ਡੀ.ਸੀ. ਸੰਗਰੂਰ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ‘ਚ ਮਦਦਗਾਰ ਤਕਨੀਕ ਲਿਆਉਣ ਵਾਲੇ ਨਾਗਰਿਕ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ

246

ਡੀ.ਸੀ. ਸੰਗਰੂਰ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ‘ਚ ਮਦਦਗਾਰ ਤਕਨੀਕ ਲਿਆਉਣ ਵਾਲੇ ਨਾਗਰਿਕ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ

ਸੰਗਰੂਰ, 5 ਅਪ੍ਰੈਲ:
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਇਥੇ ਐਲਾਨ ਕੀਤਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋ. ਬਚਾਉਣ ਲਈ ਅਹਿਤਿਆਤ ਵਜੋਂ ਜਿਥੇ ਕਰਫਿਊ ਨੂੰ ਲਾਗੂ ਕੀਤਾ ਜਾ ਰਿਹਾ ਹੈ ਉਥੇ ਹੀ ਜੇ ਕੋਈ ਜ਼ਿਲ੍ਹਾ ਸੰਗਰੂਰ ਜਾਂ ਪੰਜਾਬ ਦਾ ਵਸਨੀਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕਾਰਗਾਰ ਸਾਬਤ ਹੋਣ ਵਾਲੇ ਵਰਕਿੰਗ ਮਾਡਲ ਨੂੰ ਲਿਆਉਣ ਦਾ ਸਾਰਥਕ ਉਪਰਾਲਾ ਕਰੇਗਾ ਤਾਂ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਦ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।

ਥੋਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉੱਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਪੇਂਡੂ ਤੇ ਸ਼ਹਿਰੀ ਪੱਧਰ ਉਤੇ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਾਲ ਨਾਲ ਮੈਡੀਕਲ ਸੇਵਾਵਾਂ ਤੇ ਹੋਰ ਖੇਤਰਾਂ ਵਿੱਚ ਸਰਗਰਮ ਗਤੀਵਿਧੀਆਂ ਵੀ ਸ਼ਾਮਲ ਹਨ।ਡਿਪਟੀ ਕਮਿਸ਼ਨਰ ਨੇ ਸੰਗਰੂਰ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਪੱਧਰ ‘ਤੇ ਤਿਆਰ ਕੀਤੀ ਤਕਨੀਕ ਜਾਂ ਮਾਡਲ ਜਿਲ੍ਹਾ ਪ੍ਰਸ਼ਾਸਨ ਨਾਲ ਸਾਂਝਾ ਕਰਨ ਜੋ ਕਿ ਕੋਰੋਨਾਵਾਇਰਸ ਦੀ ਰੋਕਥਾਮ ਲਈ ਲਾਹੇਵੰਦ ਸਿੱਧ ਹੋਣ।

ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਕਿਸੇ ਵੀ ਨਾਗਰਿਕ ਦੁਆਰਾ ਪੇਸ਼ ਕੀਤੇ ਜਾਣ ਵਾਲੇ ਕਾਰਜਸ਼ੀਲ (ਵਰਕਿੰਗ) ਮਾਡਲ ਜਾਂ ਤਕਨੀਕ ਨੂੰ ਅਪਣਾਇਆ ਜਾਂਦਾ ਹੈ ਤਾਂ ਉਸ ਨਾਗਰਿਕ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਨਾਮ ਦੀ ਇਹ ਰਕਮ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਦਾਨ ਲਈ ਸ਼ੁਰੂ ਕੀਤੀ ਪਹਿਲ ਸੁਸਾਇਟੀ ਦੇ ਖਾਤੇ ਤੋਂ ਅਦਾ ਕੀਤੀ ਜਾਵੇਗੀ।

ਡੀ.ਸੀ. ਸੰਗਰੂਰ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ‘ਚ ਮਦਦਗਾਰ ਤਕਨੀਕ ਲਿਆਉਣ ਵਾਲੇ ਨਾਗਰਿਕ ਨੂੰ ਇੱਕ ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨI ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਲਗਾਤਾਰ ਵੱਖ-ਵੱਖ ਸੰਸਥਾਵਾਂ, ਉਦਯੋਗਪਤੀਆਂ, ਦਾਨੀ ਸੱਜਣਾਂ ਨੂੰ ਮਨੁੱਖਤਾ ਦੀ ਸੇਵਾ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਮਦਦ ਦੇਣ ਲਈ ਆਪਣਾ ਹੱਥ ਅੱਗੇ ਵਧਾਉਂਦਿਆਂ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਵੱਲੋਂ ਬਣਾਉਟੀ ਸਾਹ ਪ੍ਰਣਾਲੀ ਉਤੇ ਆਧਾਰਿਤ 5 ਅਤਿ ਆਧੁਨਿਕ ”ਬਾਈਲੈਵਲ ਪਾਜ਼ਿਟਿਵ ਏਅਰਵੇਅ ਪ੍ਰੈਸ਼ਰ” (ਬੀਪੈਪ) ਮਸ਼ੀਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ  ਥੋਰੀ ਨੇ ਚੈਂਬਰ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਪੱਧਰ ਉੱਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਪ੍ਰਾਈਵੇਟ ਖੇਤਰਾਂ ਦੇ ਮੈਡੀਕਲ ਮਾਹਿਰਾਂ ਅਤੇ ਤਜਰਬੇਕਾਰਾਂ ਨਾਲ ਵੀ ਤਾਲਮੇਲ ਰੱਖ ਰਿਹਾ ਹੈ ਤਾਂ ਜੋ ਰਲ ਮਿਲ ਕੇ ਮਹਾਂਮਾਰੀ ਦੇ ਪ੍ਰਕੋਪ ਦਾ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਚੈਂਬਰ ਦੇ ਪ੍ਰਧਾਨ ਘਨਸ਼ਿਆਮ ਕਾਂਸਲ, ਚੇਅਰਮੈਨ ਰਾਈਸੀਲਾ ਡਾ. ਏ.ਆਰ. ਸ਼ਰਮਾ, ਐਮ.ਪੀ ਸਿੰਘ, ਸਿਵਲ ਸਰਜਨ ਡਾ. ਰਾਜ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਉਪਾਸਨਾ, ਡਾ. ਦੇਵਿੰਦਰ ਗੋਇਲ ਵੀ ਹਾਜ਼ਰ ਸਨ।