ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅਜੈਵੀਰ ਸਿੰਘ ਲਾਲਪੁਰਾ ਵਲੋਂ 15 ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ , 27 ਦਸੰਬਰ,2025
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਤਹਿਤ ਅੱਜ ਇਨਸਾਨੀਅਤ ਪਹਿਲਾਂ ਦੇ ਮੁਖੀ ਅਜੈਵੀਰ ਸਿੰਘ ਲਾਲਪੁਰਾ ਵਲੋਂ ਆਪਣੇ ਦਸਵੰਧ ਰਾਹੀਂ 15 ਮਰੀਜ਼ਾਂ ਦੀਆਂ ਅੱਖਾਂ ਦੀਆਂ ਸਫਲ ਸਰਜਰੀਆਂ ਕਰਵਾਈਆਂ ਗਈਆਂ। ਇਹਨਾਂ ਮਰੀਜ਼ਾਂ ਨੂੰ ਅਧੁਨਿਕ ਲੈਂਸ ਪਾਏ ਗਏ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਚਸ਼ਮੇ ਵੀ ਦਿੱਤੇ ਗਏ। ਇਹ ਸੇਵਾ ਸ਼ਰਮਾ ਹਸਪਤਾਲ, ਰੂਪਨਗਰ ਵਿੱਚ ਆਯੋਜਿਤ ਕੀਤੀ ਗਈ, ਜਿੱਥੇ ਨੇਤਰ ਰੋਗ ਮਾਹਿਰ ਡਾ. ਪਵਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਸ਼ਲਾਘਾਯੋਗ ਕੰਮ ਕੀਤਾ।
ਆਪਰੇਸ਼ਨ ਤੋਂ ਬਾਅਦ ਮਰੀਜ਼ਾਂ ਦਾ ਹਾਲਚਾਲ ਪੁੱਛਣ ਲਈ ਅਜੈਵੀਰ ਸਿੰਘ ਲਾਲਪੁਰਾ ਖੁਦ ਹਸਪਤਾਲ ਪਹੁੰਚੇ। ਉਨ੍ਹਾਂ ਨੇ ਮਰੀਜ਼ਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ । ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਨਿੱਕੀ ਉਮਰਾਂ ਵਿੱਚ ਹੀ ਧਰਮ ਤੇ ਸਮਾਜ ਖਾਤਰ ਆਪਣੀਆਂ ਜਿੰਦਾਂ ਕੁਰਬਾਨ ਕੀਤੀਆਂ, ਹੁਣ ਸਾਡੀ ਵਾਰੀ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਦਰਸ਼ਾਏ ਮਾਰਗ ‘ਤੇ ਚੱਲਦਿਆਂ ਆਪਣੀ ਜਿੰਮੇਵਾਰੀ ਨਿਭਾਈਏ। ਲਾਲਪੁਰਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਹੁਣ ਤੱਕ 200 ਤੋਂ ਵੱਧ ਮਰੀਜਾਂ ਦੇ ਲੈਨਸ ਪੁਆ ਕੇ ਸੇਵਾ ਕੀਤੀ ਜਾ ਚੁੱਕੀ ਹੈ ਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ।
ਇਸ ਮੌਕੇ ਹਿੰਮਤ ਸਿੰਘ ਗਿਰਨ ਨੇ ਲਾਲਪੁਰਾ ਪਰਿਵਾਰ ਦੇ ਇਸ ਸੇਵਾ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਇਹ ਪਹਿਲੀ ਵਾਰ ਹੋਇਆ ਹੈ ਕਿ ਜੋ ਕੰਮ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਨਹੀਂ ਹੋ ਸਕਿਆ, ਉਹ ਅਜੈਵੀਰ ਸਿੰਘ ਲਾਲਪੁਰਾ ਨੇ ਆਪਣੇ ਹੱਥੀਂ ਕਰ ਦਿਖਾਇਆ।” ਉਨ੍ਹਾਂ ਆਖਿਆ ਕਿ ਲਾਲਪੁਰਾ ਪਰਿਵਾਰ ਨਾ ਕੇਵਲ ਨੇਤਰ ਜਾਂਚ ਕੈਂਪ ਕਰਵਾਉਂਦਾ ਹੈ, ਬਲਕਿ ਵਿਆਪਕ ਪੱਧਰ ’ਤੇ ਮੁਫ਼ਤ ਮੈਡਿਕਲ ਚੈੱਕਅੱਪ ਕੈਂਪ, ਕੈਂਸਰ ਜਾਂਚ ਕੈਂਪ, ਦਵਾਈਆਂ ਦੀ ਵੰਡ, ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲਾਂ, ਵਿਸ਼ੇਸ਼ ਯੋਗ ਵਿਅਕਤੀਆਂ ਲਈ ਵ੍ਹੀਲਚੇਅਰ, ਲੜਕੀਆਂ ਲਈ ਸ਼ਗੁਨ ਯੋਜਨਾ, ਨਸ਼ਾ ਮੁਕਤੀ ਮੁਹਿੰਮ ਤਹਿਤ ਖੇਡ ਸਮੱਗਰੀ ਵੰਡ, ਮੁਫ਼ਤ ਜਿਮ ਸਹੂਲਤਾਂ ਆਦਿ ਵੀ ਸਮੇਂ ਸਮੇ ਤੇ ਸੇਵਾ ਕਰਦੇ ਹਨ, ਜੋ ਲਾਮਿਸਾਲ ਹੈ। ਉਨ੍ਹਾਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ, ਸਰਦਾਰ ਇਕਬਾਲ ਸਿੰਘ ਲਾਲਪੁਰਾ, ਅਜਯਵੀਰ ਸਿੰਘ ਲਾਲਪੁਰਾ ਅਤੇ ਸ਼੍ਰੀਮਤੀ ਹਰਦੀਪ ਕੌਰ ਲਾਲਪੁਰਾ ਨੂੰ ਇਸ ਵਿਲੱਖਣ ਸੇਵਾ ਕਾਰਜ ਲਈ ਧੰਨਵਾਦ ਦਿੱਤਾ।

ਵਿਸ਼ਨੂੰ ਭਟਨਾਗਰ ਨੇ ਡਾਕਟਰ ਪਵਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਤੱਕ ਕੁੱਲ 220 ਆਪਰੇਸ਼ਨ ਸਫਲਤਾਪੂਰਵਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲਾਲਪੁਰਾ ਪਰਿਵਾਰ ਵਲੋਂ ਹੋਰ ਮਰੀਜ਼ਾਂ ਦੀਆਂ ਅੱਖਾਂ ਦੀ ਸਰਜਰੀ ਕਰਵਾਈ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਯਵੀਰ ਸਿੰਘ ਲਾਲਪੁਰਾ ਦਾ ਸੰਗਠਨ ਸਮਾਜ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਹੋ ਜਿਹੇ ਸੇਵਾ ਕਾਰਜ ਜਾਰੀ ਰਹਿਣਗੇ।
ਇਸ ਮੌਕੇ ‘ਤੇ ਓਂਕਾਰ ਅਬਿਆਣਾ, ਅਰਸ਼ ਬਾਠ ਮਾਜਰੀ ਆਦਿ ਮੌਜੂਦ ਸਨ।











