ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫ਼ਤੇ ਨਾਲ ਸੰਬੰਧਤ ਚਾਰ ਰੋਜ਼ਾ ਨਿਊਜ਼-ਲੈਟਰ ਜਾਰੀ ਕੀਤਾ

188

ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫ਼ਤੇ ਨਾਲ ਸੰਬੰਧਤ ਚਾਰ ਰੋਜ਼ਾ ਨਿਊਜ਼-ਲੈਟਰ ਜਾਰੀ ਕੀਤਾ

ਪਟਿਆਲਾ/ 223/2/2022

ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫ਼ਤੇ ਦੇ ਹਵਾਲੇ ਨਾਲ ਚੱਲ ਰਹੇ ਪ੍ਰੋਗਰਾਮਾਂ ਵਿੱਚ ਹੋ ਰਹੀਆਂ ਸਰਗਰਮੀਆਂ ਨਾਲ ਸੰਬੰਧਤ ਆਪਣਾ ਚਾਰ ਰੋਜ਼ਾ ਨਿਊਜ਼-ਲੈਟਰ ਜਾਰੀ ਕੀਤਾ ਗਿਆ। ਇਹ ਨਿਊਜ਼-ਲੈਟਰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਪ੍ਰਕਾਸਿ਼ਤ ਹੋ ਰਿਹਾ ਹੈ। ਅੰਗਰੇਜ਼ੀ ਵਿੱਚ ‘ਸਾਇੰਸ ਵੀਕ ਕਰੋਨੀਕਲ’ ਅਤੇ ਪੰਜਾਬੀ ਵਿੱਚ ‘ਵਿਗਿਆਨ ਹਫ਼ਤਾ ਰੋਜ਼ਨਾਮਾਚਾ’ ਨਾਮਕ ਇਸ ਨਿਊਜ਼ ਲੈਟਰ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਵਿਗਿਆਨ ਵਿਸ਼ੇ ਨਾਲ ਸੰਬੰਧਤ ਡੀਨ ਅਤੇ ਫ਼ੈਕਲਟੀ ਵੱਲੋਂ ਲੋਕ ਅਰਪਿਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਡਾਇਰੈਕਟਰ ਦਲਜੀਤ ਅਮੀ ਦੀ ਸੰਪਾਦਨਾ ਹੇਠ ਪ੍ਰਕਾਸਿ਼ਤ ਹੋ ਰਹੇ ਇਸ ਨਿਊਜ਼ ਲੈਟਰ ਵਿੱਚ ਅੰਗਰੇਜ਼ੀ ਵਿਭਾਗ, ਬਾਇਓਟੈਕਨੌਲਜੀ ਵਿਭਾਂਗ, ਫ਼ੌਰੈਂਸਿਕ ਸਾਇੰਸ, ਇੰਜਨੀਅਰਿੰਗ ਵਿਭਾਗ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਸਮੇਤ ਵੱਖ-ਵੱਖ 10 ਵਿਭਾਗਾਂ ਦੇ ਵਿਦਿਆਰਥੀਆਂ ਦੀ ਇੱਕ ਟੀਮ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਹੈ। ਇਸ ਨਿਊਜ਼-ਲੈਟਰ ਵਿੱਚ ਪੰਜਾਬ ਨਾਲ ਜੁੜੇ ਵਿਗਿਆਨੀਆਂ, ਵਿਗਿਆਨ ਅਤੇ ਅਜਿਹੇ ਹੋਰਨਾਂ ਖੇਤਰਾਂ ਨਾਲ ਜੁੜੀ ਦਿਲਚਸਪ ਸਮੱਗਰੀ ਪ੍ਰਕਾਸਿ਼ਤ ਕੀਤੀ ਜਾ ਰਹੀ ਹੈ।

ਇਸ ਬਾਰੇ ਬੋਲਦਿਆਂ ਦਲਜੀਤ ਅਮੀ ਨੇ ਕਿਹਾ ਕਿ ਇਸ ਕਿਸਮ ਦੀ ਸਰਗਰਮੀ ਯੂਨੀਵਰਸਿਟੀ ਜਿਹੀ ਥਾਂ ਨੂੰ ਇਸ ਦੇ ਆਪਣੇ ਬੁਨਿਆਦੀ ਮਕਸਦ ਨਾਲ ਜੋੜਦੀ ਹੈ ਜਿੱਥੇ ਵੱਖ-ਵੱਖ ਵਿਸਿ਼ਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਇੱਕ ਗਤੀਵਿਧੀ ਵਿੱਚ ਪੂਰੀ ਸਰਗਰਮੀ ਸਹਿਤ ਭਾਗ ਲੈਂਦੇ ਹਨ। ਇਸ ਦੇ ਨਤੀਜੇ ਵਜੋਂ ਸਾਹਮਣੇ ਆਉਣ ਵਾਲੀ ਸਮੱਗਰੀ ਵੰਨ-ਸੁਵੰਨਤਾ ਨਾਲ ਭਰਪੂਰ ਹੋ ਕੇ ਸਾਰੀ ਯੂਨੀਵਰਸਿਟੀ ਲਈ ਉਪਲਬਧ ਹੁੰਦੀ ਹੈ। ਅਜਿਹਾ ਹੋਣ ਨਾਲ ਵੱਖ-ਵੱਖ ਵਿਭਾਗਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵਿੱਚ ਆਪਸੀ ਸੰਵਾਦ ਵਧਦਾ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫ਼ਤੇ ਨਾਲ ਸੰਬੰਧਤ ਚਾਰ ਰੋਜ਼ਾ ਨਿਊਜ਼-ਲੈਟਰ ਜਾਰੀ ਕੀਤਾ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਨੂੰ ਲੋਕ ਅਰਪਿਤ ਕਰਨ ਸਮੇਂ ਇਸ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਹੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਬਣਾਉਂਦੀਆਂ ਹਨ।

ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਬੋਲੀ ਅਤੇ ਵਿਗਿਆਨ ਦੇ ਹਵਾਲੇ ਨਾਲ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਯੂਨੀਵਰਸਿਟੀ ਵੱਲੋਂ ਆਪਣੇ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਦੇਸ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 75 ਵੱਖ-ਵੱਖ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਹਨ।
ਵਿਗਿਆਨ ਹਫ਼ਤੇ ਦੇ ਇਸ ਦੂਜੇ ਦਿਨ ਯੂਨੀਵਰਸਿਟੀ ਵਿੱਚ ਹਾਲ ਹੀ ਵਿੱਚ ਸਥਾਪਿਤ ਹੋਏ ਦੋ ਕੇਂਦਰਾਂ ਵੱਲੋਂ ਲਗਾਈਆਂ ਗਈਆਂ ਵਿਸ਼ੇਸ਼ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ। ‘ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ-ਬਹਾਲੀ ਕੇਂਦਰ’  ਅਤੇ ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਵੱਲੋਂ ਲਗਾਈਆਂ ਗਈਆਂ ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਇਨ੍ਹਾਂ ਕੇਂਦਰਾਂ ਵੱਲੋਂ ਆਪਣੇ ਵਿਸ਼ੇ ਨਾਲ ਸੰਬੰਧਤ ਤਿਆਰ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਮਾਡਲ ਰੱਖੇ ਹੋਏ ਸਨ ਜਿਨ੍ਹਾਂ ਬਾਰੇ ਇੱਥੇ ਆਉਣ ਵਾਲੇ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਬਕਇਦਾ ਜਾਣਕਾਰੀ ਦਿੱਤੀ ਜਾਂਦੀ ਸੀ।

‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਦੀ ਨੁਮਾਇਸ਼ ਇਸ ਕੇਂਦਰ ਦੇ ਡਾਇਰੈਕਟਰ ਡਾ. ਬਲਰਾਜ ਸੈਣੀ ਦੀ ਅਗਵਾਈ ਵਿੱਚ ਲਗਵਾਈ ਗਈ ਗਈ ਜਦੋਂ ਕਿ ਦੂਜੇ ਕੇਂਦਰ ‘ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ-ਬਹਾਲੀ ਕੇਂਦਰ’ ਨਾਲ ਸੰਬੰਧਤ ਨੁਮਾਇਸ਼ ਇਸ ਕੇਂਦਰ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਦੀ ਅਗਵਾਈ ਵਿੱਚ ਲਗਵਾਈ ਗਈ।

ਪੰਜਾਬ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੇ ਮੁੱਦੇ ਜਿਵੇਂ ਸਨਅਤੀ ਨਿਕਾਸੀ, ਖੇਤੀ ਬਾੜੀ ਦੀ ਰਹਿੰਦ ਖੂੰਹਦ, ਪਾਣੀ ਦਾ ਘਟਦਾ ਪੱਧਰ, ਹਵਾ ਪਾਣੀ ਦਾ ਪਲੀਤ ਹੋਣ ਦੇ ਮਸਲਿਆਂ ਨਾਲ ਸੰਬੰਧਤ ਵੱਖ ਵੱਖ ਤਰ੍ਹਾਂ ਦੇ ਮਾਡਲ ਵੇਖਣ ਨੂੰ ਮਿਲੇ। ਇਸ ਸਾਰੀ ਸਮੱਰੀ ਵਿੱਚ ਪੰਜਾਬ ਨਾਲ ਸੰਬੰਧਤ ਇਨ੍ਹਾਂ ਮੁੱਦਿਆਂ ਉੱਤੇ ਲੋੜੀਂਦੀਆਂ ਪਹਿਲਕਦਮੀਆਂ ਬਾਰੇ ਸੁਝਾਇਆ ਹੋਇਆ ਸੀ। ਕੁਦਰਤੀ ਸਰੋਤਾਂ ਦੀ ਸੰਭਾਲ਼ ਬਾਰੇ ਇਨ੍ਹਾਂ ਮਾਡਲਾਂ ਰਾਹੀਂ ਬਿਹਤਰ ਤਰੀਕੇ ਨਾਲ ਸਮਝਾਇਆ ਗਿਆ।
‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਵੱਲੋਂ ਇਸ ਮੌਕੇ ਇੱਕ ਵੱਖਰੀ ਕਿਸਮ ਦੇ ਪ੍ਰਿੰਟਰ ਦੀ ਨੁਮਾਇਸ਼ ਲਗਾਈ ਗਈ ਜੋ ਵਿਸ਼ੇਸ਼ ਤੌਰ ਉੱਤੇ ਖਿੱਚ ਦਾ ਕੇਂਦਰ ਬਣੀ। ਇਸ ਮਾਡਲ ਰਾਹੀਂ ਦਰਸਾਇਆ ਗਿਆ ਕਿ ਡਿਜੀਟਲ ਮੋਡ ਦੀ ਸਮੱਗਰੀ ਨੂੰ ਪ੍ਰਿੰਟ ਕਰਨ ਦਾ ਖੇਤਰ ਹੁਣ ਹੋਰ ਤਰੱਕੀ ਕਰ ਗਿਆ ਹੈ। ਪ੍ਰਿੰਟਰ ਹੁਣ ਥਰੀ-ਡੀ ਚੀਜ਼ਾਂ ਪ੍ਰਿੰਟ ਕਰ ਸਕਦਾ ਹੈ। ਅਜਿਹਾ ਪ੍ਰਿੰਟ ਇੱਕ ਕਲਿੱਕ ਉੱਪਰ ਕੋਈ ਖਿਡੌਣੇ ਆਦਿ ਵਸਤਾਂ ਨੂੰ ਪ੍ਰਿੰਟ ਕਰ ਸਕਦਾ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫ਼ਤੇ ਨਾਲ ਸੰਬੰਧਤ ਚਾਰ ਰੋਜ਼ਾ ਨਿਊਜ਼-ਲੈਟਰ ਜਾਰੀ ਕੀਤਾ

ਵਿਗਿਆਨ ਹਫ਼ਤੇ ਸੰਬੰਧੀ ਪ੍ਰੋਗਰਾਮਾਂ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਸ ਦੂਜੇ ਦਿਨ ਡਾ. ਜਗਬੀਰ ਸਿੰਘ ਅਤੇ ਡਾ. ਕੁਲਦੀਪ ਕੌਰ ਵੱਲੋਂ ਮਾਹਿਰ ਵਜੋਂ ਆਪਣੀ ਗੱਲਬਾਤ ਰੱਖੀ ਗਈ। ਡਾ. ਜਗਬੀਰ ਸਿੰਘ ਨੇ ਪੰਜਾਬੀ ਔਰਤਾਂ ਦੀ ਵਿਗਿਆਨ ਵਿੱਚ ਭੂਮਿਕਾ ਵਿਸ਼ੇ ਉੱਤੇ ਸੰਵਾਦ ਰਚਾਇਆ ਗਿਆ ਜਦੋਂ ਕਿ ਡਾ. ਕੁਲਦੀਪ ਕੌਰ ਵੱਲੋਂ ਪੰਜਾਬ ਦੇ ਪ੍ਰਸਿੱਧ ਵਿਗਿਆਨੀਆਂ ਦੀ ਗੱਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੂਜੇ ਦਿਨ 500 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ ਗਿਆ।

ਇਸ ਦੂਜੇ ਦਿਨ ਵਿਗਿਆਨ ਦੇ ਹਵਾਲੇ ਨਾਲ ਪੋਸਟਰ ਸਿਰਜਣਾ, ਲੇਖ ਸਿਰਜਣਾ ਅਤੇ ਸਲੋਗਨ ਰਾਈਟਿੰਗ ਦੇ ਮੁਕਾਬਲੇ ਕਰਵਾਏ ਗਏ।