ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਸਿਹਤ ਮੰਤਰੀ ਪੰਜਾਬ ਨੁੰ ਮੰਗ ਪੱਤਰ ਭੇਟ
ਬਹਾਦਰਜੀਤ ਸਿੰਘ/ ਰੋਯਾਲਪਟਿਆਲਾ.ਇਨ / ਰੂਪਨਗਰ,24 ਅਗਸਤ,2025
ਬੀਤੇ ਦਿਨ ਇਕ ਪ੍ਰੋਗਰਾਮ ਦੌਰਾਨ, ਸੈਣੀ ਭਵਨ ਦੇ ਪ੍ਰਬੰਧਕਾਂ ਵਲੋਂ ਡਾ: ਅਜਮੇਰ ਸਿੰਘ, ਪ੍ਰਧਾਨ, ਸੈਣੀ ਭਵਨ, ਰੂਪਨਗਰ ਦੀ ਅਗਵਾਈ ਵਿਚ ਡਾ: ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵਲੋਂ ਰਾਜ ਪੱਧਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਮਨਾਏ ਜਾਣਾ ਸਲਾਘਾਯੋਗ ਫੈਸਲਾ ਹੈ ਪਰ ਇਨਾਂ ਸਮਾਗਮਾਂ ਦੌਰਾਨ ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨਨੂਆ ਅਤੇ ਭਾਈ ਉਦੇ ਜੀ, ਜੋ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਨਾਲ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ, ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੌਰਾਨ ਪ੍ਰਚਾਰ ਸਮੱਗਰੀ ਵਿਚ ਸ਼ਾਮਲ ਕੀਤਾ ਜਾਵੇ ਕਿਉਂਕਿ ਹੁਣ ਤੱਕ ਉਨਾਂ ਦੀਆਂ ਸੇਵਾਵਾਂ ਨੂੰ ਅਣਦੇਖਿਆ ਕੀਤਾ ਗਿਆ ਹੈ।
ਇਸ ਸਬੰਧੀ ਉਨ੍ਹਾ ਵਲੋਂ ਭੱਟ ਵਹੀਆਂ ਅਤੇ ਹੋਰ ਸਿੱਖ ਇਤਿਹਾਸ ਨਾਲ ਸਬੰਧਤ ਇਤਿਹਾਸਿਕ ਕਿਤਾਬਾਂ ਦੇ ਹਵਾਲੇ ਵੀ ਦਿੱਤੇ ਗਏ ਜਿਨਾਂ ਵਿਚ ਇਹ ਸਪੱਸ਼ਟ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਿੰਨ ਗੁਰਸਿੱਖਾਂ ਭਾਈ ਜੈਤਾ, ਭਾਈ ਨਨੂਆ ਅਤੇ ਭਾਈ ਉਦੇ ਜੀ ਵਲੋਂ ਲਿਆਂਦਾ ਗਿਆ। ਇੱਥੇ ਇਹ ਵਰਨਣ ਯੋਗ ਹੈ ਕਿ ਭਾਈ ਨਨੂਆਂ ਜੀ ਸਣੀ ਬਰਾਦਰੀ ਨਾਲ ਸਬੰਧਤ ਹਨ ਅਤੇ ਭਾਈ ਨੰਨੂਆ ਜੀ ਦਸਮੇਸ਼ ਪਿਤਾ ਦੇ 52 ਦਰਬਾਰੀ ਕਵੀਆਂ ਵਿਚ ਵੀ ਸ਼ਾਮਲ ਸਨ।
ਉਨਾਂ ਨੇ ਦਸਮੇਸ਼ ਪਿਤਾ ਜੀ ਤੋਂ ਅੰਮ੍ਰਿਤ ਛੱਕਿਆ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜਾਦਿਆਂ ਨਾਲ 40 ਸਿੰਘਾਂ ਨਾਲ ਸ਼ਹੀਦੀ ਪ੍ਰਾਪਤ ਕੀਤੀ। ਵਫਦ ਨੇ ਇਹ ਵੀ ਦੱਸਿਆ ਕਿ ਅੱਜ ਤੱਕ ਪੁਆਧ ਖੇਤਰ ਦੇ ਸਿੱਖ ਯੋਧਿਆਂ ਦੇ ਇਤਿਹਾਸ ਨੂੰ ਅਣਗੋਲੇ ਹੀ ਰੱਖਿਆ ਗਿਆ। ਡਾ: ਬਲਬੀਰ ਸਿੰਘ, ਸਿਹਤ ਮੰਤਰੀ, ਪੰਜਾਬ ਵਲੋਂ ਇਸ ਸਬੰਧ ਵਿਚ ਮਾਮਲਾ ਮਾਨਯੋਗ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿਵਾਇਆ ਗਿਆ।
ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿਚ ਰਾਜਿੰਦਰ ਸਿੰਘ ਨਨੂਆ, ਐਕਟਿੰਗ ਪ੍ਰਧਾਨ, ਸੈਣੀ ਭਵਨ, ਰੂਪਨਗਰ, ਸੰਤ ਹਰਦੀਪ ਸਿੰਘ ਗੁਰਦੁਆਰਾ ਬਾਬਾ ਸਤਿਨਾਮ ਜੀ, ਲਵਲੀਨ ਸਿੰਘ ਸੈਣੀ, ਪ੍ਰਧਾਨ, ਆਲ ਇੰਡੀਆ ਸੈਣੀ ਸੇਵਾ ਸਮਾਜ, ਪੰਜਾਬ, ਅਜਮੇਰ ਸਿੰਘ ਕੋਟਲਾ ਨਿਹੰਗ, ਮੀਤ ਪ੍ਰਧਾਨ ਤੋਂ ਇਲਾਵਾ ਰੂਪਨਗਰ ਹਲਕੇ ਦੇ ਐਮ.ਐਲ.ਏ, ਦਿਨੇਸ਼ ਚੱਢਾ, ਐਡਵੋਕੇਟ ਵੀ ਹਾਜਰ ਸਨ।