ਪੰਜਾਬੀ ਯੂਨੀਵਰਸਿਟੀ ਦੇ ਡਾ. ਗੁਰਦੀਪ ਕੌਰ ਰੰਧਾਵਾ ਨੂੰ ‘ਭਾਰਤ ਰਤਨ ਮਦਰ ਟੈਰੇਸਾ ਗੋਲਡ ਮੈਡਲ ਐਵਾਰਡ’ ਮਿਲਿਆ
ਪਟਿਆਲਾ/ 24 ਜੁਲਾਈ, 2023
ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ, ਜੋ ਲੰਬਾ ਸਮਾਂ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਰਹੇ ਹਨ, ਨੂੰ ਭਾਰਤ ਸਰਕਾਰ ਦੀ ਰਜਿਸਟਰਡ ਸੰਸਥਾ ‘ਗਲੋਬਲ ਇਕਨੌਮਿਕ ਪ੍ਰੋਗਰੈੱਸ ਐਂਡ ਰਿਸਰਚ ਐਸੋਸੀਏਸ਼ਨ’ ਵੱਲੋਂ ‘ਭਾਰਤ ਰਤਨ ਮਦਰ ਟੈਰੇਸਾ ਗੋਲਡ ਮੈਡਲ ਐਵਾਰਡ’ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਤਾਮਿਲਨਾਡੂ ਦੇ ਚੇਨਈ ਵਿਖੇ ਹੋਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤਾ ਗਿਆ।
ਡਾ. ਗੁਰਦੀਪ ਕੌਰ ਨੇ ਇਸ ਸੰਬੰਧੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵੱਖ-ਵੱਖ ਪ੍ਰਾਪਤੀਆਂ ਦੇ ਮੱਦੇਨਜ਼ਰ ਹਾਸਿਲ ਹੋਇਆ। ਉਨ੍ਹਾਂ ਦੱਸਿਆ ਕਿ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੇ ਉਹ ਪੰਜਾਬ ਵਿੱਚ ਇਕਲੌਤੀ ਸ਼ਖ਼ਸੀਅਤ ਸਨ। ਜਿ਼ਕਰਯੋਗ ਹੈ ਕਿ ਡਾ. ਗੁਰਦੀਪ ਕੌਰ ਵੱਲੋਂ ਖ਼ੁਦ ਵਿਦਿਆਰਥੀ ਹੋਣ ਸਮੇਂ ਖੇਡ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਵਿੱਚ ਕੋਚ ਵਜੋਂ ਅਤੇ ਡਾਇਰੈਕਟਰ ਸਮੇਤ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦਿਆਂ ਕੀਤੀਆਂ ਪ੍ਰਾਪਤੀਆਂ ਦੇ ਬਲਬੂਤੇ ਉਨ੍ਹਾਂ ਦੀ ਇਸ ਐਵਾਰਡ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਈ ਮਾਕਾ ਟਰਾਫ਼ੀ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪ੍ਰਾਪਤ ਕਰਨ ਦਾ ਮਾਣ ਦੋ ਵਾਰ ਉਨ੍ਹਾਂ ਨੂੰ ਹਾਸਿਲ ਹੋਇਆ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਖੇਡ ਵਿਭਾਗ ਲਈ ਅਤੇ ਸਮੁੱਚੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।