ਅੱਧੀ ਰਾਤ ਨੂੰ ਪਟਿਆਲਾ ਵਿਚ ਲੜਕੀ ਤੇ ਪਰਿਵਾਰ ਜ਼ਬਰੀ ਘਰੋਂ ਕੱਢਣ ਦਾ ਦੋਸ਼; ਘਰ ’ਤੇ ਕਬਜ਼ਾ ਕਰਨ ਦੀ ਨੀਅਤ ਸਾਨੂੰ ਘਰੋਂ ਬੇਘਰ ਕੀਤਾ: ਕਵਲਪ੍ਰੀਤ ਕੌਰ, ਕਰਨਵੀਰ ਸਿੰਘ

303

ਅੱਧੀ ਰਾਤ ਨੂੰ ਪਟਿਆਲਾ ਵਿਚ ਲੜਕੀ ਤੇ ਪਰਿਵਾਰ ਜ਼ਬਰੀ ਘਰੋਂ ਕੱਢਣ ਦਾ ਦੋਸ਼; ਘਰ ’ਤੇ ਕਬਜ਼ਾ ਕਰਨ ਦੀ ਨੀਅਤ ਸਾਨੂੰ ਘਰੋਂ ਬੇਘਰ ਕੀਤਾ: ਕਵਲਪ੍ਰੀਤ ਕੌਰ, ਕਰਨਵੀਰ ਸਿੰਘ

ਪਟਿਆਲਾ, 24 ਅਪ੍ਰੈਲ,2023:

ਪਟਿਆਲਾ ਦੇ ਤੋਪਖਾਨਾ ਰੋਡ ਨਿਵਾਸੀ ਕਵਲਪ੍ਰੀਤ ਕੌਰ ਪੁੱਤਰੀ ਲੇਟ ਸ਼ਮਸ਼ੇਰ ਸਿੰਘ ਅਤੇ ਉਸਦੇ ਭਰਾ ਕਰਨਵੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹਨਾਂ ਦੇ  ਰਿਸ਼ਤੇਦਾਰ ਰਾਹੁਲ ਮਾਥੁਰ  ਵੱਲੋਂ ਭੇਜੇ ਗੁੰਡਿਆਂ ਨੇ ਅੱਧੀ ਰਾਤ ਨੂੰ ਪਿਸਤੌਲ ਦੀ ਨੋਕ ’ਤੇ ਉਹਨਾਂ ਨੂੰ ਘਰੋਂ ਅਗਵਾ ਕਰ ਲਿਆ ਤੇ ਉਹਨਾਂ ਦੇ ਮੂੰਹ ’ਤੇ ਕਪੜਾ ਬੰਨ ਕੇ ਉਹਨਾਂ ਨੂੰ ਬੱਸ ਸਟੈਂਡ ਪ‌ਟਿਆਲਾ ਛੱਡ ਦਿੱਤਾ ਤੇ ਉਹਨਾਂ ਦੇ ਘਰ ’ਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕਰ ਲਿਆ ਹੈ।

ਅੱਜ ਇਥੇ ਪ‌ਟਿਆਲਾ ਮੀਡੀਆ ਕਲੱਬ ਵਿਚ ਆਪਣੇ ਮਾਮਾ ਗੁਰਦਾਸ ਸਿੰਘ ਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਵਲਪ੍ਰੀਤ ਕੌਰ ਤੇ ਕਰਨਵੀਰ ਸਿੰਘ ਨੇ ਦੱਸਿਆ ਕਿ 19 ਅਪ੍ਰੈਲ ਦੀ ਰਾਤ ਨੂੰ ਕਰੀਬ ਪੌਣੇ 12 ਵਜੇ ਉਹਨਾਂ ਦੇ ਘਰ ’ਤੇ 10 ਤੋਂ 15 ਗੁੰਡਿਆਂ ਨੇ ਹਮਲਾ ਕਰ ਦਿੱਤਾ। ਇਹਨਾਂ ਹਮਲਾਵਰਾਂ ਵਿਚ ਉਹਨਾਂ ਦੇ ਰਿਸ਼ਤੇਦਾਰ ਰਾਹੁਲ ਮਾਥੁਰ ਦੇ ਨਜ਼ਦੀਕੀ ਦੋਸਤ ਤੇ ਬਾਕੀ ਅਣਪਛਾਤੇ ਲੋਕ ਤੇ ਦੋ ਔਰਤਾਂ ਵੀ ਸ਼ਾਮਲ ਸਨ। ਇਹਨਾਂ ਗੁੰਡਿਆਂ ਨੇ ਉਹਨਾਂ ਦੇ ਮੋਬਾਈਲ ਫੋਨ ਖੋਹ ਲਏ ਤੇ ਪਿਸਤੌਲ ਦੀ ਨੋਕ ’ਤੇ ਉਹਨਾਂ ਦੇ, ਉਹਨਾਂ ਦੀ ਮਾਤਾ ਰੁਪਿੰਦਰ ਕੌਰ ਤੇ ਕਰਨਵੀਰ ਸਿੰਘ ਦੀਆਂ ਅੱਖਾਂ ’ਤੇ ਚੁੰਨੀਆਂ ਤੇ ਹੋਰ ਕਪੜੇ ਨਾਲ ਬੰਨ ਕੇ ਉਹਨਾਂ ਨੂੰ ਸਵਿਫਟ ਗੱਡੀ  ਵਿਚ ਅਗਵਾ ਕਰ ਲਿਆ। ਇਹ ਗੁੰਡੇ ਉਹਨਾਂ ਨੂੰ ਕੁਝ ਸਮਾਂ ਫੁਆਰਾ ਚੌਂਕ ਤੇ ਹੋਰ ਇਲਾਕਿਆਂ ਵਿਚੋਂ ਘੁੰਮਾ ਕੇ ਉਹਨਾਂ ਨੂੰ ਬੱਸ ਸਟੈਂਡ ਛੱਡ ਗਏ ਤੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਦੁਬਾਰਾ ਉਸ ਘਰ ਵੱਲ ਮੂੰਹ ਵੀ ਕੀਤਾ ਤਾਂ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਕਵਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਰੁਪਿੰਦਰ ਕੌਰ ਨੇ ਇਸ ਮਾਮਲੇ ਦੀ ਰਿਪੋਰਟ 100 ਨੰਬਰ ’ਤੇ ਰਾਤ ਕਰੀਬ ਡੇਢ ਵਜੇ ਸ਼ਿਕਾਇਤ ਦਰਜ ਕਰਵਾਈ ਤੇ ਅਗਲੇ ਦਿਨ ਉਹਨਾਂ ਪੁਲਿਸ ਥਾਣਾ ਕੋਤਵਾਲੀ ਵਿਚ ਇਸਦੀ ਸ਼ਿਕਾਇਤ ਵੀ ਦਿੱਤੀ ਪਰ ਅੱਜ 4 ਦਿਨ ਬੀਤਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹਾਲਾਂ ਕਿ ਉਹ ਇਸ ਮਾਮਲੇ ਵਿਚ ਐਸ ਪੀ ਸਿਟੀ ਨੂੰ ਵੀ ਮਿਲ ਚੁੱਕੇ ਹਨ।
ਉਹਨਾਂ ਦੱਸਿਆ ਕਿ ਇਹ ਉਹਨਾਂ ਦਾ ਪੁਰਾਣਾ ਘਰ ਹੈ ਜੋ ਸ਼ਹਿਰ ਵਿਚ ਲਾਲ ਲਕੀਰ ਵਿਚ ਹੋਣ ਕਾਰਨ ਇਸਦੀ ਕੋਈ ਰਜਿਸਟਰੀ ਨਹੀਂ ਹੈ ਪਰ ਉਹ ਇਥੇ ਹੀ ਜੰਮੇ ਪਲੇ ਹਨ ਤੇ ਉਹਨਾਂ ਦੇ ਸਾਰੇ ਸਰਟੀਫਿਕੇਟ ਵੀ ਇਸ ਪਤੇ ਦੇ ਹਨ ਤੇ ਇਹ ਘਰ ਉਹਨਾਂ ਦੀ ਦਾਦੀ ਨੇ ਆਪਣੀ ਭੈਣ ਤੋਂ ਖਰੀਦਿਆ ਸੀ  ਜਿਸਦਾ ਲਿਖਤੀ ਇਕਰਾਰਨਾਮਾ ਵੀ ਮੌਜੂਦ ਹੈ।

ਉਹਨਾਂ ਦੱਸਿਆ ਕਿ ਗੁੰਡਾ ਅਨਸਰ ਜਦੋਂ ਉਹਨਾਂ ਨੂੰ ਘਰੋਂ ਬਾਹਰ ਛੱਡ ਕੇ ਗਏ ਹਨ ਤਾਂ ਉਹਨਾਂ ਦੇ ਸਾਰੇ ਦਸਤਾਵੇਜ਼ ਜਿਸ ਵਿਚ ਉਹਨਾਂ ਦਾ ਪਾਸਪੋਰਟ, ਹਰ ਕਿਸਮ ਦੇ ਸ਼ਨਾਖ਼ਤੀ ਕਾਰਡ, ਪੜ੍ਹਾਈ ਲਿਖਾਈ ਦੇ ਸਰਟੀਫਿਕੇਟ ਤੇ ਹੋਰ ਸਭ ਦਸਤਾਵੇਜ਼ ਵੀ ਘਰ ਵਿਚ ਹੀ ਪਏ ਹਨ ਜਿਥੇ ਜਾਣ ਤੋਂ ਉਹ ਅਸਮਰਥ ਹਨ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਪੁਲਿਸ ਨੂੰ ਵਾਰ ਵਾਰ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਉਹਨਾਂ ਦੇ ਘਰ ਲਿਜਾਇਆ ਜਾਵੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ।

ਅੱਧੀ ਰਾਤ ਨੂੰ ਪਟਿਆਲਾ ਵਿਚ ਲੜਕੀ ਤੇ ਪਰਿਵਾਰ ਜ਼ਬਰੀ ਘਰੋਂ ਕੱਢਣ ਦਾ ਦੋਸ਼; ਘਰ ’ਤੇ ਕਬਜ਼ਾ ਕਰਨ ਦੀ ਨੀਅਤ ਸਾਨੂੰ ਘਰੋਂ ਬੇਘਰ ਕੀਤਾ: ਕਵਲਪ੍ਰੀਤ ਕੌਰ, ਕਰਨਵੀਰ ਸਿੰਘ

ਉਹਨਾਂ ਦੱਸਿਆ ਕਿ ਪਹਿਲਾਂ ਵੀ ਸਾਡੇ ਘਰ ਦੀ ਪੁਲਿਸ ਗੈਰ ਕਾਨੂੰਨੀ ਢੰਗ ਨਾਲ ਮਿਣਤੀ ਕਰਵਾ ਚੁੱਕੀ ਹੈ ਜਿਸਦੇ ਖਿਲਾਫ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸ਼ਿਕਾਇਤ ਕਰ ਚੁੱਕੇ ਹਾਂ।

ਰਿਸ਼ਤੇਦਾਰ ਰਾਹੁਲ ਮਾਥੁਰ ਨੇ ਦੋਸ਼ ਸਿਰੇ ਤੋਂ ਕੀਤੇ ਖਾਰਜ
ਇਸ ਸਬੰਧੀ ਜਦੋਂ ਰਾਹੁਲ ਮਾਥੁਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਮੈਂ ਬਿਮਾਰ ਹਾਂ ਅਤੇ ਲੁਧਿਆਣਾ ਵਿਖੇ ਆਪਣੇ ਬੱਚਿਆਂ ਨਾਲ ਰਹਿ ਰਿਹਾ ਹਾਂ। ਉਹਨਾਂ ਕਵਲਪ੍ਰੀਤ ਹੋਰਾਂ ਵੱਲੋਂ ਲਗਾਏ ਦੋਸ਼ ਸਿਰੇ ਤੋਂ ਖਾਰਜ ਕਰ ਦਿੱਤੇ ਅਤੇ  ਦੱਸਿਆ ਕਿ ਇਹ ਸਾਡੀ ਜੱਦੀ ਜਾਇਦਾਦ ਹੈ ਜਿਥੇ ਸਾਡੀ ਮਾਤਾ ਨੇ ਸਾਡੀ ਮਾਸੀ ਨੂੰ ਬਤੌਰ ਕੇਅਰ ਟੇਕਰ ਬਿਠਾਇਆ ਸੀ। ਉਹਨਾਂ ਦੱਸਿਆ ਕਿ ਸਾਲ 2012 ਵਿਚ ਅਸੀਂ ਰੁਪਿੰਦਰ ਕੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਹ ਘਰ ਖਾਲੀ ਕਰਵਾ ਲਿਆ ਸੀ। ਇਸਦਾ ਬਕਾਇਦਾ ਪੁਲਿਸ ਵਿਚ ਲਿਖਤੀ ਇਕਰਾਰਨਾਮਾ ਵੀ ਹੋਇਆ ਹੈ।  2022 ਦੇ ਅਖੀਰ ਵਿਚ ਇਹ ਸਾਡੇ ਕੇਅਰ ਟੇਕਰ ਜੋ ਰਿਸ਼ਤੇਦਾਰ ਹੀ ਸੀ ਨੂੰ ਮਿਲਣ ਦੇ ਬਹਾਨੇ ਫਿਰ  ਘਰ ਵੜ੍ਹ ਗਏ ਤੇ ਘਰ ਆਪਣਾ ਹੋਣ ਦਾ ਝੂਠਾ ਦਾਅਵਾ ਕਰ ਦਿੱਤਾ। ਉਹਨਾਂ ਦੱਸਿਆ ਕਿ ਅਸੀਂ ਇਹ ਮਕਾਨ ਵੇਚ ਦਿੱਤਾ ਹੈ ਜਿਸ ਬਿਲਡਰ ਨੂੰ ਵੇਚਿਆ ਹੈ,  ਉਸਨੇ ਵੀ ਰੁਪਿੰਦਰ ਕੌਰ ਤੇ ਪਰਿਵਾਰ ਨੂੰ ਬਿਆਨਾ ਵਿਖਾਇਆ ਸੀ ਕਿ ਅਸੀਂ ਇਹ ਪਲਾਟ ਖਰੀਦ ਲਿਆ ਹੈ।