ਕਰਫਿਊ ‘ਚ ਕੁਝ ਛੋਟਾਂ ਦਾ ਐਲਾਨ -ਜਿ਼ਲ੍ਹਾ ਪਟਿਆਲਾ ਦੇ ਵਾਸੀਆਂ ਲਈ ਜਰੂਰੀ ਸੂਚਨਾ

230

ਕਰਫਿਊ ‘ਚ ਕੁਝ ਛੋਟਾਂ ਦਾ ਐਲਾਨ -ਜਿ਼ਲ੍ਹਾ ਪਟਿਆਲਾ ਦੇ ਵਾਸੀਆਂ ਲਈ ਜਰੂਰੀ ਸੂਚਨਾ

ਪਟਿਆਲਾ, 24 ਮਾਰਚ:

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ 23 ਮਾਰਚ ਤੋਂ ਲਗਾਏ ਗਏ ਕਰਫਿਊ ਵਿੱਚ ਅੱਜ ਦੇਰ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਆਦੇਸ਼ਾਂ ਮਗਰੋਂ ਕੁਝ ਛੋਟਾਂ ਦੇਣ ਦਾ ਐਲਾਨ ਕੀਤਾ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਤਿ ਜਰੂਰੀ ਵਸਤਾਂ, ਜਿਨ੍ਹਾਂ ‘ਚ ਮਰੀਜਾਂ ਲਈ ਦਵਾਈਆਂ, ਕਰਿਆਨੇ ਦੀਆਂ ਵਸਤਾਂ, ਸਬਜ਼ੀਆਂ ਤੇ ਫ਼ਲਾਂ, ਗੈਸ, ਪਸ਼ੂਆਂ ਲਈ ਚਾਰਾ, ਸਮੇਤ ਦੁੱਧ ਦੀ ਘਰ-ਘਰ ਸਪਲਾਈ ਯਕੀਨੀ ਬਣਾਉਣ ਅਤੇ ਸੰਚਾਰ ਸੇਵਾਵਾਂ ਯਕੀਨੀ ਤੌਰ ‘ਤੇ ਨਿਰੰਤਰ ਚਾਲੂ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਹ ਜਰੂਰੀ ਵਸਤਾਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁੱਜਦੀਆਂ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀਂ ਸੂਚੀਆਂ ਵੀ ਜਾਰੀ ਕੀਤੀਆਂ ਜਾਣਗੀਆਂ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਫੈਲਣ ਦੀ ਲੜੀ ਤੋੜਨ ਲਈ ਜਨਤਕ ਹਿੱਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਣ ਦੀ ਇਜਾਜ਼ਤ ਕਿਸੇ ਵੀ ਹਾਲ ਵਿੱਚ ਨਹੀਂ ਦਿੱਤੀ ਜਾ ਸਕੇਗੀ, ਇਸ ਲਈ ਲੋਕ ਸੰਜਮ ਅਤੇ ਅਨੁਸ਼ਾਸਨ ਦਾ ਸਬੂਤ ਦੇਣ।

ਕਰਫ਼ਿਊ ਬਾਰੇ ਜਿ਼ਲ੍ਹਾ ਪਟਿਆਲਾ ਦੇ ਵਾਸੀਆਂ ਲਈ ਜਰੂਰੀ ਸੂਚਨਾ

ਕਰਫਿਊ ‘ਚ ਕੁਝ ਛੋਟਾਂ ਦਾ ਐਲਾਨ -ਜਿ਼ਲ੍ਹਾ ਪਟਿਆਲਾ ਦੇ ਵਾਸੀਆਂ ਲਈ ਜਰੂਰੀ ਸੂਚਨਾ Iਤਾਜਾ ਹੁਕਮਾਂ ਮੁਤਾਬਕ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਵੇਰਕਾ ਅਤੇ ਦੋਧੀਆਂ ਵੱਲੋਂ ਲੋਕਾਂ ਨੂੰ ਸਵੇਰੇ 6 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਘਰ-ਘਰ ਦੁੱਧ ਪਹੁੰਚਾਇਆ ਜਾਵੇਗਾ। ਜਦੋਂਕਿ ਕਰਿਆਨੇ ਦਾ ਸਮਾਨ, ਫ਼ਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਵੱਲੋਂ ਇਨ੍ਹਾਂ ਦੀ ਸਪਲਾਈ ਘਰ-ਘਰ ਪਹੁੰਚਾਈ ਜਾਵੇਗੀ। ਗੈਸ ਏਜੰਸੀਆਂ ਐਲ.ਪੀ.ਜੀ. ਦੀ ਸਪਲਾਈ ਮੁਹੱਈਆ ਕਰਵਾਉਣਗੀਆਂ, ਪੈਟਰੋਲ ਪੰਪ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਖੁੱਲਣਗੇ। ਘਰਾਂ ਤੇ ਗਊਸ਼ਾਲਾਵਾਂ ‘ਚ ਪਸ਼ੂਆਂ ਲਈ ਚਾਰਾ, ਪੋਲਟਰੀ ਤੇ ਪਸ਼ੂਧਨ ਲਈ ਫੀਡ ਮੁਹੱਈਆ ਕਰਵਾਈ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਦਵਾਈਆਂ ਦੀਆਂ ਦੁਕਾਨਾਂ ਨੂੰ ਲੋਕਾਂ ਦੀ ਬੇਨਤੀ ‘ਤੇ ਉਨ੍ਹਾਂ ਦੇ ਘਰਾਂ ਤੱਕ ਲੋੜੀਂਦੀਆਂ ਦਵਾਈਆਂ ਪੁੱਜਦੀਆਂ ਕਰਨ ਲਈ ਹਦਾਇਤ ਕੀਤੀ ਗਈ ਹੈ। ਕਰਿਆਨੇ ਅਤੇ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ ਨਹੀਂ ਜਾ ਸਕਣਗੀਆਂ ਅਤੇ ਉਹ ਆਪਣਾ ਸਮਾਨ ਕਾਊਂਟਰਾਂ ‘ਤੇ ਵੀ ਨਹੀਂ ਵੇਚ ਸਕਣਗੇ ਪਰ ਅਦਾਇਗੀ ਅਧਾਰ ‘ਤੇ ਘਰ-ਘਰ ਸਪਲਾਈ ਕਰਨਗੇ।

ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਅਤੇ ਹੋਰ ਜਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਕਦਮ ਉਠਾਏ ਗਏ ਹਨ। ਦੂਜੇ ਜ਼ਿਲ੍ਹਿਆਂ ਤੇ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਜਾਣ ਲਈ ਸਖ਼ਤ ਸ਼ਰਤਾਂ ਅਤੇ ਪੁੱਛਗਿੱਛ ਦੇ ਨਾਲ ਆਗਿਆ ਦਿੱਤੀ ਜਾਵੇਗੀ। ਇਸ ਤੋਂ ਬਿਨ੍ਹਾਂ ਬੇਰੋਕ ਬਿਜ਼ਲੀ ਜਨਰੇਸ਼ਨ, ਸਪਲਾਈ ਤੇ ਵੰਡ ਵੀ ਯਕੀਨੀ ਬਣਾਈ ਜਾ ਰਹੀ ਹੈ। ਕੋਵਿਡ-19 ਦੀ ਰੋਕਥਾਮ ਸਮੇਤ ਸੁਰੱਖਿਆ ‘ਚ ਲੱਗੇ ਵਰਦੀਧਾਰੀ ਪੁਲਿਸ ਸਮੇਤ ਮਿਲਟਰੀ, ਪੈਰਾ ਮਿਲਟਰੀ, ਸਿਹਤ, ਸਰਕਾਰੀ ਮਸ਼ੀਨਰੀ ‘ਚ ਲੱਗੇ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਡਾਕਟਰਾਂ, ਫਾਰਮਾਸਿਸਟਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਨੂੰ ਉਨ੍ਹਾਂ ਦੇ ਅਧਿਕਾਰਤ ਪਛਾਣ ਪੱਤਰ ਨਾਲ ਖੁੱਲ੍ਹ ਦਿੱਤੀ ਗਈ ਹੈ।

ਨਿਜੀ ਹਸਪਤਾਲ, ਕਲੀਨਿਕ ਤੇ ਨਰਸਿੰਗ ਹੋਮਜ ਨੂੰ ਕੋਵਿਡ-19 ਪ੍ਰੋਟੋਕਾਲ ਦਾ ਧਿਆਨ ਰੱਖਣ ਦੀ ਸੂਰਤ ‘ਚ ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਪਰੰਤੂ ਇਨ੍ਹਾਂ ਵੱਲੋਂ ਰੂਟੀਨ ਓ.ਪੀ.ਡੀ. ਕਰਨ ਦੀ ਆਗਿਆ ਨਹੀਂ ਹੋਵੇਗੀ। ਐਮਰਜੈਂਸੀ ਸਟਾਫ਼ ਨੂੰ ਉਨ੍ਹਾਂ ਦੇ ਪਛਾਣ ਪੱਤਰ ਦਿਖਾਉਣ ‘ਤੇ ਜਾਣ ਦੀ ਆਗਿਆ ਹੋਵੇਗੀ। ਜਦੋਂਕਿ ਮੀਡੀਆ ਕਵਰੇਜ ਲਈ ਪੀਲਾ ਕਾਰਡ ਅਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਖੁੱਲ੍ਹ ਦਿੱਤੀ ਗਈ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੇ ਸੰਚਾਰ ਸੇਵਾਵਾਂ ਨਿਰੰਤਰ ਜਾਰੀ ਰੱਖਣ ਲਈ ਟੈਲੀਫੋਨ ਐਕਸਚੇਂਜ, ਮੋਬਾਇਲ ਸਵਿਚਿੰਗ ਸੈਂਟਰ, ਨੈਟਵਰਕ ਉਪਰੇਸ਼ਨ ਸੈਂਟਰ, ਟਰਾਂਸਮਿਸ਼ਨ ਸੈਂਟਰ, ਡਾਟਾ ਸੈਂਟਰ, ਟੈਲੀਕਾਮ ਟਾਵਰ ਸਾਈਟਸ, ਟੈਲੀਕਾਮ ਸਰਵਿਸ ਪ੍ਰੋਵਾਈਡਰਜ ਦੇ ਕਾਲ ਸੈਂਟਰ ਤੇ ਜਿੱਥੇ ਟੈਲੀਕਾਮ ਸਰਵਿਸ ਨਾਲ ਸਬੰਧਤ ਸਮੱਗਰੀ ਰੱਖੀ ਜਾਂਦੀ ਹੈ ਵਾਲੇ ਵੇਅਰਹਾਊਸ ਦੇ ਰੱਖ ਰਖਾਅ ਤੇ ਇਥੇ ਕੰਮ ਕਰਦੇ ਸਟਾਫ਼ ਨੂੰ ਵੀ ਛੋਟ ਦਿੱਤੀ ਹੈ। ਉਨ੍ਹਾਂ ਨੇ ਇਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

9.00 PM