ਪ੍ਰੋਗ੍ਰੈਸਿਵ ਟੀਚਰਜ਼ ਫਰੰਟ, ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਸਿੰਡੀਕੇਟ ਮੀਟਿੰਗ ਵਿਚ ਕੀਤੀਆਂ ਟਿੱਪਣੀਆਂ ਦੀ ਸਖਤ ਲਫ਼ਜ਼ਾਂ ਵਿਚ ਨਿਖੇਧੀ ਕੀਤੀ

158

ਪ੍ਰੋਗ੍ਰੈਸਿਵ ਟੀਚਰਜ਼ ਫਰੰਟ, ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਸਿੰਡੀਕੇਟ ਮੀਟਿੰਗ ਵਿਚ ਕੀਤੀਆਂ ਟਿੱਪਣੀਆਂ ਦੀ ਸਖਤ ਲਫ਼ਜ਼ਾਂ ਵਿਚ ਨਿਖੇਧੀ ਕੀਤੀ

ਪਟਿਆਲਾ /25 ਮਾਰਚ 2025

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਦਿਨੀਂ ਹੋਈਆਂ ਗਤੀਵਿਧੀਆਂ ਦੇ ਸੰਬੰਧ ਵਿਚ  ਪ੍ਰੋਗ੍ਰੈਸਿਵ ਟੀਚਰਜ਼ ਫਰੰਟ ਦੇ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਅਧਿਆਪਕਾਂ ਦੇ ਮੁੱਦੇ ਵਿਚਾਰਨ ਦੇ ਨਾਲ ਨਾਲ਼ ਹਾਲ ਹੀ ਵਿੱਚ ਹੋਈ ਸਿੰਡੀਕੇਟ ਮੀਟਿੰਗ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਫਰੰਟ ਦੇ ਅਧਿਆਪਕਾਂ ਨੇ ਆਖਿਆ ਕਿ ਅਧਿਆਪਨ, ਗੈਰ ਅਧਿਆਪਨ ਅਤੇ ਵਿਦਿਆਰਥੀ ਯੂਨੀਵਰਸਿਟੀ ਦੇ ਮਹੱਤਵਪੂਰਨ ਅੰਗ ਹਨ ਅਤੇ ਇਹਨਾਂ ਵਲੋਂ ਯੂਨੀਵਰਸਿਟੀ ਦੇ ਦਿਨ ਪ੍ਰਤੀ ਦਿਨ ਕੰਮ ਅਤੇ ਤੱਰਕੀ ਵਿਚ ਭਰਪੂਰ ਯੋਗਦਾਨ ਪਾਇਆ ਜਾਂਦਾ ਹੈ ।

ਫਰੰਟ ਵਲੋਂ ਕੁਝ ਸਿੰਡੀਕੇਟ ਮੈਂਬਰ ਸਾਹਿਬਾਨਾਂ ਵੱਲੋਂ ਪਿਛਲੀ ਮੀਟਿੰਗ ਦੌਰਾਨ ਯੂਨੀਵਰਸਿਟੀ ਅਧਿਆਪਕਾਂ ਖਾਸ ਕਰਕੇ ਵੱਖ ਵੱਖ ਪ੍ਰਬੰਧਕੀ ਜਿੰਮੇਵਾਰੀਆਂ ਨਿਭਾਅ ਰਹੇ ਅਧਿਆਪਕ ਸਾਹਿਬਾਨ ਦੇ ਸੰਬੰਧ ਵਿਚ ਕੀਤੀਆਂ ਟਿੱਪਣੀਆਂ ਦੀ ਸਖਤ ਲਫ਼ਜ਼ਾਂ ਵਿਚ ਨਿਖੇਧੀ ਕੀਤੀ ਗਈ। ਫਰੰਟ ਵਲੋਂ ਇਹ ਵੀ ਕਿਹਾ ਗਿਆ ਕਿ ਯੂਨੀਵਰਸਿਟੀ ਦੇ ਅਧਿਆਪਕ ਸਾਹਿਬਾਨ ਆਪਣੀਆਂ ਅਕਾਦਮਿਕ ਜਿੰਮੇਵਾਰੀਆਂ ਦੇ ਨਾਲ ਨਾਲ ਪ੍ਰਬੰਧਕੀ ਜਿੰਮੇਵਾਰੀਆਂ ਬਿਨਾਂ ਕਿਸੇ ਵਾਧੂ ਮਾਨਭੱਤੇ ਤੋਂ ਪੂਰੀ ਮਿਹਨਤ, ਇਮਾਨਦਾਰੀ ਅਤੇ ਸ਼ਿੱਦਤ ਨਾਲ ਨਿਭਾਅ ਰਹੇ ਹਨ।

ਯੂਨੀਵਰਸਿਟੀ ਦੀ ਸਰਬਉੱਚ ਬਾਡੀ ਦੇ ਮੈਂਬਰ ਸਾਹਿਬਾਨ ਦੀ ਅਜਿਹੀ ਟਿੱਪਣੀ ਨੇ ਨਾਂ ਸਿਰਫ  ਅਧਿਆਪਕ ਸਾਹਿਬਾਨ ਦੇ ਮਾਨ ਸਨਮਾਨ ਨੂੰ ਠੇਸ ਪਹੁਚਾਉਣ ਦਾ ਕੰਮ ਕੀਤਾ ਸਗੋਂ ਉਹਨਾਂ ਵਲੋਂ ਯੂਨੀਵਰਸਿਟੀ ਦੇ ਕੰਮਕਾਜ ਅਤੇ ਤਰੱਕੀ ਵਿਚ ਪਾਏ ਯੋਗਦਾਨ ਨੂੰ ਸਰਾਸਰ ਅਣਡਿੱਠਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

ਇਸ ਮੀਟਿੰਗ ਵਿੱਚ ਮੌਜੂਦ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਕਾਰਜਕਾਰੀ ਮੈਂਬਰਾਂ ਡਾ ਅਮਰਪਰੀਤ ਸਿੰਘ ਅਤੇ ਡਾ ਗੁਲਸ਼ਨ ਬਾਂਸਲ ਵੱਲੋਂ ਆਖਿਆ ਗਿਆ ਕਿ ਸਾਰੀਆਂ ਧਿਰਾਂ ਨੂੰ ਪੰਜਾਬੀ ਯੂਨੀਵਰਸਿਟੀ ਦੀ ਭਲਾਈ ਲਈ ਹਮੇਸ਼ਾਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਇਸੇ ਵਿੱਚ ਹੀ ਸਾਰੀਆਂ ਧਿਰਾਂ ਅਤੇ ਪੰਜਾਬੀ ਯੂਨੀਵਰਸਿਟੀ ਦੀ ਭਲਾਈ ਹੈ ।

ਉਹਨਾਂ ਇਸ ਗੱਲ ਉੱਤੇ ਆਪਣਾ ਵਿਚਾਰ ਪ੍ਰਗਟਾਵਾ ਦਿੰਦਿਆਂ ਆਖਿਆ ਕਿ ਕਿਸੇ ਵੀ ਅਧਿਆਪਕ ਸਿੰਡੀਕੇਟ ਮੈਂਬਰ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਸ ਨਾਲ਼ ਅਧਿਆਪਕ ਅਤੇ ਗੈਰ ਅਧਿਆਪਨ ਵਿੱਚ ਪਾੜਾ ਵਧੇ। ਅਧਿਆਪਕਾਂ ਨੇ ਇਹ ਵੀ ਕਿਹਾ ਕਿ ਪ੍ਰੋਗ੍ਰੈਸਿਵ ਟੀਚਰਜ਼ ਫਰੰਟ ਸਾਰੀਆਂ ਧਿਰਾਂ ਦੀਆਂ ਜ਼ਾਇਜ ਮੰਗਾਂ ਦਾ ਸਮਰਥਨ ਕਰਦਾ ਹੈ । ਮੀਟਿੰਗ ਦੌਰਾਨ ਅਧਿਆਪਕਾਂ ਨਾਲ ਸੰਬੰਧਤ ਵੱਖ ਵੱਖ ਮੁੱਦੇ ਜਿਵੇਂ ਕਿ ਕੈਰੀਅਰ ਅਡਵਾਂਸਮੈਂਟ ਸਕੀਮ ਤਰੱਕੀ, ਵਧੀ ਤਨਖਾਹ ਦੇ ਬਕਾਏ ਅਤੇ ਹੋਰ ਮੁੱਦਿਆਂ ਨੂੰ ਵੀ ਵਿਚਾਰਿਆ ਗਿਆ।

ਅੱਜ ਦੀ ਇਸ ਮੀਟਿੰਗ ਵਿੱਚ ਡਾ. ਅਵਨੀਤ ਪਾਲ ਸਿੰਘ, ਡਾ. ਗੁਰਮੁਖ ਸਿੰਘ, ਡਾ. ਨਿਸ਼ਾਨ ਸਿੰਘ ਦਿਓਲ, ਡਾ. ਰਾਜਿੰਦਰ ਸਿੰਘ , ਡਾ. ਸੁਖਜਿੰਦਰ ਬੁੱਟਰ ਅਤੇ ਡਾ. ਹਰਵਿੰਦਰ ਸਿੰਘ ਧਾਲੀਵਾਲ ਵੀ ਸ਼ਾਮਿਲ ਸਨ।