ਪੰਜਾਬੀ ਯੂਨੀਵਰਸਿਟੀ ਦੀ ਖੋਜ-ਮਾਲਵਾ ਦੇ ਪੰਜ ਪਿੰਡਾਂ ਤੋਂ ਆਧਾਰ ਦੀ ਖੋਜ-53% ਕਿਸਾਨ ਕੋਲ ਖੇਤੀ ਕਰਨ, 68.50% ਕੋਲ ਲੋਕ ਕਾਰ ਖਰੀਦਣ ਦੇ ਸਮਰੱਥ ਨਹੀਂ

175

ਪੰਜਾਬੀ ਯੂਨੀਵਰਸਿਟੀ ਦੀ ਖੋਜ-ਮਾਲਵਾ ਦੇ ਪੰਜ ਪਿੰਡਾਂ ਤੋਂ ਆਧਾਰ ਦੀ ਖੋਜ-53% ਕਿਸਾਨ ਕੋਲ ਖੇਤੀ ਕਰਨ, 68.50% ਕੋਲ ਲੋਕ ਕਾਰ ਖਰੀਦਣ ਦੇ ਸਮਰੱਥ ਨਹੀਂ

ਪਟਿਆਲਾ/ royalpatiala.in News/ 7 ਦਸੰਬਰ,2025

ਪੰਜਾਬੀ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਰਾਹੀਂ ਪੰਜਾਬ ਦੇ ਮਾਲਵਾ ਖੇਤਰ ਵਿਚਲੇ ਪਿੰਡਾਂ ਬਾਰੇ ਅਹਿਮ ਤੱਥ ਉੱਭਰ ਕੇ ਸਾਹਮਣੇ ਆਏ ਹਨ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਨਿਗਰਾਨ ਪ੍ਰੋ. ਸੁਰਜੀਤ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਡਾ. ਰਵਿੰਦਰ ਕੌਰ ਵੱਲੋਂ ‘ਮਾਲਵਾ ਖੇਤਰ ਦਾ ਪ੍ਰਤਿਮਾਨਕ ਸਭਿਆਚਾਰ: ਪ੍ਰਬੰਧ ਅਤੇ ਰੂਪਾਂਤਰਣ’ ਵਿਸ਼ੇ ਉੱਤੇ ਕੀਤੀ ਇਸ ਖੋਜ ਵਿੱਚ ਮਾਲਵਾ ਖੇਤਰ ਦੇ ਪੰਜ ਪਿੰਡਾਂ ਦੇ ਸਰਵੇ ਨੂੰ ਆਧਾਰ ਬਣਾਇਆ ਗਿਆ। ਇਨ੍ਹਾਂ ਵਿੱਚ ਬਰਨਾਲਾ ਜਿਲ੍ਹੇ ਦਾ ਪਿੰਡ ਸੇਖਾ, ਪਟਿਆਲਾ ਜਿਲ੍ਹੇ ਦਾ ਪਿੰਡ ਗਲਵੱਟੀ, ਮਾਨਸਾ ਜਿਲ੍ਹੇ ਦਾ ਪਿੰਡ  ਫਫੜੇ ਭਾਈ ਕੇ, ਲੁਧਿਆਣਾ ਜਿਲ੍ਹੇ ਦਾ ਪਿੰਡ ਚਕਰ, ਮੁਕਤਸਰ ਜਿਲ੍ਹੇ ਦਾ ਪਿੰਡ ਕੁਰਾਈਵਾਲਾ ਸ਼ਾਮਿਲ ਹਨ।

ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਸਮਾਜਾਂ ਵਿਚ ਜੀਵਨ ਢੰਗ ਨੂੰ ਨਿਯਮਿਤ ਕਰਨ ਅਤੇ ਇਸਦੀ ਨਿਰੰਤਰਤਾ ਨੂੰ ਬਣਾਈ ਰੱਖਣ ਦੀ ਪ੍ਰਾਪਤੀ ਹਿਤ ਕਈ ਪ੍ਰਕਾਰ ਦੇ ਵਿਵਹਾਰਕ ਪੈਮਾਨੇ ਉੱਸਰੇ ਮਿਲਦੇ ਹਨ। ਇਹਨਾਂ ਵਿਵਹਾਰਕ ਪੈਮਾਨਿਆਂ ਨੂੰ ਹੀ ‘ਪ੍ਰਤਿਮਾਨ’ ਕਿਹਾ ਜਾਂਦਾ ਹੈ। ਇਸ ਖੋਜ-ਕਾਰਜ ਦੌਰਾਨ ਅਜਿਹੇ ਪੈਮਾਨਿਆਂ ਨੂੰ ਹੀ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਕਾਰਜ ਦੌਰਾਨ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਅਹਿਮ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਤੱਥ ਵੀ ਸਾਹਮਣੇ ਆਏ ਜਿਨ੍ਹਾਂ ਤੋਂ ਨਤੀਜਾ ਨਿੱਕਲਦਾ ਹੈ ਕਿ ਮੀਡੀਆ ਵਿਚ ਪ੍ਰਸਾਰਿਆ ਜਾਂਦਾ ਸਾਧਨ-ਸੰਪੰਨ ਪੰਜਾਬੀ ਬੰਦਾ ਅਸਲ ਪੰਜਾਬੀ ਬੰਦੇ ਤੋਂ ਕੋਹਾਂ ਦੂਰ ਹੈ। ਸਰਵੇ ਦੌਰਾਨ ਸਾਹਮਣੇ ਆਇਆ ਕਿ ਪਿੰਡਾਂ ਵਿਚ 24% ਕਿਸਾਨਾਂ ਕੋਲ ਖੇਤੀ ਕਰਨ ਦੇ ਆਧੁਨਿਕ ਸਾਧਨਾਂ ਵਿਚੋਂ ਕੇਵਲ ਟਰੈਕਟਰ ਹੀ ਮੌਜੂਦ ਹੈ। 18% ਲੋਕ ਅਜਿਹੇ ਹਨ ਜਿਹਨਾਂ ਕੋਲ ਟਰੈਕਟਰ ਅਤੇ ਟਰਾਲੀ ਦੋਵੇਂ ਮੌਜੂਦ ਹਨ। ਟਰੈਕਟਰ-ਟਰਾਲੀ ਤੋਂ ਬਿਨਾਂ ਕੰਬਾਇਨ ਕੇਵਲ 5% ਲੋਕਾਂ ਕੋਲ ਹੀ ਮੌਜੂਦ ਹੈ। ਇਹਨਾਂ ਪਿੰਡਾਂ ਵਿਚ 53% ਕਿਸਾਨ ਅਜੇ ਵੀ ਅਜਿਹੇ ਹਨ ਜਿਹਨਾਂ ਕੋਲ ਖੇਤੀ ਕਰਨ ਦਾ ਕੋਈ ਵੀ ਆਧੁਨਿਕ ਸਾਧਨ ਮੌਜੂਦ ਨਹੀਂ ਹੈ। ਖੇਤੀ ਆਧਾਰਿਤ ਕੰਮਾਂ ਲਈ ਉਹਨਾਂ ਦੀ ਨਿਰਭਰਤਾ ਅਜੇ ਮੰਗਵੇਂ ਜਾਂ ਦਿਹਾੜੀ ਦੇ ਹਿਸਾਬ ਨਾਲ ਸੰਦ ਕਿਰਾਏ ‘ਤੇ ਪ੍ਰਾਪਤ ਕੀਤੇ ਸੰਦਾਂ ‘ਤੇ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਜਿਆਦਾਤਰ ਕਿਸਾਨ ਨੀਵੀਂ ਅਤੇ ਮੱਧਮ ਕਿਸਾਨੀ ਨਾਲ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ 46.30% ਲੋਕ ਅਜਿਹੇ ਹਨ ਜਿਹਨਾਂ ਕੋਲ਼ ਕੇਵਲ ਇੱਕ ਮੋਟਰਸਾਇਕਲ ਹੀ ਮੌਜੂਦ ਹੈ ਅਤੇ 22.20% ਲੋਕਾਂ ਕੋਲ਼ ਇੱਕ ਤੋਂ ਵੱਧ ਮੋਟਰ-ਸਾਇਕਲ ਜਾਂ ਸਕੂਟਰ ਮੌਜੂਦ ਹਨ। ਜਿੱਥੋਂ ਤਕ ਕਾਰਾਂ ਦਾ ਸੰਬੰਧ ਹੈ ਤਾਂ 24.30% ਲੋਕਾਂ ਕੋਲ ਕੇਵਲ ਇੱਕ ਕਾਰ ਅਤੇ 7.20% ਲੋਕਾਂ ਕੋਲ ਇੱਕ ਤੋਂ ਵੱਧ ਕਾਰਾਂ ਮੌਜੂਦ ਹਨ। ਇਹਨਾਂ ਵਿੱਚੋਂ ਇੱਕ ਤੋਂ ਵੱਧ ਕਾਰਾਂ ਦੇ ਮਾਲਕਾਂ ਵਿਚ ਜਿਆਦਾਤਰ ਲੋਕ ਅਜਿਹੇ ਹਨ, ਜਿਹਨਾਂ ਨੇ ਕਿ ਆਪਣੀ ਕਾਰ ਟੈਕਸੀ ਦੇ ਰੂਪ ਵਿੱਚ ਚਲਾਉਣੀ ਆਰੰਭ ਕੀਤੀ ਹੋਈ ਹੈ। ਕਾਰਾਂ ਨੂੰ ਖਰੀਦਣ ਦਾ ਇਹ ਅਨੁਪਾਤ ਦਰਸਾਉਂਦਾ ਹੈ ਕਿ ਪਿੰਡਾਂ ਵਿਚ ਵਸਦੇ 68.50% ਲੋਕ ਅਜੇ ਵੀ ਕਾਰ ਖਰੀਦਣ ਦੇ ਸਮਰੱਥ ਨਹੀਂ ਹੋਏ।

ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇੱਕ ਤੱਥ ਇਹ ਵੀ ਸਾਹਮਣੇ ਆਇਆ ਕਿ ਜੇਕਰ ਪਰਵਾਸੀ ਮਜ਼ਦੂਰਾਂ ਦੀ ਆਮਦ ਅਤੇ ਪੰਜਾਬੀਆਂ ਦਾ ਪਰਵਾਸ ਜਾਰੀ ਰਿਹਾ ਤਾਂ ਆਉਣ ਵਾਲੇ ਕੁਝ ਦਹਾਕਿਆਂ ਵਿਚ ਪੰਜਾਬ ਇਕ ਸਿੱਖ ਬਹੁਮਤ ਰਾਜ ਦੀ ਸ਼੍ਰੇਣੀ ਵਿੱਚੋਂ ਬਾਹਰ ਹੋ ਜਾਵੇਗਾ।

ਖੋਜਾਰਥੀ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਵੱਖ-ਵੱਖ ਜਾਤਾਂ ਦੁਆਰਾ ਆਪਣਾ ਧੰਦਾ ਬਦਲਣ ਕਾਰਨ ਪਿੰਡਾਂ ਵਿੱਚ ਵਿਅਕਤੀਗਤ, ਜਾਤੀਗਤ, ਭਾਈਚਾਰਕ ਸੰਬੰਧਾਂ ਵਿੱਚ ਵੀ ਤਬਦੀਲੀਆਂ ਆਈਆਂ ਹਨ, ਜਿਹੜੀਆਂ ਕਿ ਪੰਜਾਬ ਦੇ ਪ੍ਰਤਿਮਾਨਕ ਪ੍ਰਬੰਧ ਨੂੰ ਪ੍ਰਭਾਵਿਤ ਕਰਦੀਆਂ ਹਨ।

ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ ਦੇ ਇਨ੍ਹਾਂ ਪਿੰਡਾਂ ਵਿਚ ਰੋਜਗਾਰ ਪ੍ਰਾਪਤੀ ਸੰਬੰਧੀ ਅੰਕੜਿਆਂ ਮੁਤਾਬਿਕ 37.2% ਜੱਟ ਸ਼੍ਰੇਣੀ ਨਾਲ ਸੰਬੰਧਿਤ, 22.3% ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਅਤੇ 31.2% ਲੋਕ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸਰਕਾਰੀ ਨੌਕਰੀ ਕਰਦੇ ਹਨ। ਇਸੇ ਤਰ੍ਹਾਂ 33.6% ਜੱਟ ਸ਼੍ਰੇਣੀ ਨਾਲ ਸੰਬੰਧਿਤ, 27.3% ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਅਤੇ 54.2% ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਲੋਕ ਪ੍ਰਾਈਵੇਟ ਨੌਕਰੀਆਂ ਕਰਦੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਹੁਣ ਪਿੰਡ ਵਿਚੋਂ ਜਾਤਾਂ ਦਾ ਲਗਭਗ ਇਕ ਵੱਡਾ ਹਿੱਸਾ ਪਿਤਾ-ਪੁਰਖੀ ਕਿੱਤਿਆਂ ਤੋਂ ਦੂਰੀ ਬਣਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਪਦਾਰਥਕ ਵਸਤੂਆਂ ਦੀ ਉਪਬਧਤਾ ਸੰਬੰਧੀ ਅੰਕੜੇ ਦਰਸਾਉਂਦੇ ਹਨ 6.10% ਲੋਕ ਅਜਿਹੇ ਹਨ ਦੇ ਘਰ ਵਿੱਚ ਸਿਰਫ਼ ਟੀ.ਵੀ. ਹੀ ਮੌਜੂਦ ਹੈ। ਇਸਦੇ ਨਾਲ ਹੀ 23.30% ਲੋਕ ਅਜਿਹੇ ਹਨ ਜਿਹਨਾਂ ਘਰ ਵਿੱਚ ਟੀ.ਵੀ. ਅਤੇ ਫਰਿੱਜ ਦੋਨੋਂ ਮੌਜੂਦ ਹਨ ਜਦੋਂ ਕਿ 53.20% ਲੋਕਾਂ ਦੇ ਘਰਾਂ ਵਿਚ ਟੀ.ਵੀ., ਫਰਿੱਜ, ਇਨਵਰਟਰ, ਵਾਸ਼ਿੰਗ ਮਸ਼ੀਨ ਆਦਿ ਸਭ ਵਸਤਾਂ ਮੌਜੂਦ ਹਨ। ਕੇਵਲ 19.40% ਲੋਕਾਂ ਅਜਿਹੇ ਹਨ ਜਿਹਨਾਂ ਦੇ ਘਰ ਇਹਨਾਂ ਵਸਤਾਂ ਤੋਂ ਬਿਨਾਂ ਹੋਰ ਵਸਤਾਂ ਜਿਵੇਂ: ਵਾਟਰ ਪਿਊਰੀਫਾਇਰ, ਏਅਰ ਫਰਾਇਰ, ਏ. ਸੀ. ਅਤੇ ਮਾਈਕਰੋਵੇਵ ਆਦਿ ਉਪਕਰਣ ਵੀ ਮੌਜੂਦ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਮੰਡੀ ਵਿਚ ਉਪਲਬਧ ਹਰ ਵਸਤ ਘੱਟ ਜਾਂ ਵੱਧ ਰੂਪ ਵਿਚ ਆਮ ਲੋਕਾਂ ਦੇ ਘਰਾਂ ਵਿਚ ਪਹੁੰਚ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਆਹਾਂ ਸੰਬੰਧੀ ਆਮ ਧਾਰਨਾ ਹੈ ਕਿ ਪੰਜਾਬ ਦੇ ਜਿਆਦਾਤਰ ਲੋਕ ਪੈਲੇਸਾਂ ਵਿਚ ਵਿਆਹ ਕਰਦੇ ਹਨ ਜਦੋਂ ਕਿ ਅੰਕੜਿਆਂ ਵਿਚ ਸਾਹਮਣੇ ਆਇਆ ਕਿ ਕੇਵਲ 38.40% ਲੋਕ ਹੀ ਅਜਿਹੇ ਹਨ ਜਿਹੜੇ ਵਿਆਹ ਕਰਨ ਵੇਲੇ ਪੈਲਸਾਂ ਨੂੰ ਤਰਜੀਹ ਦਿੰਦੇ ਹਨ, ਜਦੋਂ ਕਿ ਵਿਆਹ ਕਰਨ ਸਮੇਂ 61.60% ਲੋਕਾਂ ਦੀ ਚੋਣ ਅਜੇ ਵੀ ਘਰ ਜਾਂ ਧਰਮਸ਼ਾਲਾ ਹੈ।

ਪੰਜਾਬੀ ਯੂਨੀਵਰਸਿਟੀ ਦੀ ਖੋਜ-ਮਾਲਵਾ ਦੇ ਪੰਜ ਪਿੰਡਾਂ ਤੋਂ ਆਧਾਰ ਦੀ ਖੋਜ-53% ਕਿਸਾਨ ਕੋਲ ਖੇਤੀ ਕਰਨ, 68.50% ਕੋਲ ਲੋਕ ਕਾਰ ਖਰੀਦਣ ਦੇ ਸਮਰੱਥ ਨਹੀਂ

ਅੰਕੜਿਆਂ ਵਿੱਚ ਸਾਹਮਣੇ ਆਇਆ ਕਿ ਜਨਰਲ ਸ਼੍ਰੇਣੀ ਨਾਲ ਸੰਬੰਧਿਤ ਕੇਵਲ 16.30% ਲੋਕਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਜਦੋਂ ਕਿ 83.70% ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦੀ ਸਿੱਖਿਆ ਪ੍ਰਾਪਤੀ ਲਈ ਨਿੱਜੀ ਖੇਤਰ ਦੇ ਸਕੂਲਾਂ ਦੀ ਚੋਣ ਕੀਤੀ ਹੈ। ਜਿੱਥੋਂ ਤਕ ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਬੱਚਿਆਂ ਦਾ ਸਵਾਲ ਹੈ ਤਾਂ ਇਹਨਾਂ ਦਾ ਸਰਕਾਰੀ ਸਕੂਲ ਵਿੱਚ ਪੜ੍ਹਨ ਦਾ ਅਨੁਪਾਤ 46.10%, ਜਦੋਂ ਕਿ ਪ੍ਰਾਈਵੇਟ ਸਕੂਲਾਂ ਸੰਬੰਧੀ ਇਹੀ ਅਨੁਪਾਤ 53.90% ਹੈ। ਜੇਕਰ ਅਨੁਸੂਚਿਤ ਜਾਤੀਆਂ ਦੀ ਗੱਲ ਕਰੀਏ ਤਾਂ ਇਹਨਾਂ ਜਾਤਾਂ ਨਾਲ ਸੰਬੰਧਿਤ ਬੱਚਿਆਂ ਵਿੱਚੋਂ 74.30% ਬੱਚੇ ਸਰਕਾਰੀ ਸਕੂਲਾਂ ਵਿੱਚ ਅਤੇ ਕੇਵਲ 25.70% ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਮਾਲਵੇ ਦੇ ਲੋਕ [ਖਾਸ ਕਰਕੇ ਜਨਰਲ ਸ਼੍ਰੇਣੀ ਨਾਲ ਸੰਬੰਧਿਤ] ਸਰਕਾਰੀ ਸਕੂਲਾਂ ਦੀ ਬਜਾਇ ਪ੍ਰਾਈਵੇਟ ਸਕੂਲਾਂ ਦੀ ਚੋਣ ਕਰਨ ਵੱਲ ਰੁਚਿਤ ਹਨ।

ਕੁੱਝ ਹੋਰ ਰੌਚਿਕ ਅੰਕੜਿਆਂ ਅਨੁਸਾਰ ਸਰਵੇ ਦੌਰਾਨ ਰਿਸ਼ਵਤ ਦੇਣ ਸੰਬੰਧੀ ਅੰਕੜੇ 67.3% ਰਹੇ। ਰਿਸ਼ਵਤ ਦੇਣ ਸੰਬੰਧੀ ਲੋਕਾਂ ਨੇ ਮੰਨਿਆ ਕਿ ਉਹਨਾਂ ਨੇ ਜਮੀਨ ਸੰਬੰਧੀ ਕਾਗਜ਼ ਕਢਵਾਉਣ, ਜਮੀਨ ਨੂੰ ਆਪਣੇ ਨਾਂ ਉੱਤੇ ਚੜਵਾਉਣ, ਫਰਦ ਕਢਵਾਉਣ, ਪਾਸਪੋਰਟ ਬਣਵਾਉਣ ਲਈ ਜਨਮ ਸਰਟੀਫਿਕੇਟ ਕਢਵਾਉਣ, ਜਨਮ ਸਰਟੀਫਿਕੇਟ ਵਿੱਚ ਕਿਸੇ ਗਲਤੀ ਨੂੰ ਠੀਕ ਕਰਵਾਉਣ, ਜਨਮ ਅਤੇ ਮੌਤ ਦਾ ਰਿਕਾਰਡ ਕਢਵਾਉਣ ਸਮੇਂ ਰਿਸ਼ਵਤ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਵਿਸ਼ਿਸ਼ਟ ਧਰਮ ਦੇ ਨਾਲ-ਨਾਲ ਲੋਕ ਧਰਮ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਦਾ ਬੜਾ ਸਹਿਜ ਹਿੱਸਾ ਬਣਿਆ ਹੋਇਆ ਹੈ। ਸਰਵੇ ਅਧੀਨ ਸਾਰੇ ਪਿੰਡਾਂ ਵਿਚ ਲੋਕ ਧਰਮ ਨਾਲ ਸੰਬੰਧਿਤ ਸਥਾਨ ਬਣੇ ਹੋਏ ਹਨ। ਲੋਕ ਧਰਮ ਦੀ ਮਾਨਤਾ ਨੂੰ ਇਹ ਤੱਥ ਵੀ ਪੁਖ਼ਤਾ ਕਰਦਾ ਹੈ ਕਿ 79.4% ਅੱਜ ਵੀ ਵਿਆਹ ਮੌਕੇ ਖੇੜੇ ਅਤੇ ਸਤੀਆਂ ‘ਤੇ ਮੱਥਾ ਟੇਕਦੇ ਹਨ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਨਿਗਰਾਨ ਅਤੇ ਖੋਜਾਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਖੋਜ ਕਾਰਜ ਸਮਾਜ ਵਿੱਚ ਵਾਪਰ ਰਹੀਆਂ ਸਹਿਜ ਤਬਦੀਲੀਆਂ ਅਤੇ ਉਨ੍ਹਾਂ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਸਹੀ ਵਿਸ਼ਲੇਸ਼ਣ ਕਰਨ ਪੱਖੋਂ ਅਹਿਮ ਮਹੱਤਵ ਰਖਦੇ ਹਨ। ਅਜਿਹੇ ਵਿਸ਼ਲੇਸ਼ਣ ਵਿੱਚੋਂ ਪ੍ਰਾਪਤੀ ਨਤੀਜੇ ਜਿੱਥੇ ਸਮਾਜ ਨੂੰ ਨੇੜਿਓਂ ਸਮਝਣ ਦਾ ਸਬੱਬ ਬਣਦੇ ਹਨ ਓਥੇ ਹੀ ਵੱਖ-ਵੱਖ ਨੀਤੀਆਂ ਦੇ ਨਿਰਮਾਣ ਸਮੇਂ ਵੀ ਸਹਾਈ ਸਿੱਧ ਹੁੰਦੇ ਹਨ।