ਜ਼ਿਲ੍ਹਾ ਰੂਪਨਗਰ ਦੇ ਕੈਕਿੰਗ ਖਿਡਾਰੀ ਜਸਪ੍ਰੀਤ ਸਿੰਘ ਸੈਣੀ ਨੇ ਇੰਡੀਅਨ ਨੇਵੀ ਵਿੱਚ ਬਤੌਰ ਪੈਟੀ ਅਫ਼ਸਰ ਅਹੁਦਾ ਸੰਭਾਲਿਆ
ਬਹਾਦਰਜੀਤ ਸਿੰਘ/ਰੋਯਾਲਪਟਿਆਲਾ. ਇਨ/ ਰੂਪਨਗਰ, 23 ਜੁਲਾਈ,2025
ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਪਿੰਡ ਕਟਲੀ ਵਿਖੇ ਸਥਿਤ ਕੈਕਿੰਗ ਖਿਡਾਰੀ ਜਸਪ੍ਰੀਤ ਸਿੰਘ ਸੈਣੀ ਨੇ ਇੰਡੀਅਨ ਨੇਵੀ ਵਿੱਚ ਬਤੌਰ ਪੈਟੀ ਅਫ਼ਸਰ ਅਹੁਦਾ ਸੰਭਾਲਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਪਿੰਡ ਛੋਟੀ ਹਵੇਲੀ ਦੇ ਪਿਤਾ ਮਨਜਿੰਦਰ ਸਿੰਘ ਸੈਣੀ ਅਤੇ ਮਾਤਾ ਰਾਜਪਰੀਤ ਕੌਰ ਸੈਣੀ ਦੇ ਘਰ 2006 ਵਿੱਚ ਜਸਪ੍ਰੀਤ ਸਿੰਘ ਨੇ ਜਨਮ ਲਿਆ ਅਤੇ ਜਸਪ੍ਰੀਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਆਪਣੇ ਪਿਤਾ ਦੀ ਤਰ੍ਹਾਂ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਜਸਪ੍ਰੀਤ ਸਿੰਘ ਨੇ ਹਾਕੀ ਵਿੱਚ ਆਪਣੇ ਪਿਤਾ ਦੀ ਤਰ੍ਹਾਂ ਆਪਣੀ ਧਾਕ ਜਮਾਉਣੀ ਸ਼ੁਰੂ ਕਰ ਦਿੱਤੀ। ਜਸਪ੍ਰੀਤ ਸਿੰਘ ਇੱਕ ਫਲਦਾਰ ਬੂਟੇ ਦੀ ਤਰ੍ਹਾਂ ਵੱਡਾ ਹੋ ਹੀ ਰਿਹਾ ਸੀ ਕਿ ਕਰੋਨਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੇ ਜਸਪ੍ਰੀਤ ਸਿੰਘ ਨੂੰ ਕਰੋਨਾ ਕਾਲ ਵਿੱਚ ਹਾਕੀ ਦੀ ਸਟਿੱਕ ਛੁਡਵਾ ਕੇ ਕੈਕਿੰਗ ਖੇਡ ਦਾ ਚੱਪੂ ਫੜਾ ਦਿੱਤਾ।
ਜਸਪ੍ਰੀਤ ਸਿੰਘ ਦੇ ਪਿਤਾ ਜੀ ਨੇ ਦੱਸਿਆ ਕਿ ਕੈਕਿੰਗ ਕੈਨੋਇੰਗ ਕੋਚ ਜਗਜੀਵਨ ਸਿੰਘ ਕਿਸੇ ਫ਼ੰਕਸ਼ਨ ਵਿੱਚ ਮਿਲੇ ਅਤੇ ਉਨ੍ਹਾਂ ਦੀ ਪਾਰਖੂ ਅੱਖ ਨੇ ਜਸਪ੍ਰੀਤ ਨੂੰ ਪਰਖਿਆ ਅਤੇ ਸਾਨੂੰ ਐਨਾ ਕੁ ਮਜਬੂਰ ਕਰ ਦਿੱਤਾ ਕਿ ਸਾਨੂੰ ਹਾਕੀ ਖੇਡ ਤੋਂ ਕੈਕਿੰਗ ਵਿੱਚ ਜਾਣਾ ਪਿਆ, ਹਾਲਾਂਕਿ ਮੇਰਾ ਪੂਰਾ ਪਰਿਵਾਰ ਹਾਕੀ ਦੇ ਮੁਰੀਦ ਹਨ ਪ੍ਰੰਤੂ ਜਗਜੀਵਨ ਸਿੰਘ ਕੋਚ ਦੀ ਕੰਮ ਕਰਨ ਦੇ ਤਰੀਕੇ ਕੋਚਿੰਗ ਕਰਨ ਦਾ ਢੰਗ ਬੇਹੱਦ ਬੇਹਤਰ ਲੱਗੇ ਅਤੇ ਅਸੀਂ ਜਸਪ੍ਰੀਤ ਨੂੰ ਪੂਰਨ ਤੌਰ ਤੇ ਕੈਕਿੰਗ ਸ਼ੁਰੂ ਕਰਵਾ ਦਿੱਤੀ, ਜਿਸ ਤੋਂ ਬਾਅਦ ਲਗਾਤਾਰ ਜਸਪ੍ਰੀਤ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡ ਵਿੱਚ ਬੇਹੱਦ ਸੰਜੀਦਗੀ ਨਾਲ ਮਿਹਨਤ ਕੀਤੀ।
ਜਸਪ੍ਰੀਤ ਸਿੰਘ ਨੇ ਜੂਨੀਅਰ ਤੋਂ ਲੈ ਕੇ ਸੀਨੀਅਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਜਿੱਤਣੇ ਸ਼ੁਰੂ ਕੀਤੇ। ਇੱਕ-ਇੱਕ ਕਰਕੇ ਜਸਪ੍ਰੀਤ ਸਿੰਘ ਨੇ ਕੈਕਿੰਗ ਵਿੱਚ ਆਪਣੇ ਕਦਮ ਚੱਲਦਾ ਗਿਆ। ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਥੋੜੇ ਦਿਨ ਪਹਿਲਾ ਹੀ ਇਸ ਨੌਜ਼ਵਾਨ ਨੇ ਤੀਜਾ ਸਥਾਨ ਹਾਸਲ ਕੀਤਾ ਸੀ, ਅੱਜ ਦੇਸ਼ ਦੇ ਇੰਡੀਅਨ ਨੇਵੀ ਵਿੱਚ ਬਤੌਰ ਪੈਟੀ ਅਫ਼ਸਰ ਬਹੁਤ ਛੋਟੀ ਉਮਰ ਵਿੱਚ ਚੁਣਿਆ ਗਿਆ। ਜੋ ਕਿ ਪੰਜਾਬ ਅਤੇ ਜ਼ਿਲ੍ਹਾ ਰੂਪਨਗਰ ਦੇ ਲਈ ਮਾਣ ਵਾਲੀ ਗੱਲ ਹੈ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ, ਜ਼ਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਹਮੇਸ਼ਾ ਯੋਗਦਾਨ ਰਿਹਾ ਹੈ। ਜਸਪ੍ਰੀਤ ਸਿੰਘ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ, ਜੋ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਕੇ ਨੌਜ਼ਵਾਨਾਂ ਦਾ ਭਵਿੱਖ ਉਸਾਰਨ ਵਿੱਚ ਹਰ ਸੰਭਵ ਉਪਰਾਲੇ ਕਰ ਰਹੇ ਹਨ।
ਇਸ ਤੋਂ ਇਲਾਵਾ ਮਨਜਿੰਦਰ ਸਿੰਘ ਵੱਲੋਂ ਕੋਚ ਸਪੋਰਟਸ ਅਥਾਰਟੀ ਆਫ ਇੰਡੀਆ ਭੋਪਾਲ ਸੰਜੀਵ ਲਾਕਰ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰ, ਇੰਦਰਪਾਲ ਸਿੰਘ ਸਤਿਆਲ, ਵਿਕਰਾਂਤ ਚੌਧਰੀ ਸਰਪੰਚ ਛੋਟੀ ਹਵੇਲੀ, ਗੁਰਨੰਦ ਸਿੰਘ, ਰਵਿੰਦਰ ਸਿੰਘ, ਇੰਦਰਜੀਤ ਸਿੰਘ ਹਾਕੀ ਕੋਚ, ਲਖਵੀਰ ਸਿੰਘ ਲੱਕੀ ਆਦਿ ਦਾ ਵੀ ਧੰਨਵਾਦ ਕੀਤਾ ਗਿਆ।