ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਨੁੰ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਮਿਲੀ ਧਮਕੀ

232

ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਨੁੰ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਮਿਲੀ ਧਮਕੀ

ਪਟਿਆਲਾ, 27 ਜੂਨ :

ਪਟਿਆਲਾ ਵਿਚ ਭੂ ਮਾਫੀਆ ਤੇ ਗੈਰ ਕਾਨੂੰਨੀ ਕੰਮ ਕਰਲ ਵਾਲਿਆਂ ਦੀਆਂ ਸ਼ਿਕਾਇਤਾਂ ਕਰਨ ਵਾਲੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ 15 ਲੱਖ ਰੁਪਏ ਫਿਰੌਤੀ ਨਾ ਦਿੱਤੀ ਤਾਂ ਫਿਰ ਉਹਨਾਂ ਨੁੰ ਜਾਨ ਤੋਂ ਮਾਰ ਦਿੱਤਾ ਜਾਵੇਗਾ।

ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਰਾਕੇਸ਼ ਗੁਪਤਾ ਨੇ ਇਹ ਖੁਲ੍ਹਾਸਾ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ 19 ਜੂਨ ਨੁੰ ਚਿੱਠੀ ਆਈ ਜਿਸ ਵਿਚ ਲਿਖਿਆ ਗਿਆ ਹੈ ਕਿ ਵਿਅਕਤੀ ਬਲਜਿੰਦਰ ਸਿੰਘ ਸਮਾਣਾ ਦਾ ਗੈਂਗਸਟਰ ਹੈ। ਉਸਨੂੰ ਰਾਕੇਸ਼ ਗੁਪਤਾ ਯਾਨੀ ਉਹਨਾਂ ਨੁੰ ਮਾਰਨ ਦੀ  10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਹੈ ਅਤੇ ਜੇਕਰ ਰਾਕੇਸ਼ ਗੁਪਤਾ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ ਤਾਂ ਫਰ 15 ਲੱਖ ਰੁਪਏ ਦੇ ਦੇਣ। ਚਿੱਠੀ ਲਿਖਣ ਵਾਲੇ ਨੇ ਪੁਲਿਸ ਵਿਚ ਜਾਣ ਵਿਰੁੱਧ ਵੀ ਚੇਤਾਵਨੀ ਦਿੱਤੀ।

ਉਹਨਾਂ ਦੱਸਿਆ ਕਿ ਉਹਨਾਂ ਨੇ ਐਸ ਐਸ ਪੀ ਪਟਿਆਲਾ ਨੁੰ ਮਿਲ ਕੇ ਚਿੱਠੀ ਸੌਂਪੀ ਤੇ ਸਾਰਾ ਮਾਮਲਾ ਦੱਸਿਆ ਤਾਂ ਉਹਨਾਂ ਨੇ ਡੀ ਐਸ ਪੀ ਡੀ ਦੀ ਡਿਊਟੀ ਇਸ ਮਾਮਲੇ ਵਿਚ ਲਗਾ ਦਿੱਤੀ। ਪੜਤਾਲ ਕਰਨ ’ ਤੇ ਸਾਹਮਣੇ ਆਇਆ ਕਿ ਚਿੱਠੀ ਗੁਰਬਖਸ਼ ਕਲੌਨੀ  ਦੇ ਡਾਕਖਾਨੇ ਤੋਂ ਪੋਸਟ ਕੀਤੀ ਗਈ ਹੈ। ਪੁਲਿਸ ਨੇ ਸਾਰੀ ਸੀ ਸੀ ਟੀ ਵੀ ਫੁਟੇਜ ਵੀ ਕੱਢਵਾਈ ਹੈ ਤੇ ਚਿੱਠੀ  ’ਤੇ ਜਿਸ ਘਰ ਦਾ ਪਤਾ ਯਾਨੀ 168 ਸੁੰਦਰ ਨਗਰ ਲਿਖਿਆ ਹੈ, ਉਹ ਘਰ ਕਈ ਸਾਲਾਂ ਤੋਂ ਬੰਦ ਪਿਆ ਹੈ।

ਉਹਨਾਂ ਕਿਹਾ ਕਿ ਬੇਸ਼ੱਕ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਹਨ ਪਰ ਉਹਨਾਂ ਦੀ ਮੰਗ ਹੈ ਕਿ ਦੋਸ਼ੀ ਨੁੰ ਫੜਿਆ ਜਾਵੇ ਅਤੇ ਉਸਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

ਸਵਾਲਾਂ ਦੇ ਜਵਾਬ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਉਹਨਾਂ ਦੀ ਤੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਨਜਾਇਜ਼ ਕਲੌਨੀਆਂ ਕੱਟਣ ਖਿਲਾਫ ਅਤੇ ਨਕਸ਼ੇ ਪਾਸ ਕਰਵਾਏ ਬਗੈਰ ਮਕਾਨ ਉਸਾਰਨ ਤੇ ਪਾਸ ਨਕਸ਼ਿਆਂ ਮੁਤਾਬਕ ਮਕਾਨ ਉਸਾਰੀ ਨਾ ਕਰਨ ਖਿਲਾਫ ਨਗਰ ਨਿਗਮ ਨੂੰ ਅਨੇਕਾਂ ਵਾਰ ਸ਼ਿਕਾਇਤਾਂ ਕੀਤੀਆਂ ਹਨ।

ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਨੁੰ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਮਿਲੀ ਧਮਕੀ
ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਨਜਾਇਜ਼ ਉਸਾਰੀਆਂ ਦੀਆਂ ਤਸਵੀਰਾਂ ਵਿਖਾਉਂਦੇ ਹੋਏ ਰਾਕੇਸ਼ ਗੁਪਤਾ ਤੇ ਹੋਰ।

ਉਹਨਾਂ ਕਿਹਾ ਕਿ ਬਜਾਏ ਇਹਨਾਂ ਡਿਫਾਲਟਰਾਂ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ, ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਿਚ ਤਾਇਨਾਤ ਸਟਾਫ ਦੋਸ਼ੀਆਂ ਦਾ ਸਾਥ ਦਿੰਦਾ ਹੈ ਤੇ ਉਹਨਾਂ ਦੀਆਂ ਸ਼ਿਕਾਇਤਾਂ ਦੀ ਕਾਪੀ ਦੋਸ਼ੀਆਂ ਨੂੰ ਪੜ੍ਹਵਾ ਦਿੰਦਾ ਹੈ ਜਿਸ ਨਾਲ ਦੋਸ਼ੀ ਉਹਨਾਂ ਨਾਲ ਖਾਰ ਖਾਣ ਲੱਗ ਜਾਂਦੇ ਹਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹਨਾਂ ਨੁੰ ਜਾਨ ਹੀ ਕਿਉਂ ਨਾ ਗੁਆਣੀ ਪਵੇ, ਉਹ ਵਪਾਰੀਆਂ ਤੇ ਲੋਕਾਂ ਦੀ ਭਲਾਈ ਦਾ ਕੰਮ ਬੰਦ ਨਹੀਂ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰੀ ਉਮਰ ਵਪਾਰੀਆਂ ਤੇ ਲੋਕਾਂ ਦੀ ਸੇਵਾ ਵਿਚ ਲਗਾਈ ਹੈ ਤੇ ਆਪਣੀ ਸੇਵਾ ਜਾਰੀ ਰੱਖਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਗੁਪਤਾ, ਨਰੇਂਦਰ ਸਹਿਗਲ, ਹਰਪਾਲ Çੰਘ, ਜਸਬੀਰ ਸਿੰਘ, ਸੋਹਣ ਲਾਲ, ਨਰਿੰਦਰ ਗੋਇਲ, ਬਲਬੀਰ ਸਿੰਗਲਾ, ਜਸਵਿੰਦਰ ਸਿੰਘ, ਸੰਜੀਵ ਜੈਨ, ਸਤਪਾਲ  ਮਿੱਤਰ ਤੇ ਭੁਪਿੰਦਰ ਸਿੰਘ ਆਦਿ ਵਪਾਰੀ ਆਗੂ ਵੀ ਮੌਜੂਦ ਸਨ।