ਸਫ਼ਰ-ਏ-ਦਾਸਤਾਨ – ਡਾ: ਬੂਟਾ ਸਿੰਘ ਸਿੱਧੂ ਦੇ ਰਿਟਾਇਰਮੈਂਟ ਡੇਅ ‘ਤੇ ਵਿਸ਼ੇਸ਼- ਸੁਖਮਿੰਦਰ ਕੌਰ ਸਿੱਧੂ

70

ਸਫ਼ਰ-ਏ-ਦਾਸਤਾਨ – ਡਾ: ਬੂਟਾ ਸਿੰਘ ਸਿੱਧੂ ਦੇ ਰਿਟਾਇਰਮੈਂਟ ਡੇਅ ‘ਤੇ ਵਿਸ਼ੇਸ਼- ਸੁਖਮਿੰਦਰ ਕੌਰ ਸਿੱਧੂ

ਸੁਖਮਿੰਦਰ ਕੌਰ ਸਿੱਧੂ/ 4 ਨਵੰਬਰ, 2024

ਡਾ: ਬੂਟਾ ਸਿੰਘ ਸਿੱਧੂ ਸਾਬਕਾ ਵਾਈਸ-ਚਾਂਸਲਰ (ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ  ਯੂਨੀਵਰਸਿਟੀ, ਬਠਿੰਡਾ) ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ; ਉਹਨਾਂ ਦਾ ਤਕਨੀਕੀ ਸਿੱਖਿਆ ਅਤੇ ਸਮਾਜ ਵਿੱਚ ਅਪਾਰ ਯੋਗਦਾਨ ਹੈ। ਆਓ ਜਾਣਦੇ ਹਾਂ ਉਹਨਾਂ ਦੇ ਇਸ ਮਿਹਨਤ ਭਰੇ ਅਤੇ ਸੰਘਰਸ਼ਮਈ ਸਫ਼ਰ ਦੀ ਕਹਾਣੀ…..

ਡਾਕਟਰ ਬੂਟਾ ਸਿੰਘ ਸਿੱਧੂ ਦਾ ਜਨਮ 10 ਅਕਤੂਬਰ,1964 ਨੂੰ ਪਿਤਾ  ਰਾਜ ਸਿੰਘ ਸਿੱਧੂ ,ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿੰਡ ਧਿੰਗੜ ਜਿਲਾ ਮਾਨਸਾ(ਉਸ ਵੇਲੇ ਬਠਿੰਡਾ) ਵਿਖੇ ਹੋਇਆ। ਆਪ ਨੇ ਅਪਣੀ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚ ਪ੍ਰਾਪਤ ਕਰਨ ਉਪਰੰਤ ਸਰਕਾਰੀ ਹਾਈ ਸਕੂਲ ਕਮਾਲੂ ਸਵੈਚ ਤੋਂ ਦਸਵੀਂ ਪੱਧਰ ਦੀ ਵਿੱਦਿਆ ਪ੍ਰਾਪਤ  ਕੀਤੀ। ਪਿੰਡ ਧਿੰਗੜ ਤੋਂ ਲੱਗਭੱਗ 15  ਕਿਲੋਮੀਟਰ ਦੀ ਦੂਰੀ ਤੇ ਤਲਵੰਡੀ ਸਾਬੋ (ਦਮਦਮਾ ਸਾਹਿਬ)ਹੈ, ਜਿਸਨੂੰ ਗੁਰੂ ਕੀ ਕਾਸ਼ੀ ਵਜੋ ਵੀ ਜਾਣਿਆ ਜਾਦਾਂ ਹੈ। ਇੱਥੋਂ ਹੀ ਗੁਰੂ ਕਾਸ਼ੀ ਕਾਲਜ ਤੋਂ ਨਾਨ ਮੈਡੀਕਲ ਦੀ ਪੜਾਈ ਕੀਤੀ। ਪੜਾਈ ਦੇ ਨਾਲ–ਨਾਲ ਉਹ ਖੇਡਾਂ (ਵਾਲੀਬਾਲ)ਵਿੱਚ ਵੀ ਦਿਲਚਸਪੀ ਨਾਲ ਭਾਗ ਲੈਂਦੇ ਰਹੇ।

ਅਗਲੇ ਪੜਾਅ ਵਿਚ ਡਾ. ਸਿੱਧੂ ਨੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਿਲ ਕੀਤੀ । ਇਸ ਦੌਰਾਨ ਉਹਐਨ.ਐਸ.ਐਸ ਅਤੇ ਐਨ .ਸੀ .ਸੀ ਵਰਗੀਆਂ ਗਤੀਵਿਧੀਆਂ ਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਰਹੇ। ਕਾਲਜ ਚ ਪੜਦੇ ਸਮੇਂ ਡਾ:ਸਿੱਧੂ ਦੇ ਮਿਲਣਸਾਰ ਸੁਭਾਅ ਕਰਕੇ ਉਹਨਾਂ ਦੇ ਦੋਸਤਾਂ ਦਾ ਘੇਰਾ ਬਹੁਤ ਵਿਸ਼ਾਲ ਸੀ, ਜਿਸ ਕਰਕੇ ਉਹਨਾਂ ਦੇ ਨਾਮ ਨਾਲ “ਗੈਸਟਾਂ ਵਾਲਾ” ਟੈਗ ਜੁੜ ਗਿਆ। ਮਿਹਨਤ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ, ਬੀ .ਟੈਕ ਕਰਨ ਉਪਰੰਤ ਐਮ.ਟੈੱਕ ਦੀ ਡਿਗਰੀ ਹਾਸਿਲ ਕੀਤੀ ਅਤੇ ਸਿੱਖਣ ਦਾ ਸਫ਼ਰ ਜ਼ਾਰੀ ਰੱਖਿਆ।

ਡਾ. ਸਿੱਧੂ ਨੇ ਅਪਣੀ  ਸਰਕਾਰੀ ਸੇਵਾ ਦਾ ਸਫ਼ਰ 3, ਜਨਵਰੀ 1992 ਨੂੰ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਵਿੱਚ ਬਤੌਰ ਲੈਕਚਰਾਰ ਮਕੈਨੀਕਲ ਇੰਜੀਨੀਅਰਿੰਗ ਵਜੋਂ ਸ਼ੁਰੂ ਕੀਤਾ। ਇਸ ਸੰਸਥਾ ਦਾ ਡਾ. ਸਾਹਿਬ ਦੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹ ਸਦਾ ਇਸ ਧਰਤੀ ਨੂੰ ਸਲੂਟ ਕਰਦੇ ਹਨ। ਇੱਥੇ ਕੰਮ ਕਰਦਿਆਂ ਹੀ ਡਾ. ਸਿੱਧੂ ਨੇ ਆਪਣੀ ਡਾਕਟਰੇਟ (ਪੀ.ਐਚ.ਡੀ) ਦੀ ਡਿਗਰੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ,ਰੁੜਕੀ ਤੋਂ ਹਾਸਿਲ ਕੀਤੀ। ਇਹ ਤਿੰਨ ਸਾਲ ਦਾ ਸਮਾਂ ਬਹੁਤ ਹੀ ਮਿਹਨਤ ਅਤੇ ਸੰਘਰਸ਼ਮਈ ਰਿਹਾ। ਪਰ ਕਹਿੰਦੇ ਨੇ ਕਿ…

“ਸੀਨੇ ਖਿੱਚ ਜਿੰਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਵਹਿੰਦੇ…।”

ਮਿਹਨਤ ਅਤੇ ਤਰੱਕੀ ਦਾ ਸਿਲਸਿਲਾ ਜਾਰੀ ਰਿਹਾ ਅਤੇ ਉਹਨਾਂ ਦੀ ਡਿਪਾਰਟਮੈਂਟ(ਵਿਭਾਗ) ਵਿੱਚ ਲਗਾਤਾਰ  ਪ੍ਰੋਮੋਸ਼ਨ ਹੁੰਦੀ ਗਈ। ਫਿਰ ਉਹਨਾਂ ਦੀ ਸ਼ਿਲੈਕਸ਼ਨ ਬਤੌਰ ਪ੍ਰੋਫਸਰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਖੇ ਹੋਈ। ਉੱਥੇ ਕੰਮ ਕਰਦਿਆਂ ਕੁੱਝ ਹੀ ਮਹੀਨਿਆਂ ਦਾ ਸਮਾਂ ਹੋਇਆ ਸੀ ਕਿ ਆਪ ਦੀ ਤਰੱਕੀ ਅਤੇ ਨਿਯੁਕਤੀ ਬਤੌਰ ਪ੍ਰੋਫ਼ੈਸਰ, ਡਾਇਰੈਕਟਰ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ, ਤਲਵੰਡੀ ਸਾਬੋ (ਪੰਜਾਬੀ ਯੂਨੀਵਰਸਿਟੀ) ਵਿਖੇ ਹੋਈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ ਦੀ ਨਿਵੇਕਲੀ ਪਹਿਲ-ਕਦਮੀ ਦੁਆਰਾ ਸਥਾਪਿਤ ਕੀਤਾ ਗਿਆ ਹੈ, ਜਿੱਥੇ ਪੇਂਡੂ ਖੇਤਰ ਤੇ ਆਰਥਿਕ ਪੱਧਰ ਤੇ ਕਮਜ਼ੋਰ ਵਰਗ ਲਈ ਮੁਫ਼ਤ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਕੋਈ ਵੀ ਬੱਚਾ ਵਿੱਦਿਆ ਤੋਂ ਵਾਝਾਂ ਨਾਂ ਰਹੇ। ਇਹ ਡਾ. ਸਿੱਧੂ ਦਾ ਅਪਣਾ ਏਰੀਆ ਸੀ, ਜਿੱਥੇ ਸਾਰਿਆਂ ਨੇ ਰਲ ਮਿਲ ਕੇ ਕਾਲਜ ਦੀ ਬਿਹਤਰੀ ਲਈ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ। ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਕਾਲਜ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ। ਬੇਸ਼ੱਕ ਉੱਥੇ ਡਾ. ਸਿੱਧੂ ਨੇ ਲੱਗਭੱਗ ਇੱਕ ਸਾਲ ਦਾ ਸਮਾਂ ਹੀ ਲਗਾਇਆ, ਪਰ ਉਸ ਸਮੇਂ ਯਾਦਵਿੰਦਰਾ ਕਾਲਜ ਵਿੱਚ ਜਿਵੇਂ ਦਾਖਲਿਆਂ ਦਾ ਹੜ੍ਹ ਹੀ ਆ ਗਿਆ। ਗੁਰੂ ਦੀ ਨਗਰੀ ਗੁਰੂ ਕਾਸ਼ੀ ਵਿਖੇ ਕੀਤੀ ਮਿਹਨਤ ਦੇ ਫਲਸਰੂਪ ਵਾਹਿਗੁਰੂ ਜੀ ਦੀ ਅਪਾਰ ਮਿਹਰ ਸਦਕਾ ਆਪ ਦੀ ਨਿਯੁਕਤੀ ਤਕਨੀਕੀ ਸਿੱਖਿਆ ਦੀ ਇੱਕੋ ਇੱਕ ਯੂਨੀਵਰਸਿਟੀ  “ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ” ਵਿੱਚ ਡੀਨ ਅਕਾਦਮਿਕ ਵਜੋਂ ਹੋਈ। ਲੱਗਭੱਗ 7  ਕੁ ਸਾਲ ਦੇ ਕਰੀਬ ਡਾ. ਸਿੱਧੂ ਨੇ ਜਲੰਧਰ ਯੂਨੀਵਰਸਿਟੀ ਵਿੱਚ ਡੀਨ ਅਕਾਦਿਮਕ ਦੇ ਅਹੁਦੇ ਤੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ । ਇਸੇ ਦਰਮਿਆਨ ਬਠਿੰਡਾ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਹੋਂਦ ਵਿੱਚ ਆ ਚੁੱਕੀ ਸੀ। ਮਨ ਵਿੱਚ ਇੱਛਾ ਹੋਈ ਕਿ ਕਿਉਂ ਨਾ ਅਪਣੇ ਘਰ ਵਾਪਸ ਜਾਇਆ ਜਾਵੇ ਤਾਂ ਕਿ ਪਰਿਵਾਰਕ ਜ਼ੁੰਮੇਵਾਰੀਆਂ  ਵੀ ਨਾਲ ਨਾਲ ਨਿਭਾਈਆਂ ਜਾ ਸਕਣ ਅਤੇ ਸਫ਼ਰ ਵੀ ਘੱਟ ਜਾਵੇਗਾ। ਪਰੰਤੂ ਇਹ ਬਹੁਤ ਮੁਸ਼ਕਿਲ ਸੀ ਕੋਈ ਨਾ ਕੋਈ ਅੜਚਨ ਲੱਗਦੀ ਰਹੀ ,ਪਰ ਇਹ ਅਟੱਲ ਸਚਾਈ ਏ ਕਿ..

ਉੱਦਮ ਕਰੀਂ ਜ਼ਰੂਰ ,ਬਿਨ ਉੱਦਮ ਹੱਥ ਸੱਖਣੇ ਰਹਿਸਣ ,ਉੱਦਮ ਥੀਂ ਭਰਪੂਰ।

ਸਫ਼ਰ-ਏ-ਦਾਸਤਾਨ - ਡਾ: ਬੂਟਾ ਸਿੰਘ ਸਿੱਧੂ ਦੇ ਰਿਟਾਇਰਮੈਂਟ ਡੇਅ 'ਤੇ ਵਿਸ਼ੇਸ਼- ਸੁਖਮਿੰਦਰ ਕੌਰ ਸਿੱਧੂ

ਆਖਿਰ ਡਾ: ਸਿੱਧੂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,ਬਠਿੰਡਾ ਵਿਖੇ ਅਪਣੀ ਪੋਸਟ ਡੀਨ ਵੱਜੋਂ ਜੁਆਇਨ ਕਰ ਲਿਆ। ਡਾ: ਸਿੱਧੂ ਦੀ ਕਾਬਲੀਅਤ ਨੂੰ ਦੇਖਦਿਆਂ ਯੂਨੀਵਰਸਿਟੀ ਦੇ ਰਜਿਸਟਾਰ ਦੀ ਵੱਕਾਰੀ ਜਿੰਮੇਵਾਰੀ ਸੌਂਪੀ ਗਈ। ਇਸ ਸਭ ਦੇ ਵਿਚਕਾਰ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ  ਦੀ ਪੋਸਟ ਲਈ ਐਡ ਵੀ ਆ ਚੁੱਕੀ ਸੀ। ਵਾਹਿਗੁਰੂ ਜੀ ਦੀ ਅਪਾਰ ਰਹਿਮਤ ਅਤੇ ਡਾ. ਸਿੱਧੂ ਦੀ ਮਿਹਨਤ ਸਦਕਾ 2 ਨਵੰਬਰ 2020 ਨੂੰ ਵਾਈਸ ਚਾਂਸਲਰ ਦੇ ਮਹੱਤਵਪੂਰਨ ਅਹੁਦੇ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ। ਉਹਨਾਂ ਨੇ ਪੂਰੀ ਤਨਦੇਹੀ ਨਾਲ ਇਸਨੂੰ ਨਿਭਾਇਆ। ਡਾ. ਸਾਹਿਬ ਦੇ ਮੂੰਹੋਂ ਇਹ ਸ਼ਬਦ ਬਹੁਤ ਵਾਰ ਸੁਣੇ ਕਿ ਜੋ ਬਖਸ਼ਿਸ਼ ਵਾਹਿਗੁਰੂ ਨੇ ਕੀਤੀ ਹੈ ਇਸਨੂੰ ਪੂਰੀ ਇਮਾਨਦਾਰੀ ਅਤੇ  ਸ਼ਿੱਦਤ ਨਾਲ ਪੂਰਾ ਕੀਤਾ ਜਾਵੇ। ਨਾਲ ਹੀ ਇੱਕ  ਹੋਰ ਯੂਨੀਵਰਸਿਟੀ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਵਾਈਸ ਚਾਂਸਲਰ ਦਾ ਚਾਰਜ ਵੀ ਡਾ. ਸਿੱਧੂ ਨੂੰ ਦਿੱਤਾ ਗਿਆ। ਉਹਨਾਂ ਤਿੰਨ ਸਾਲ ਤੱਕ ਇਸ ਅਹੁਦੇ ਤੇ ਪੜਾਅਵਾਰ  ਕੰਮ ਕਰਦਿਆਂ ਮਾਲਵਾ ਖੇਤਰ ਵਿੱਚ ਬਣੇ ਇਸ ਤਕਨੀਕੀ ਵਿਸ਼ਵ ਵਿਦਿਆਲੇ  ਦੇ ਵਿੱਤੀ ਪ੍ਰਬੰਧ ਨੂੰ ਮਜ਼ਬੂਤ ਕਰਨ, ਯੂਨੀਵਰਸਿਟੀ ਦੀ ਨੈਕ ਦੁਆਰਾ ਗਰੇਡਿੰਗ ਕਰਵਾਉਣ ਲਈ, ਵੱਖ ਵੱਖ ਖੋਜ ਕਾਰਜਾਂ ਲਈ ਅਤੇ ਯੂਨੀਵਰਸਿਟੀ ਵਿੱਚ ਦਾਖਲਿਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਹਨਾਂ ਦੀ ਸੁਚੱਜੀ ਅਗਵਾਈ ਹੇਠ ਸਾਰੀ ਟੀਮ ਨੇ ਬਹੁਤਸ਼ਿੱਦਤ ਨਾਲ ਕੰਮ ਕੀਤਾ। ਸਰਕਾਰੀ ਸੇਵਾ ਕਾਲ ਦਾ ਬਚਦਾ ਸਮਾਂ ਵੀ ਉਹਨਾਂ ਇਸ ਸੰਸਥਾ ਵਿੱਚ ਹੀ ਲਗਾਇਆ।

ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਇਸ ਅਹੁਦੇ ਤੱਕ ਪਹੁੰਚਣਾ ਬਹੁਤ ਮਾਣਵਾਲੀ ਗੱਲ ਹੈ। ਅੱਜ ਲੱਗਭੱਗ 33 ਸਾਲ ਦੀ ਬੇਦਾਗ਼, ਨਿਰਵਿਘਨ, ਤੇ ਸ਼ਾਨਮੱਤੀ ਅਧਿਆਪਨ ਅਤੇ  ਪ੍ਰਬੰਧਨ ਦੀ ਸੇਵਾ ਕਰਨ ਉਪਰੰਤ ਡਾ. ਸਿੱਧੂ ਨੇ ਜਿਹੜੀ ਸੰਸਥਾ  ਤੋਂ ਅਪਣੀ ਸਰਕਾਰੀ ਸੇਵਾ ਦਾ ਸਫ਼ਰ ਸ਼ੁਰੂ ਕੀਤਾ ਉਸੇ ਤੋਂ ਹੀ ਅੱਜ ਸੇਵਾ-ਮੁਕਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਬਹੁਤ ਬਹੁਤ ਮੁਬਾਰਕਾਂ ਸਿੱਧੂ ਸਾਬ…।

“ਜਿੱਥੇ ਆਵਾਜ਼ ਦੇਣ ਤੋਂ ਪਹਿਲਾਂ ਹੁੰਗਾਰਾ ਮਿਲਦਾ ਹੋਵੇ,

ਰੱਬ ਕਰੇ ਇਹੋ ਜਿਹੀ ਸਾਂਝ ਉਮਰਾਂ ਤੱਕ ਬਣੀ ਰਹੀ॥”

ਨੋਟ: ਸੁਖਮਿੰਦਰ ਕੌਰ ਸਿੱਧੂ ਦੇ ਪ੍ਰਗਟ ਕੀਤੇ ਵਿਚਾਰ ਨਿੱਜੀ ਹਨ I