ਸਰਕਾਰੀ (ਸਟੇਟ) ਕਾਲਜ ਆਫ ਐਜੂਕੇਸ਼ਨ ਵਿਖੇ ਐਨ.ਐੱਸ.ਐੱਸ. ਕੈਂਪ ਦਾ ਸਮਾਪਤੀ ਸਮਾਰੋਹ
ਪਟਿਆਲਾ, royalpatiala.in News/26 ਫ਼ਰਵਰੀ 2026:
ਸਰਕਾਰੀ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਦੀ ਪ੍ਰਿੰਸੀਪਲ ਪ੍ਰੋਫ਼ੈਸਰ ਡਾ. ਵਨੀਤਾ ਰਾਣੀ ਦੀ ਅਗਵਾਈ ਅਤੇ ਐਨ.ਐੱਸ.ਐੱਸ. ਕੋਆਰਡੀਨੇਟਰ ਸਹਾਇਕ ਪ੍ਰੋਫ਼ੈਸਰ ਜਗਦੇਵ ਸਿੰਘ ਅਤੇ ਸਹਾਇਕ ਪ੍ਰੋਫ਼ੈਸਰ ਮੂਰਤੀ ਕੌਰ ਦੀ ਦੇਖ-ਰੇਖ ਹੇਠ ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਦਾ ਸੱਤਵਾਂ ਦਿਨ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਨੂੰ ਸਮਰਪਿਤ ਰਿਹਾ।
ਇਸ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਜੋਗਿੰਦਰ ਸਿੰਘ ਰਾਣਾ (ਸਾਬਕਾ ਪ੍ਰਿੰਸੀਪਲ ਅਤੇ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ) ਅਤੇ ਐਸੋ. ਪ੍ਰੋ. ਵੀਰਦੇਵ ਸਿੰਘ (ਰਿਟ.) ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਪ੍ਰੋ. (ਡਾ.)ਵਨੀਤਾ ਰਾਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਕੈੰਪ ਦੇ ਸਫਲਤਾ ਪੂਰਵਕ ਸਮਾਪਤੀ ਤੇ ਸਮੂਹ ਵਲੰਟੀਅਰਜ਼ ਅਤੇ ਐਨ.ਐਸ.ਐਸ ਪ੍ਰੋਗਰਾਮ ਅਫਸਰਾਂ ਨੂੰ ਵਧਾਈ ਦਿੱਤੀ |
ਡਾ. ਜੋਗਿੰਦਰ ਸਿੰਘ ਰਾਣਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਐਨ.ਐੱਸ.ਐੱਸ. ਦੇ ਕੈੰਪ ਵਿੱਚ ਭਾਗ ਲੈਣ ਨਾਲ ਹੱਥੀਂ ਕੰਮ ਕਰਨ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਹੁੰਦੇ ਹਨ । ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਕੰਮ ਦੀ ਸ਼ੁਰੂਆਤ ਆਪਣੇ ਘਰ-ਪਰਿਵਾਰ ਤੋਂ ਕਰਨੀ ਚਾਹੀਦੀ ਹੈ ਕਿਉਂਕਿ ਘਰ-ਪਰਿਵਾਰ ਤੋਂ ਹੀ ਸਮਾਜ ਬਣਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੋ ਜਿਹਾ ਇਨਸਾਨ ਕਰਮ ਕਰਦਾ ਹੈ, ਉਸਨੂੰ ਓਹੋ ਜਿਹਾ ਹੀ ਫਲ ਮਿਲਦਾ ਹੈ, ਇਸ ਲਈ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਐਨ.ਐੱਸ.ਐੱਸ. ਨੂੰ ਕੇਵਲ ਫ਼ਾਇਦੇ ਲਈ ਨਹੀਂ ਸਗੋਂ ਸਿੱਖਣ ਲਈ ਜੁੜਨਾ ਚਾਹੀਦਾ ਹੈ।

ਐਸੋ. ਪ੍ਰੋ. ਵੀਰਦੇਵ ਸਿੰਘ (ਰਿਟ.) ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਐਨ.ਐੱਸ.ਐੱਸ. ਵਰਗੇ ਪ੍ਰੋਗਰਾਮ ਸਾਨੂੰ ਭਵਿੱਖ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਨਿਸ਼ਕਾਮ ਸੇਵਾ ਕਰਨ ਲਈ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਇਨਾਮ ਵੰਡ ਸਮਾਰੋਹ ਵੀ ਕੀਤਾ ਗਿਆ, ਜਿਸ ਵਿੱਚ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।ਸੱਤ ਰੋਜ਼ਾ ਐਨੱ.ਐੱਸ.ਐੱਸ ਕੈਂਪ ਦੀ ਸਮੁੱਚੀ ਰਿਪੋਰਟ ਪ੍ਰੋ. ਜਗਦੇਵ ਸਿੰਘ ਦੁਆਰਾ ਪੇਸ਼ ਕੀਤੀ ਗਈ।
ਅੰਤ ਵਿੱਚ ਰੁਪਿੰਦਰ ਸਿੰਘ ਲਾਈਬ੍ਰੇਰੀਅਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋਗਰਾਮ ਅਫ਼ਸਰ ਪ੍ਰੋ. ਮੂਰਤੀ ਕੌਰ ਵੱਲੋਂ ਕੀਤਾ ਗਿਆ










