ਪਟਿਆਲਾ ਹੈਰੀਟੇਜ ਫੈਸਟੀਵਲ-2020-ਵਿੰਟੇਜ਼ ਕਾਰ ਰੈਲੀ ਨੇ ਪਟਿਆਲਵੀਆਂ ਨੂੰ ਮੋਹਿਆ

283

ਪਟਿਆਲਾ ਹੈਰੀਟੇਜ ਫੈਸਟੀਵਲ-2020ਵਿੰਟੇਜ਼ ਕਾਰ ਰੈਲੀ ਨੇ ਪਟਿਆਲਵੀਆਂ ਨੂੰ ਮੋਹਿਆ

ਪਟਿਆਲਾ, 27 ਫਰਵਰੀ:
ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਉਤਸਵਾਂ ਦੀ ਲੜੀ ਵਜੋਂ ਵਿੰਟੇਜ਼ ਐਂਡ ਕਲਾਸਿਕ ਕਾਰ ਕਲੱਬ ਚੰਡੀਗੜ੍ਹ ਅਤੇ ਪੰਜਾਬ ਹੈਰੀਟੇਜ਼ ਮੋਨੀਟਰਿੰਗ ਕਲੱਬ ਲੁਧਿਆਣਾ ਸਮੇਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਵਿੰਟੇਜ਼ ਕਾਰ ਰੈਲੀ ‘ਚ ਸ਼ਾਮਲ ਪੁਰਾਣੀਆਂ ਤੇ ਵਿਰਾਸਤੀ ਕਾਰਾਂ ਨੇ ਪਟਿਆਲਵੀਆਂ ਨੂੰ ਮੋਹ ਲਿਆ। ਇਸ ਵਿੰਟੇਜ਼ ਕਾਰ ਰੈਲੀ ਵਿੱਚ ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਸਮੇਤ ਪੰਜਾਬ ਦੇ ਹੋਰਨਾਂ ਹਿੱਸਿਆਂ ਤੋਂ ਕਾਰਾਂ ਦੇ ਮਾਲਕ ਆਪਣੀਆਂ ਵਿੰਟੇਜ਼ ਤੇ ਪੁਰਾਣੇ ਸਮੇਂ ਦੀਆਂ ਕਾਰਾਂ ਲੈ ਕੇ ਪੁੱਜੇ ਹੋਏ ਸਨ।

ਚੰਡੀਗੜ੍ਹ ਤੋਂ ਸ਼ੁਰੂ ਹੋਕੇ ਪੰਜਾਬੀ ਯੂਨੀਵਰਸਿਟੀ ਪੁੱਜੀ ਇਸ ਕਾਰ ਰੈਲੀ ਦਾ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ  ਏ.ਪੀ.ਐਸ. ਵਿਰਕ, ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਐਸ.ਐਸ.ਪੀ.  ਮਨਦੀਪ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ  ਪੂਨਮਦੀਪ ਕੌਰ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਸਥਾਨਕ ਵਸਨੀਕਾਂ ਨੇ ਇਹ ਕਾਰਾਂ ਦੇਖਣ ‘ਚ ਚੋਖੀ ਦਿਲਚਸਪੀ ਦਿਖਾਈ।

ਪਟਿਆਲਾ ਹੈਰੀਟੇਜ ਫੈਸਟੀਵਲ-2020-ਵਿੰਟੇਜ਼ ਕਾਰ ਰੈਲੀ ਨੇ ਪਟਿਆਲਵੀਆਂ ਨੂੰ ਮੋਹਿਆ
ਇੱਥੋਂ ਅੱਗੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਕਰਨਲ ਆਰ.ਐਸ. ਬਰਾੜ, ਉਪਕੁਲਪਤੀ ਡਾ. ਬੀ.ਐਸ. ਘੁੰਮਣ, ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ  ਅਲਕਾ ਮੀਨਾ ਨੂੰ ਬਿਠਾ ਕੇ ਫੋਰਡ ਕੰਪਨੀ ਦੀ 1932 ਮਾਡਲ ਟੂਅਰਰ ਕਾਰ ਚਲਾਈ, ਜਦੋਂਕਿ ਐਸ.ਐਸ.ਪੀ.. ਮਨਦੀਪ ਸਿੰਘ ਸਿੱਧੂ ਨੇ ਵੌਕਸਹਾਲਟ 1938 ਮਾਡਲ ਕਾਰ ਨਵਾਬ ਨਸੀਮ ਖ਼ਾਨ ਹਾਜ਼ੀ ਨਾਲ ਚਲਾਈ ਅਤੇ ਰਾਜਾ ਮਾਲਵਿੰਦਰ ਸਿੰਘ ਦੀ ਜੀਪ ਫੋਰਡ ਵਿਲੀ ਚਲਾ ਕੇ ਕੈਪਟਨ ਅਮਰਜੀਤ ਸਿੰਘ ਜੇਜੀ ਨੇ ਇਨ੍ਹਾਂ ਕਾਰਾਂ ਦੇ ਕਾਫ਼ਲੇ ਦੀ ਅਗਵਾਈ ਕੀਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ  ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ਼ ਫੈਸਟੀਵਲ ਦੌਰਾਨ ਕਰਵਾਈ ਇਹ ਵਿੰਟੇਜ਼ ਕਾਰ ਰੈਲੀ ਸਰਹਿੰਦ ਬਾਈਪਾਸ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਜ਼ਿਲ੍ਹਾ ਪ੍ਰਬੰਧਕੀ ਕੰਪਲੈਸਕ, ਥਾਪਰ ਯੂੂਨੀਵਰਸਿਟੀ, ਭੁਪਿੰਦਰਾ ਰੋਡ, ਫੁਹਾਰਾ ਚੌਂਕ ਤੋਂ ਲੋਅਰ ਮਾਲ ਤੋਂ ਹੁੰਦਾ ਹੋਇਆ, ਫੂਲ ਥੀਏਟਰ ਵਿਖੇ ਪੁੱਜੀ, ਜਿੱਥੇ ਇਨ੍ਹਾਂ ਵਿਰਾਸਤੀ ਕਾਰਾਂ ਨਾਲ ਵੱਡੀ ਗਿਣਤੀ ਪਟਿਆਲਵੀਆਂ ਨੇ ਆਪਣੀਆਂ ਫੋਟੋਆਂ ਖਿਚਵਾਈਆਂ ਅਤੇ ਇਨ੍ਹਾਂ ਕਾਰਾਂ ਦੇ ਮਾਲਕਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।

ਚੰਡੀਗੜ੍ਹ ਤੋਂ ਪੁੱਜੇ ਬ੍ਰਿਗੇਡੀਅਰ (ਸੇਵਾ ਮੁਕਤ) ਜੇ.ਐਸ. ਫੂਲਕਾ, ਜੋ ਕਿ 1953 ਮਾਡਲ ਐਚ.ਐਮ.-14 ਦੀ ਸੇਡਾਨ ਕਾਰ ਲੈ ਕੇ ਪੁੱਜੇ ਸਨ, ਨੇ ਕਿਹਾ ਕਿ ਇਨ੍ਹਾਂ ਕਾਰਾਂ ਨੂੰ ਸੰਭਾਲ ਕੇ ਰੱਖਣਾ ਅਤੇ ਅਗਲੀ ਪੀੜ੍ਹੀ ਨੂੰ ਇਨ੍ਹਾਂ ਬਾਰੇ ਜਾਣੂ ਕਰਵਾਉਣਾ ਉਨ੍ਹਾਂ ਦਾ ਸ਼ੌਂਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਰਾਣੀਆਂ ਕਾਰਾਂ ਵਿੱਚ ਨਾ ਹੀ ਏ.ਸੀ. ਹੁੰਦਾ ਹੈ ਤੇ ਨਾ ਹੀ ਇਹ ਪਾਵਰ ਸਟੇਅਰਿੰਗ ਵਾਲੀਆਂ ਗੱਡੀਆਂ ਹਨ, ਇਨ੍ਹਾਂ ਨੂੰ ਚਲਾਉਣਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਕੇ ਰੱਖਣਾਂ ਆਪਣੇ ਆਪ ‘ਚ ਇੱਕ ਵੱਡਾ ਕੰਮ ਹੈ, ਪਰ ਉਹ ਇਸਨੂੰ ਬਾਖੂਬੀ ਕਰਦੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਤੋਂ 1969 ਮਾਡਲ ਫਇਏਟ 500 ਐਲ ਲੈਕੇ ਆਏ ਅਮਰਜੀਤ ਸਿੰਘ ਸੋਢੀ ਤੇ ਭੁਪਿੰਦਰਜੀਤ ਕੌਰ ਨੇ ਕਿਹਾ ਕਿ ਇਸ ਕਾਰ ਨਾਲ ਉਨ੍ਹਾਂ ਦੀਆਂ ਜਵਾਨੀ ਸਮੇਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।


ਇਸ ਵਿੰਟੇਜ਼ ਕਾਰ ਰੈਲੀ ‘ਚ 1953 ਮਾਡਲ ਐਚ.ਐਮ.-14 ਸੇਡਾਨ, 1938 ਮਾਡਲ ਅਸਟਿਨ 8, 1962 ਮਾਡਲ ਮਰਸੀਡੀਜ 190 ਸੀ, ਵੌਕਸਹਾਲਟ 1938 ਮਾਡਲ, ਹਿਲਮੈਨ ਦੀ ਮਿਨੈਕਸ ਮਾਡਲ 1952, ਮੌਰਿਸ-8 ਮਾਡਲ 1952, ਪਲਾਈਮਾਊਥ ਦੀ ਵੂਡੀ ਮਾਡਲ 1952, ਸ਼ੈਵਰਲੇ ਦੇ ਫਲੀਟ ਮਾਸਟਰ ਮਾਡਲ 1948, ਫਇਏਟ ਪਦਮਨੀ 1973, ਵੋਕਸ ਵੈਗਨ ਬੀਟਲ 1958, ਡੌਜ ਦੀ ਸੀਡਾਨ 1936, ਮਰਸੀਡੀਜ਼ ਬੈਂਜ 1968, 1980, 1975, ਕਨਟੈਸਾ 1985, ਫਇਏਟ 1100-1961, ਯੈਜ 1953, ਵੌਕਸਹਾਲਟ 1946, 1953 ਮਾਡਲ ਦੀ ਸਟੈਂਡਰਡ ਕਾਰ, ਨਿਸ਼ਾਨ ਸ਼ਕਤੀਮਾਨ 1970, ਸਟੈਂਡਰਡ ਗਜ਼ਾਲੇ 1967, ਮੌਰਿਸ ਕਨਵਰਟੇਬਲ 1958, ਫੋਰਟ ਪਰਫੈਕਟ 1946, ਵਿਲੀ ਜੀਪ 1958, ਸਨਬੀਮ ਟੇਲਬੋਟ 1939 ਆਦਿ ਕਾਰਾਂ ਸਮੇਤ ਪੁਰਾਣੇ ਜਾਵਾ ਮੋਟਰਸਾਇਕਲ, ਰਾਜਦੂਤ, ਵੈਸਪਾ ਸਮੇਤ ਹੋਰ ਪੁਰਾਣੀਆਂ ਗੱਡੀਆਂ ਨੇ ਦਰਸ਼ਕਾਂ ਦਾ ਮਨ ਮੋਹਿਆ।

ਉਪਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੌਰਾਨ ਅਜਿਹਾ ਉਪਰਾਲਾ ਕਰਨਾ ਸ਼ਲਾਘਾਯੋਗ ਹੈ ਜਿਸ ਨਾਲ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ।


ਇਸ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਚੀਫ਼ ਡਵੀਜਨਲ ਮੈਨੇਜਰ  ਮੋਹਿਤ ਗੋਇਲ, ਫੂਲ ਸਿਨੇਮਾ ਦੇ ਮਾਲਕ  ਰਾਜੀਵ ਗੁਪਤਾ,  ਰਾਘਵ ਗੁਪਤਾ, ਸ. ਗੁਰਭਜਨ ਸਿੰਘ ਗਿੱਲ, ਕਰਨਲ (ਰਿਟਾ.) ਪੈਰੀ ਗਰੇਵਾਲ, ਸੰਯੁਕਤ ਕਮਿਸ਼ਨਰ  ਅਵਿਕੇਸ਼ ਕੁਮਾਰ,  ਲਾਲ ਵਿਸ਼ਵਾਸ਼, ਡਾ. ਜੀ.ਐਸ. ਬੱਤਰਾ, ਡਾ. ਪ੍ਰਭਲੀਨ ਸਿੰਘ, ਡਾ. ਦਮਨਜੀਤ ਸੰਧੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ, ਐਕਸੀਐਨ  ਦਲੀਪ ਕੁਮਾਰ ਸਮੇਤ ਵੱਡੀ ਗਿਣਤੀ ਵਿਦਿਆਰਥੀ ਤੇ ਅਧਿਆਪਕ ਤੇ ਪਟਿਆਲਵੀ ਪੁੱਜੇ ਹੋਏ ਸਨ।