ਈਰਖਵਾਦੀ ਲੋਕਾਂ ਨੂੰ ਸਿੱਖ ਪੰਥ ਦੇ ਲਾਸਾਨੀ ਇਤਿਹਾਸ, ਸਿਧਾਂਤ ਤੇ ਸੱਭਿਆਚਾਰ ਨੂੰ ਸਮਝਣ ਦੀ ਲੋੜ : ਪ੍ਰੋ. ਬਡੂੰਗਰ
ਪਟਿਆਲਾ , 11 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਗੁਰਧਾਮਾਂ ਦੇ ਹਮਲੇ ਕਰਨ ਵਾਲੇ ਈਰਖਵਾਦੀ ਲੋਕਾਂ ਨੂੰ ਸਿੱਖ ਪੰਥ ਦੇ ਲਾਸਾਨੀ ਇਤਿਹਾਸ, ਸਿਧਾਂਤ ਤੇ ਸੱਭਿਆਚਾਰ ਨੂੰ ਸਮਝਣ ਦੀ ਲੋੜ ਹੈ, ਤਾਂ ਜੋ ਉਹ ਸਿੱਖ ਇਤਿਹਾਸ ਨੂੰ ਆਪਣੇ ਹਿਰਦਿਆਂ ਵਿਚ ਵਸਾ ਕੇ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਅੰਜ਼ਾਮ ਨਾ ਦੇਣ। ਉਨ੍ਹਾਂ ਕਿਹਾ ਕਿ ਅੱਜ ਦੇਸ ਵਿਦੇਸ਼ ਅੰਦਰ ਸਿੱਖਾਂ ਅਤੇ ਸਿੱਖਾਂ ਦੇ ਗੁਰਧਾਮਾਂ ਤੇ ਸਰਾਰਤੀ ਅਨਸਰਾਂ ਵਲੋਂ ਹਮਲੇ ਕੀਤੇ ਜਾ ਰਹੇ। ਉਨ੍ਹਾਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੇ ਚਿੰਤਾਂ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਇਕ ਅਜਿਹੀ ਕੌਮ ਹੈ ਜਿਸ ਨੇ ਸੰਸਾਰ ਅੰਦਰ ਜਿਥੇ ਵੀ ਕਿਤੇ ਕੁਦਰਤੀ ਆਫਤ ਆਈ ਹੈ, ਉਥੇ ਹਮੇਸ਼ਾ ਮੋਹਰੀ ਹੋ ਕੇ ਦਿਲੋਂ ਸੇਵਾ ਕੀਤੀ ਹੈ ।
ਉਨ੍ਹਾਂ ਨਾਲ ਹੀ ਕਿਹਾ ਕਿ ਆਸਟ੍ਰੇਲੀਆ ਵਿਚ ਹੋਈ ਭਿਆਨਕ ਤਬਾਹੀ ਵਿਚ ਅੱਗ ਪ੍ਰਭਾਵਿਤ ਖੇਤਰਾਂ ਵਿਚ ਸਿੱਖ ਪਰਿਵਾਰਾਂ ਨੇ ਆਪਣੇ ਕੰਮ ਕਾਜ਼ ਛੱਡ ਕੇ ਘਰਾਂ ਵਿਚ ਪ੍ਰਸਾਦਿ ਤਿਆਰ ਕਰਕੇ ਪੀੜ੍ਹਤ ਪਰਿਵਾਰਾਂ ਤੇ ਹੋਰ ਲੋੜਵੰਦ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ, ਜੋ ਕਿ ਆਪਣੇ ਆਪ ਵਿਚ ਮਨੁੱਖਤਾ ਦੀ ਬਹੁਤ ਵੱਡੀ ਲੋੜ ਹੈ ਸਿੱਖ ਹਮੇਸ਼ਾ ਗੁਰੂ ਦੇ ਆਸੇ ਤੇ ਚਲਕੇ ਸੇਵਾ ਕਰਦੇ ਰਹਿੰਦੇ ਹਨ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੋਣ ਦੇ ਕਾਰਨ ਸਿੱਖਾਂ ਨੂੰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜਾਣ ਸਮੇਂ ਹਵਾਈ ਜ਼ਹਾਜ਼ ਅੱਡਿਆਂ ਤੇ ਵੀ ਦਸਤਾਰਾਂ ਦੀ ਤਲਾਸ਼ੀ ਦੇਣ ਤੱਕ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈਂ ਰਿਹਾ ਹੈ। ਜ਼ਿਕਰਯੌਗ ਹੈ ਕਿ ਆਸਟ੍ਰੇਲੀਆਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ ਤੇ ਇਸ ਅੱਗ ਦੇ ਬੰਬਾਲ ਨਾਲ ਹੁਣ ਤੱਕ ਲਗਭਗ 50 ਕਰੋੜ ਤੋਂ ਵਧੇਰੇ ਜਾਨਵਰ ਜਿਉਂਦੇ ਸੜ ਚੁੱਕੇ ਹਨ ਜਦਕਿ ਦੋ ਦਰਜਨ ਤੋਂ ਵੱਧ ਲੋਕਾਂ ਦੀ ਮੋਤ ਵੀ ਹੋ ਚੁੱਕੀ ਹੈ ਤੇ ਦੋ ਹਜ਼ਾਰ ਦੇ ਲਗਭਗ ਲੋਕਾਂ ਦੇ ਘਰ ਸੜ ਕੇ ਸੁਆਹ ਤੱਕ ਹੋ ਚੁੱਕੇ ਹਨ।
