ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਜੂਨ 84 ਅਤੇ ਖਾੜਕੂ ਲਹਿਰ ਨੂੰ ਸਮਰਪਿਤ ਸੈਮੀਨਾਰ ਆਯੋਜਿਤ
ਫਤਿਹਗੜ੍ਹ ਸਾਹਿਬ/24 ਜੂਨ, 2024
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤੀਜੇ ਘੱਲੂਘਾਰੇ ਦੀ 40 ਸਾਲਾ ਯਾਦ ਨੂੰ ਸਮਰਪਿਤ ‘ਜੂਨ ਚੁਰਾਸੀ ਅਤੇ ਖਾੜਕੂ ਲਹਿਰ ਦੀ ਸਾਹਿਤਕ ਬਿੰਬਕਾਰੀ’ ਵਿਸ਼ੇ ਤੇ ਕੌਮੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਤਿੰਨ ਸੈਸ਼ਨਾਂ ਵਿੱਚ ਵੰਡਿਆ ਗਿਆ ਜਿਨਾਂ ਦੌਰਾਨ ਵੀ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੀ ਗੱਲ ਵਿਸ਼ੇ ਬਾਰੇ ਰੱਖੀ ਗਈ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਗੁਰਮੁਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕੀਤੀ ਗਈ ਤੇ ਉਦਘਾਟਨੀ ਪਰਚਾ ਡਾ. ਸਿਕੰਦਰ ਸਿੰਘ ਦੁਆਰਾ ਪੇਸ਼ ਕੀਤਾ ਗਿਆ। ਇਸ ਸੈਸ਼ਨ ਵਿੱਚ ਡਾ. ਹਰਪ੍ਰੀਤ ਕੌਰ, ਡਾ. ਜਸਵੀਰ ਕੌਰ, ਡਾ. ਪਲਵਿੰਦਰ ਕੌਰ, ਡਾ. ਬਲਜਿੰਦਰ ਅਤੇ ਡਾ. ਦੀਪਕ ਵੱਲੋਂ ਕੁੱਲ ਛੇ ਪਰਚੇ ਸਾਹਿਤ ਦੀਆਂ ਵੱਖ-ਵਿਧਾਵਾਂ ਨਾਲ ਸੰਬੰਧਿਤ ਪੜ੍ਹੇ ਗਏ। ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਕੰਵਲਜੀਤ ਸਿੰਘ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੁਆਰਾ ਕੀਤੀ ਗਈ । ਇਸ ਸੈਸ਼ਨ ਵਿਚ ਡਾ. ਬਿੰਦਰ ਸਿੰਘ, ਡਾ. ਬਲਵਿੰਦਰ ਕੌਰ, ਮਨਪ੍ਰੀਤ ਕੌਰ, ਰਵਨੀਤ ਕੌਰ, ਡਾ. ਮੇਜਰ ਸਿੰਘ ਅਤੇ ਜਸਪ੍ਰੀਤ ਕੌਰ ਦੁਆਰਾ ਕੁੱਲ ਛੇ ਖੋਜ-ਪੱਤਰ ਪੜ੍ਹੇ ਗਏ।
ਤੀਜੇ ਅਤੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਦੁਆਰਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਕੁਦਰਤੀ ਦੁਖਾਂਤ ਨਹੀਂ ਸੀ ਸਗੋਂ ਸੋਚੀ-ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਸਰਕਾਰੀ ਹਮਲਾ ਸੀ। ਸਰਕਾਰ ਦਾ ਮਨੋਰਥ ਸਿੱਖਾਂ ਨੂੰ ਖ਼ਤਮ ਕਰਨਾ ਹੀ ਨਹੀਂ ਸਗੋਂ ਬਦਨਾਮ ਕਰਨਾ ਵੀ ਸੀ। ਵਿਦਾਇਗੀ ਭਾਸ਼ਣ ਵਿਚ ਸਿੱਖ ਵਿਦਵਾਨ ਡਾ. ਹਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਇਹ ਵਕਤ ਰੁਦਨ ਜਾਂ ਕੀਰਨੇ ਪਾਉਣ ਦਾ ਨਹੀਂ ਸਗੋਂ ਮਾਣ ਕਰਨ ਦਾ ਹੈ ਕਿ ਅਸੀਂ ਕਿੱਡੇ ਵੱਡੇ ਸੰਕਟ ‘ਚੋਂ ਲੰਘ ਕੇ ਆਏ ਹਾਂ। ਪੰਜਾਬ ਦੀ ਮਿੱਟੀ, ਲਹੂ-ਮਾਸ ਤੇ ਮਨ ਵੱਖਰੀ ਕਿਸਮ ਦਾ ਹੈ, ਇਸ ਨੂੰ ਸਮਝੇ ਬਿਨਾਂ ਤੀਜੇ ਘੱਲੂਘਾਰੇ ਅਤੇ ਖਾੜਕੂ ਲਹਿਰ ਦੀ ਠੀਕ ਸਾਹਿਤਿਕ ਪੇਸ਼ਕਾਰੀ ਨਹੀਂ ਹੋ ਸਕਦੀ। ਮਨੁੱਖ ਦੀ ਫਿਤਰਤ ਵਿੱਚ ਗੁਲਾਮ ਹੋਣਾ ਜਾਂ ਗੁਲਾਮ ਰਹਿਣਾ ਹੈ ਹੀ ਨਹੀਂ। ਗੁਲਾਮੀ ਨੂੰ ਕਬੂਲ ਕਰਨ ਵਾਲਾ ਪਸ਼ੂ ਹੀ ਹੋ ਸਕਦਾ ਹੈ, ਮਨੁੱਖ ਨਹੀਂ ਹੋ ਸਕਦਾ।
ਇਸ ਸੈਸ਼ਨ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਆਪਣੇ ਅਹਿਸਾਸ ਸਾਂਝੇ ਕੀਤੇ ਅਤੇ ਕਿਹਾ ਹਕੂਮਤਾਂ ਦਾ ਸਿੱਖਾਂ ਪ੍ਰਤੀ ਸਦੀਆਂ ਤੋਂ ਅਜਿਹਾ ਹੀ ਰਵਈਆ ਰਿਹਾ ਹੈ ਪਰ ਦੂਜੇ ਪਾਸੇ ਪਾਪੀ ਨੂੰ ਦੰਡ ਦੇਣ ਵਿੱਚ ਸਿੱਖਾਂ ਨੇ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ।
ਸੈਮੀਨਾਰ ਵਿਚ ਪੰਜਾਬੀ ਨਾਵਲਕਾਰ ਜਸਬੀਰ ਮੰਡ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕਿ ਕਿਸਾਨੀ ਦੇ ਰੂਹਾਨੀਅਤ ਨਾਲ ਸਬੰਧਾਂ ਨੂੰ ਅਣਗੌਲਿਆਂ ਕਰਨ ਕਰਕੇ ਹੀ ਪੰਜਾਬੀ ਸਾਹਿਤਕਾਰੀ ਖਾੜਕੂ ਲਹਿਰ ਅਤੇ ਸਿੱਖਾਂ ਦੇ ਸਵਾਲ ਨੂੰ ਠੀਕ ਰੂਪ ਵਿੱਚ ਪੇਸ਼ ਨਾ ਕਰ ਸਕੀ। ਸੈਮੀਨਾਰ ਵਿੱਚ ਇਹ ਗੱਲ ਉਭਰ ਕੇ ਆਈ ਕਿ ਵੱਖ ਵੱਖ ਵਿਧਾਵਾਂ ਵਿੱਚ ਖਾੜਕੂ ਲਹਿਰ ਦੀ ਵਿਰੋਧੀ ਬਿੰਬਕਾਰੀ ਇਕਤਰਫੇ ਰੂਪ ਵਿੱਚ ਪੇਸ਼ ਹੋਈ। ਖਾੜਕੂ ਧਿਰਾਂ ਦਾ ਸੱਚ ਵਿਚ ਅਣਗੌਲਿਆ ਗਿਆ।
ਅੰਤ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਅਤੇ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਵੱਲੋਂ ਅਧਿਆਪਕਾਂ, ਪਰਚਾਕਾਰਾਂ, ਵਿਸ਼ੇਸ਼ ਮਹਿਮਾਨਾਂ ਅਤੇ ਵਿਦਿਆਰਥੀਆਂ ਤੇ ਖੋਜਾਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸੈਸ਼ਨ ਦੇ ਸਵਾਗਤੀ ਸ਼ਬਦ ਡਾ਼ ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੁਆਰਾ ਪੇਸ਼ ਕੀਤੇ ਗਏ। ਸਮਾਗਮ ਵਿੱਚ ਅੰਗਰੇਜ਼ੀ ਵਿਭਾਗ ਦੇ ਮੁਖੀ ਡ. ਅੰਕਦੀਪ ਕੌਰ ਅਟਵਾਲ, ਡਿਪਟੀ ਰਜਿਸਟਰਾਰ ਜਗਜੀਤ ਸਿੰਘ ਵੀ ਸ਼ਾਮਲ ਹੋਏ।