾਲਤੀ ਕੇਸ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਉਹ ਸੈਸ਼ਨਜ਼ ਅਦਾਲਤ ਤੋਂ ਕੇਸ ਜਿੱਤ ਚੁੱਕੇ ਹਨ। ਉਹਨਾਂ ਦੱਸਿਆ ਕਿ ਮਿਤੀ 21 ਅਤੇ 22 ਦਸੰਬਰ 2024 ਨੂੰ ਜਦੋਂ ਅਸੀਂ ਪਲਾਟ ਦੀ ਚਾਰਦੀਵਾਰੀ ਕਰਵਾ ਰਹੇ ਸੀ ਤਾਂ ਭੂਸ਼ਣ ਕੁਮਾਰ, ਉਹਨਾਂ ਦੇ ਪੁੱਤਰ ਵਿਕਰਮ ਕੁਮਾਰ ਤੇ ਉਹਨਾਂ ਦੇ 20-25 ਸਾਥੀ ਪਲਾਟ ’ਤੇ ਆਏ ਜਿਹਨਾਂ ਨੇ ਉਹਨਾਂ ਦੇ ਪੁੱਤਰ ਰਾਜੀਵ ਭਾਰਦਵਾਜ ਤੇ ਭਰਾ ਰਾਜ ਕੁਮਾਰ ਭਾਰਦਵਾਜ ’ਤੇ ਕਾਤਲਾਨਾ ਹਮਲਾ ਕਰ ਦਿੱਤਾ ਤੇ ਬੇਹੋਸ਼ੀ ਦੀ ਹਾਲਤ ਵਿਚ ਉਹਨਾਂ ਨੂੰ ਉਥੇ ਸੁੱਟ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਅਸੀਂ ਤੁਰੰਤ ਉਹਨਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਤੇ ਇਲਾਜ ਕਰਵਾਇਆ ਤੇ ਹੁਣ ਵੀ ਇਲਾਜ ਜਾਰੀ ਹੈ। ਉਹਨਾਂ ਦੱਸਿਆ ਕਿ ਹਮਲੇ ਦੀ ਸਾਰੀ ਘਟਨਾ ਸੀ ਸੀ ਟੀ ਵੀ ਫੁਟੇਜ ਵਿਚ ਕੈਦ ਹੈ ਪਰ ਇਸਦੇ ਬਾਵਜੂਦ ਪਟਿਆਲਾ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਹਨਾਂ ਇਹ ਵੀ ਦੱਸਿਆ ਕਿ ਡੀ ਜੀ ਪੀ ਸਮੇਤ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ।
ਉਹਨਾਂ ਕਿਹਾ ਕਿ ਮੈਨੂੰ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ ਤੇ ਮੁਲਜ਼ਮ ਹਾਲੇ ਵੀ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਡੀ ਜੀ ਪੀ ਤੇ ਗ੍ਰਹਿ ਸਕੱਤਰ ਨੂੰ ਵੀ ਦਰਖ਼ਾਸਤ ਦਿੱਤੀ ਹੈ। ਉਹਨਾਂ ਕਿਹਾ ਕਿ ਪੁਲਿਸ ਬਜਾਏ ਕਾਤਲਾਨਾ ਹਮਲੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ, ਉਲਟਾ ਉਹਨਾਂ ਨੂੰ ਪਲਾਟ ਦੀ ਮਿਣਤੀ ਦੇ ਨੋਟਿਸ ਕੱਢਵਾ ਰਹੀ ਹੈ ਜਦੋਂ ਕਿ ਮਾਮਲਾ ਅਦਾਲਤ ਵਿਚ ਲੰਬਿਤ ਹੈ।
ਇਸ ਮੌਕੇ ਹਾਜ਼ਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪਿਛਲੇ ਦੋ ਸਾਲਾਂ ਤੋਂ ਐਸੋਸੀਏਸ਼ਨ ਹਰ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਸਹਿਯੋਗ ਦੇ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਾਡੇ ਸੂਬਾ ਪ੍ਰਧਾਨ ਤੇ ਪਰਿਵਾਰ ਨੂੰ ਹੀ ਇਨਸਾਫ ਨਾ ਮਿਲਿਆ ਤਾਂ ਇਹ ਬਹੁਤ ਵੱਡੀ ਧੱਕੇਸ਼ਾਹੀ ਹੋਵੇਗੀ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖਲ ਦੇ ਮਾਮਲੇ ਵਿਚ ਇਨਸਾਫ ਦੁਆਉਣ ਤੇ ਮੁਲਜ਼ਮ ਗ੍ਰਿਫਤਾਰ ਕੀਤੇ ਜਾਣ।
ਰਾਈਸ ਮਿੱਲਰਜ਼ ਐਸੋ. ਪੰਜਾਬ ਦੇ ਪ੍ਰਧਾਨ ਨੇ ਪਰਿਵਾਰ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ’ਚ ਪਟਿਆਲਾ ਪੁਲਿਸ ’ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਲਾਇਆ ਦੋਸ਼ I ਇਸ ਮੌਕੇ ’ਤੇ ਐਸੋਸੀਏਸ਼ਨ ਦੇ ਚੇਅਰਮੈਨ ਨੀਟੂ ਜ਼ੁਲਕਾਂ, ਵਾਈਸ ਚੇਅਰਮੈਨ ਜੈਪਾਲ ਗੋਇਲ, ਨਾਮਦੇਵ ਨਾਮੀ ਕਪੂਰਥਲਾ ਅਤੇ ਜੈਪਾਲ ਮਿੱਡਾ ਦੋਵੇਂ ਸਰਪ੍ਰਸਤ, ਬਲਵਿੰਦਰ ਸਿੰਘ ਬਿੱਲੂ ਧੂਰੀ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨਾਂ ਵਿਚ ਅਮਰਨਾਥ ਬੁੱਢਲਾਡਾ, ਰਾਜੇਸ਼ ਕੁਮਾਰ ਗੋਲਡੀ, ਪ੍ਰਵੀਨ ਕੁਮਾਰ ਜੈਨ, ਵਿਸ਼ਾਲ ਗਰਗ, ਅਮਨ ਗੋਇਲ ਰੋਪੜ, ਮਨੀਸ਼ ਕੁਮਾਰ ਰਾਜਪੁਰਾ, ਸੰਜੀਵ ਕੁਮਾਰ ਪੀਖੀ, ਬਿੰਦਰ ਕੁਮਾਰ ਘਨੌਰ, ਲਵਨੀਸ਼ ਮਹਿਤਾ ਘਨੌਰ, ਪ੍ਰੇਮ ਕੁਮਾਰ ਗੋਇਲ ਮਲੋਟ, ਆਸ਼ੂ ਰਾਮਪੁਰਾ ਫੂਲ, ਹਰੀਸ਼ ਸੇਤੀਆ ਜਲਾਲਾਬਾਦ, ਇੰਦਰਪ੍ਰੀਤ ਮੋਗਾ, ਪ੍ਰਵੀਨ ਕੁਮਾਰ ਬੱਧਨੀ ਕਲਾਂ, ਪਵਨ ਕੁਮਾਰ ਕੁਰਾਲੀ, ਰਿੰਕੂ ਮੂਣਕ, ਸੰਜੇ ਗੁਪਤਾ ਅਬੋਹਰ, ਸ਼ਿਆਮ ਲਾਲ ਸੰਗਰੂਰ ਅਤੇ ਸੁਮਿਤ ਕੁਮਾਰ ਜ਼ੀਰਾ ਵੀ ਹਾਜ਼ਰ ਸਨ।
ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ: ਐਸ ਐਸ ਪੀ
ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਐਸ ਐਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਪਲਾਟ ਦੀ ਪੈਮਾਇਸ਼ ਦੇ ਮਾਮਲੇ ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਪਲਾਟ ਮੇਰਾ, ਭਾਰਦਵਾਜ ਨੇ ਨਜਾਇਜ਼ ਕਬਜ਼ਾ ਕੀਤਾ: ਭੂਸ਼ਣ ਕੁਮਾਰ
ਇਸ ਮਾਮਲੇ ਵਿਚ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਪਲਾਟ ਉਹਨਾਂ ਦਾ ਹੈ ਜਿਸਦੀ ਰਜਿਸਟਰੀ ਤੇ ਇੰਤਕਾਲ ਵੀ ਉਹਨਾਂ ਦੇ ਨਾਂ ’ਤੇ ਹੈ ਪਰ ਗਿਆਨ ਚੰਦ ਭਾਰਦਵਾਜ ਨੇ ਉਸ ’ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਹ ਨਾ ਤਾਂ ਪੁਲਿਸ ਦੀ ਸੁਣਦੇ ਹਨ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੀ ਸੁਣਦੇ ਹਨ। ਉਹਨਾਂ ਦੱਸਿਆ ਕਿ ਅੱਜ ਵੀ ਮਿਣਤੀ ਕਰਨੀ ਸੀ ਪਰ ਭਾਰਦਵਾਜ ਮੌਕੇ ’ਤੇ ਨਹੀਂ ਪਹੁੰਚੇ।