ਮਾਤਾ ਗੁਜਰੀ ਕਾਲਜ ਵਿਖੇ ਦੋ ਰੋਜ਼ਾ ਐਨਵਾਇਰਨਫੈਸਟ ‘ਪ੍ਰਕਿਰਤੀ’ ਦੀ ਹੋਈ ਸ਼ਾਨਦਾਰ ਸ਼ੁਰੂਆਤ

135

ਮਾਤਾ ਗੁਜਰੀ ਕਾਲਜ ਵਿਖੇ ਦੋ ਰੋਜ਼ਾ ਐਨਵਾਇਰਨਫੈਸਟ ‘ਪ੍ਰਕਿਰਤੀ’ ਦੀ ਹੋਈ ਸ਼ਾਨਦਾਰ ਸ਼ੁਰੂਆਤ

ਫ਼ਤਿਹਗੜ੍ਹ ਸਾਹਿਬ, 30 ਜਨਵਰੀ,2024 

ਮਾਤਾ ਗੁਜਰੀ ਕਾਲਜ ਵਿਖੇ ਵਾਤਾਵਰਣ ਸਿੱਖਿਆ ਪ੍ਰੋਗਰਾਮ 2023-24 ਅਧੀਨ ਸਕੂਲਾਂ ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਐਨਵਾਇਰਨਫੈਸਟ ‘ਪ੍ਰਕਿਰਤੀ’ ਦੀ ਸ਼ਾਨਦਾਰ ਸ਼ੁਰੂਆਤ ਹੋਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਤਕਰੀਬਨ 900 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਤਕਨਾਲੋਜੀ, ਚੰਡੀਗੜ੍ਹ ਦੁਆਰਾ ਸਪਾਂਸਰ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੌਟਨੀ ਵਿਭਾਗ ਦੇ ਮੁਖੀ ਡਾ. ਮਨੀਸ਼ ਕਪੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ (ਪਮੇਟੀ) ਦੇ ਪ੍ਰੋਜੈਕਟ ਡਾਇਰੈਕਟਰ ਅਤੇ ਸੋਚ ਸੰਸਥਾ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਪੀ.ਡਬਲਿਊ.ਡੀ. ਦੇ ਸਬਡਿਵੀਜ਼ਨਲ ਇੰਜੀਨੀਅਰ ਅਤੇ ਸੋਚ ਸੰਸਥਾ ਦੇ ਸਕੱਤਰ ਡਾ. ਬ੍ਰਿਜ ਮੋਹਨ ਭਾਰਦਵਾਜ ਨੇ ਆਪਣੇ ਵਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਵਾਤਾਵਰਣ ਮੇਲੇ ਦਾ ਮੁੱਖ ਉਦੇਸ਼ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵਾਤਾਵਰਣ ਜਾਗਰੂਕਤਾ, ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਅਤੇ ਵਾਤਾਵਰਣ ਦੇ ਅਹਿਮ ਮੁੱਦਿਆਂ ‘ਤੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾ ਮੰਚ ਪ੍ਰਦਾਨ ਕਰਨਾ ਹੈ।

ਇਸ ਤੋਂ ਪਹਿਲਾਂ ਸਮਾਗਮ ਦੇ ਉਦਘਾਟਨੀ ਸਮਾਰੋਹ ਵਿਚ ਸਮਾਗਮ ਦੇ ਕੋ-ਕੋਆਰਡੀਨੇਟਰ ਕੈਮਿਸਟਰੀ ਵਿਭਾਗ ਦੇ ਡਾ. ਕੁਲਦੀਪ ਕੌਰ ਨੇ ਮਹਿਮਾਨਾਂ ਦਾ ਰਸਮੀਂ ਤੌਰ ‘ਤੇ ਸਵਾਗਤ ਕੀਤਾ। ਸਮਾਗਮ ਦੇ ਕੋਆਰਡੀਨੇਟਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਵਾਤਾਵਰਣ ਮੇਲੇ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਣ ਦੀ ਸਾਂਭ-ਸੰਭਾਲ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਸਿੱਖਿਆ ਭਰਪੂਰ ਵਰਕਸ਼ਾਪਾਂ, ਪ੍ਰਦਰਸ਼ਨੀਆਂ, ਕੋਲਾਜ ਬਣਾਉਣ, ਕੁਇਜ਼, ਪੋਸਟਰ ਪੇਸ਼ਕਾਰੀ ਅਤੇ ਕਹਾਣੀ ਲੇਖਣ ਆਦਿ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ।

ਇਸ ਮੌਕੇ ਕਾਲਜ ਦੇ ਬੌਟਨੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਮੁਖੀ ਅਤੇ ਸਮਾਗਮ ਦੇ ਕਨਵੀਨਰ ਡਾ. ਲਵਨੀਤ ਕੌਰ ਨੇ ‘ਕਾਰਬਨ ਫੁਟਪ੍ਰਿੰਟ ਰਿਡਕਸ਼ਨ ਪ੍ਰੈਕਟਿਸਿਸ’ ਵਿਸ਼ੇ ‘ਤੇ ਆਧਾਰਿਤ ਗਿਆਨ ਭਰਪੂਰ ਵਰਕਸ਼ਾਪ ਆਯੋਜਿਤ ਕੀਤੀ। ਇਸ ਤੋਂ ਇਲਾਵਾ ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੈ ਸਿੰਘ ਨੇ ‘ਮਾਰਵਲਸ ਮਿਲਟਸ’ ਵਿਸ਼ੇ, ਖੇਤੀਬਾੜੀ ਵਿਭਾਗ ਦੇ ਡਾ. ਜੁਝਾਰ ਸਿੰਘ ਨੇ ‘ਬੇਸਟ ਆਊਟ ਆਫ਼ ਵੇਸਟ’ ਵਿਸ਼ੇ ਅਤੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਸੰਦੀਪ ਕੁਮਾਰ ਸਿੰਘ ਨੇ ‘ਵੇਸਟ ਮੈਨੇਜਮੈਂਟ ਦੀਆਂ ਤਕਨੀਕਾਂ’ ਵਿਸ਼ੇ ‘ਤੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ। ਇਸ ਦੇ ਨਾਲ ਹੀ ਕੈਮਿਸਟਰੀ ਵਿਭਾਗ ਦੇ ਪ੍ਰੋ. ਸਿਮਰਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ‘ਤੇ ਕੇਂਦਰਿਤ ਪ੍ਰੇਰਨਾਦਾਇਕ ਫਿਲਮਾਂ ਅਤੇ ਡਾਕੂਮੈਂਟਰੀਆਂ ਦੀ ਸਕ੍ਰੀਨਿੰਗ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ ਅਤੇ ਬੌਟਨੀ ਵਿਭਾਗ ਦੇ ਡਾ. ਵਿਜੇ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਕਾਲਜ ਦੇ ਹਰਬਲ ਅਤੇ ਮੈਡੀਸਨਲ ਗਾਰਡਨ ਦਾ ਵਿਸ਼ੇਸ਼ ਦੌਰਾ ਵੀ ਕਰਵਾਇਆ ਗਿਆ।

ਮਾਤਾ ਗੁਜਰੀ ਕਾਲਜ ਵਿਖੇ ਦੋ ਰੋਜ਼ਾ ਐਨਵਾਇਰਨਫੈਸਟ 'ਪ੍ਰਕਿਰਤੀ' ਦੀ ਹੋਈ ਸ਼ਾਨਦਾਰ ਸ਼ੁਰੂਆਤ

 

ਜ਼ੂਆਲੋਜੀ ਵਿਭਾਗ ਦੇ ਮੁਖੀ ਪ੍ਰੋ. ਪਰਦੀਪ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਰੱਖਿਆ ਕਰਨ ਲਈ ਆਪਣੇ ਰੋਜ਼ਾਨਾ ਜੀਵਨ ਵਿੱਚ ਹਰ ਸੰਭਵ ਤਬਦੀਲੀ ਲਿਆਉਣ, ਆਪਣੇ ਪਰਿਵਾਰ, ਦੋਸਤਾਂ ਅਤੇ ਹੋਰਨਾਂ ਨੂੰ ਵਾਤਾਵਰਣ ਦੇ ਅਨੁਕੂਲ ਆਦਤਾਂ ਦੀ ਮਹੱਤਤਾ ਬਾਰੇ ਲਗਾਤਾਰ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਡਾ. ਬਿਕਰਮਜੀਤ ਸਿੰਘ, ਡਾ. ਹਰਵੀਨ ਕੌਰ, ਡਾ. ਨਮਿਤਾ ਬੇਰੀ, ਡਾ. ਹਰਜੀਤ ਸਿੰਘ, ਡਾ. ਸ਼ਿੰਦਰਪਾਲ ਕੌਰ, ਡਾ. ਰਾਜਿੰਦਰਪਾਲ, ਪ੍ਰੋ. ਹਰਮਨਜੋਤ ਕੌਰ, ਡਾ. ਨੈਨਾ ਖੁੱਲਰ, ਡਾ. ਤੇਜਿੰਦਰ ਸਿੰਘ ਤੋਂ ਇਲਾਵਾ ਸਾਇੰਸ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।